ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ
- ਸੈਫ ਸਕੂਲ ਵਾਹਨ ਸਕੀਮ ਤਹਿਤ ਕੀਤੀ ਜਾਵੇ ਪਾਲਣਾ : ਏ.ਆਰ.ਟੀ.ਓ. ਜਸਵਿੰਦਰ ਸਿੰਘ
ਮਨਜੀਤ ਸਿੰਘ ਢੱਲਾ
ਜੈਤੋ,12 ਜੁਲਾਈ 2024 - ਆਰਟੀਏ ਦਫ਼ਤਰ ਫ਼ਰੀਦਕੋਟ ਅਤੇ ਟ੍ਰੈਫ਼ਿਕ ਅਧਿਕਾਰੀਆਂ ਵੱਲੋਂ ਅੱਜ ਵੱਖ ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੌਰਾਨ ‘ਸੇਫ਼ ਸਕੂਲ ਵਾਹਨ ਪਾਲਿਸੀ’ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਕੁਝ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਤੇ ਕੁਝ ਸਕੂਲ ਵੈਨ ਚਾਲਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ। ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ (ਏ ਆਰ ਟੀ ਓ) ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਕੂਲ ਦੇ ਵਾਹਨ ਚਾਲਕਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਬਾਰੇ ਜਾਣਕਾਰੀ ਵੀ ਦਿੱਤੀ ਗਈ।
ਉਨ੍ਹਾਂ ਸਕੂਲ ਅਮਲੇ ਅਤੇ ਬੱਸ ਡਰਾਈਵਰਾਂ ਨੂੰ ਦੱਸਿਆ ਕਿ ਪਾਲਿਸੀ ਮੁਤਾਬਕ ਸਕੂਲ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਬੱਸ ਦੇ ਅੱਗੇ ‘ਸਕੂਲ ਬੱਸ’ ਲਿਖ਼ਿਆ ਹੋਵੇ। ਡਰਾਈਵਰ ਦੇ ਵਰਦੀ ਪਾਈ ਹੋਵੇ ਅਤੇ ਉਸ ਕੋਲ ਹੈਵੀ ਲਾਇਸੈਂਸ ਹੋਵੇ। ਬੱਸ ਵਿੱਚ ਫ਼ਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਸੀਸੀਟੀਵੀ ਕੈਮਰੇ ਲੱਗੇ ਹੋਣੇ ਅਤਿ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਸ ਵਿੱਚ ਲੜਕੀਆਂ ਸਫ਼ਰ ਕਰਦੀਆਂ ਹਨ ਤਾਂ ਬੱਸ ਵਿੱਚ ਲੇਡੀ ਅਟੈਂਡੈਂਟ ਹੋਣੀ ਚਾਹੀਦੀ ਹੈ ਅਤੇ ਸੈਫ ਸਕੂਲ ਵਾਹਨ ਸਕੀਮ ਦੀ ਕੀਤੀ ਜਾਵੇ ਪਾਲਣਾ ਤੇ ਸਪੀਡ ਗਵਰਨਰ ਅਤੇ ਸਟਾਪ ਸਾਈਨ ਲੱਗੇ ਹੋਣੇ ਚਾਹੀਦੇ ਹਨ। ਇਸ ਮੁਹਿੰਮ ਦੌਰਾਨ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਤੋਂ ਪੁਲਿਸ ਕਰਮਚਾਰੀ ਮੌਜੂਦ ਸਨ।