ਸਿਹਤ ਮੰਤਰੀ ਨਾਲ 3 ਜੁਲਾਈ ਦੀ ਮੀਟਿੰਗ ਬੇਸਿੱਟਾ ਰਹੀ ਤਾਂ 5 ਤਰੀਕ ਨੂੰ ਜਲੰਧਰ ਵਿਖੇ ਕੀਤੀ ਜਾਵੇਗੀ ਰੋਸ ਰੈਲੀ- ਫਾਰਮੇਸੀ ਅਫਸਰਜ਼ ਐਸੋਸੀਏਸ਼ਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਜੂਨ 2024- 18 ਸਾਲ ਤੋਂ ਕੰਮ ਕਰ ਰਹੇ ਠੇਕਾ ਅਧਾਰਿਤ ਫਾਰਮੇਸੀ ਅਫਸਰਾਂ ਦੀ ਸਿਹਤ ਮੰਤਰੀ ਬਲਵੀਰ ਸਿੰਘ ਨਾਲ 3 ਜੁਲਾਈ ਦੀ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਬੇਸਿੱਟਾ ਰਹੀ ਤਾਂ 5 ਤਰੀਕ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ, ਅਤੇ ਜਲੰਧਰ ਪੱਛਮੀ ਦੇ ਲੋਕਾਂ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਸ਼ੁਭਮ ਸ਼ਰਮ ਬਠਿੰਡਾ ਨੇ ਪ੍ਰੈਸ ਵਾਰਤਾ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸਾਡੇ ਫਾਰਮੇਸੀ ਅਫਸਰ ਪਿਛਲੇ 18 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲ ਤੋਂ 618 ਡਿਸਪੈਂਸਰੀਆਂ ਸਿਹਤ ਵਿਭਾਗ ਅਧੀਨ ਸ਼ਿਫਟ ਹੋ ਗਈਆਂ ਹਨ ਜਿਸ ਵਿੱਚ ਸਾਡੇ ਮੁਲਾਜ਼ਮ ਸਿਰਫ ਨਾਮਾਤਰ ਤਨਖਾਹ ਤੇ ਕੰਮ ਕਰ ਰਹੇ ਹਨ।
ਸਾਡੇ ਮੁਲਾਜ਼ਮ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਵਿਭਾਗ ਦੇ ਸਾਰੇ ਕੰਮ ਕਰ ਰਹੇ ਹਨ ਪਰ ਆਰਥਿਕ ਅਤੇ ਮਾਨਸਿਕ ਰੂਪ ਵਿੱਚ ਵਿਭਾਗ ਅਤੇ ਸਰਕਾਰ ਵੱਲੋਂ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਮੁਲਾਜ਼ਮ ਬਿਨਾਂ ਸੋਸ਼ਲ /ਮੈਡੀਕਲ ਸਿਕਉਰਟੀ ਤੋਂ ਕੰਮ ਕਰ ਰਹੇ ਹਨ। ਪਿਛਲੀਆਂ ਸਰਕਾਰਾਂ ਵਲੋਂ ਵਾਅਦਾ ਖਿਲਾਫ਼ੀ ਕਰਨ ਕਰਕੇ ਸਾਡੇ ਕਰਮਚਾਰੀਆਂ ਨੂੰ ਨਵੀਂ ਬਣੀ ਸਰਕਾਰ ਤੋਂ ਬਹੁਤ ਆਸਾਂ ਸੀ , ਇਸ ਤਹਿਤ ਸਰਕਾਰ ਨਾਲ ਮੁੱਖ ਮੰਤਰੀ ਪੱਧਰ ਤੱਕ ਮੀਟਿੰਗਾਂ ਵੀ ਹੋਈਆਂ ਪਰ ਨਤੀਜਾ ਸਿਫ਼ਰ ਹੈ। ਜਿਸ ਨਾਲ ਮੁਲਾਜ਼ਮਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ 3 ਜੁਲਾਈ ਨੂੰ ਸਿਹਤ ਮੰਤਰੀ ਨਾਲ ਮੀਟਿੰਗ ਵਿੱਚ ਕੋਈ ਹਾਂ-ਪੱਖੀ ਫੈਸਲਾ ਨਾ ਲਿਆ ਤਾਂ ਜਥੇਬੰਦੀ ਵਲੋਂ 5 ਜੁਲਾਈ ਨੂੰ ਜਲੰਧਰ ਪੱਛਮੀ ਹਲਕੇ ਦੀ ਜ਼ਿਮਣੀ ਚੋਣ ਵਿੱਚ ਸਰਕਾਰ ਖਿਲਾਫ ਸ਼ੀਸ਼ਾ ਦਿਖਾਓ ਪ੍ਰੋਗਰਾਮ ਕੀਤੇ ਜਾਣਗੇ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਲੋਕਾਂ ਸਾਹਮਣੇ ਨਸ਼ਰ ਕੀਤੀਆਂ ਜਾਣਗੀਆਂ ਅਤੇ ਸਰਕਾਰ ਦਾ ਮੁਲਾਜ਼ਮ ਪੱਖੀ ਹੋਣ ਦਾ ਚਿਹਰਾ ਬੇਨਕਾਬ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵੀ ਦੱਸਿਆ ਜਾਵੇਗਾ ਕਿ ਜੇਕਰ ਸਰਕਾਰ ਕਰਮਚਾਰੀਆਂ ਦਾ ਸ਼ੋਸ਼ਣ ਜਾਰੀ ਰੱਖੇਗੀ ਤਾਂ ਇਸਦਾ ਸਿੱਧਾ ਅਸਰ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੇ ਪਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਸਰਕਾਰ ਦਾ ਹਰ ਫਰੰਟ ਤੇ ਵਿਰੋਧ ਕੀਤਾ ਜਾਵੇਗਾ।
ਜ਼ਿਲਾ ਪ੍ਰਧਾਨ ਰਵੀਸ਼ ਕੁਮਾਰ ਅਤੇ ਪ੍ਰੈਸ ਸਕੱਤਰ ਰਾਹੁਲ ਚੋਪੜਾ ਨੇ ਕਿਹਾ 5 ਜੁਲਾਈ ਨੂੰ ਹੋਣ ਵਾਲੀ ਰੋਸ ਰੈਲੀ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ ਕੱਚੇ ਫਾਰਮੇਸੀ ਅਫਸਰਸ ਸ਼ਮੂਲਿਅਤ ਕਰਨਗੇ। ਇਸ ਮੌਕੇ ਸੂਬਾ ਜਨਰਲ ਸਕੱਤਰ ਦੀਪ ਕੰਬੋਜ ਫ਼ਾਜ਼ਿਲਕਾ, ਸੀਨਿਅਰ ਮੀਤ ਪ੍ਰਧਾਨ ਸੁਖਵੀਰ ਮੋਗਾ, ਸੀਨਿਅਰ ਆਗੂ ਹਰਵਿੰਦਰ ਪਾਲ ਸਿੰਘ ਗੁਰਦਾਸਪੁਰ, ਗੁਰਜੀਤ ਸਿੰਘ ਗੁਰਦਾਸਪੁਰ, ਸੁਖਦੇਵ ਸਿੰਘ ਕਪੂਰਥਲਾ, ਹਰਪਾਲ ਸ਼ਰਮਾ ਮਾਨਸਾ, ਵਰਿੰਦਰ ਭਾਟੀਆ ਤਰਨਤਾਰਨ,ਬਲਜੀਤ ਕੌਰ ਮੋਗਾ, ਰਾਜ ਰਾਣੀ ਬਠਿੰਡਾ ਆਦਿ ਹਾਜਰ ਸਨ।