ਗੁਰੂ ਨਾਨਕ ਦੇਵ ਪਬਲਿਕ ਸਕੂਲ 'ਚ ਮਿਸ਼ਨ ਹਰਿਆਵਲ ਤਹਿਤ ਲਾਏ ਬੂਟੇ
- ਬੂਟੇ ਲਗਾਉਣਾ ਸਮੇਂ ਦੇ ਮੁੱਖ ਲੋੜ- ਅਮਰਜੀਤ ਸਿੰਘ
ਮਲਕੀਤ ਸਿੰਘ ਮਲਕਪੁਰ
ਲਾਲੜੂ 12 ਜੁਲਾਈ 2024: ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਵਿਖੇ ਸਕੂਲ ਕੈਂਪਸ ਵਿੱਚ ਮਿਸ਼ਨ ਹਰਿਆਵਲ ਤਹਿਤ ਬੂਟੇ ਲਗਾਏ ਗਏ। ਸਕੂਲ ਦੇ ਐਮਡੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 50 ਦੇ ਕਰੀਬ ਬੂਟੇ ਲੱਗੇ ਹੋਏ ਹਨ, ਜਿਨ੍ਹਾਂ ਵਿੱਚੋਂ ਕਈ ਦਰੱਖਤ ਬਣ ਗਏ ਹਨ, ਜੋ ਵਿਦਿਆਰਥੀਆਂ ਨੂੰ ਆਕਸੀਜਨ ਦੇ ਨਾਲ-ਨਾਲ ਛਾਂ ਵੀ ਦੇ ਰਹੇ ਹਨ। ਬੂਟੇ ਲਗਾਉਣਾ ਸਮੇਂ ਦੇ ਮੁੱਖ ਲੋੜ ਹੈ।
ਉਨ੍ਹਾਂ ਬੂਟੇ ਲਗਾਉਣ ਉਪਰੰਤ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਹਰ ਵਿਦਿਆਰਥੀ ਆਪਣੇ ਘਰ ਜਾਂ ਖਾਲੀ ਥਾਂ ਵਿੱਚ ਘੱਟੋ-ਘੱਟ ਇੱਕ ਬੂਟਾ ਜ਼ਰੂਰ ਲਗਾਵੇ ਅਤੇ ਪੂਰਾ ਸਾਲ ਉਸ ਦੀ ਦੇਖਭਾਲ ਕਰੇ ਤਾਂ ਜੋ ਉਹ ਵੱਡਾ ਹੋ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕੇ ਅਤੇ ਗਰਮੀਆਂ ਵਿੱਚ ਛਾਂ ਦੇ ਸਕੇ। ਅਮਰਜੀਤ ਸਿੰਘ ਨੇ ਦੱਸਿਆ ਕਿ ਧਰਤੀ ਦੀ ਦਿਨੋ-ਦਿਨ ਵੱਧ ਰਹੀ ਤਪਸ਼ ਨੂੰ ਘੱਟ ਕਰਨ ਦਾ ਇੱਕੋ-ਇੱਕ ਤਰੀਕਾ ਹੈ ਕਿ ਸਾਡੇ ਚੌਗਿਰਦੇ ਵਿੱਚ ਵੱਧ ਤੋਂ ਵੱਧ ਬੂਟੇ ਹੋਣ।
ਉਨ੍ਹਾਂ ਕਿਹਾ ਕਿ ਵੱਧ ਰਹੀ ਤਪਸ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜੀ ਨੂੰ ਮਾਰ ਪਾਵੇਗੀ, ਜਿਸ ਨੂੰ ਬਚਾਉਣ ਹੈ ਤਾਂ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਵਿੱਚ ਹੰਭਲਾ ਮਾਰਨਾ ਹੋਵੇਗਾ ਤਾਂ ਜੋ ਉਹ ਦਰੱਖਤ ਬਣ ਕੇ ਸਾਡੇ ਵਾਤਾਵਰਨ ਨੂੰ ਜਿੱਥੇ ਸ਼ੁੱਧ ਰੱਖ ਸਕਣ ਉੱਥੇ ਹੀ ਵੱਧ ਰਹੀ ਤਪਸ ਨੂੰ ਘਟਾ ਸਕਣ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਇਸ ਸਾਲ ਇੱਕ ਬੂਟਾ ਲਗਾ ਕੇ ਉਸ ਦਾ ਪਾਲਣ ਪੋਸ਼ਣ ਕਰਨਗੇ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।