ਮਲੇਰਕੋਟਲਾ ਵਿਖੇ ਵਿਸ਼ਵ ਖੂਨਦਾਨ ਦਿਵਸ ਮੌਕੇ ਖੂਨਦਾਨ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲਾ ਵਿਗਿਆਨਕ ਅਤੇ ਵੈਲਫ਼ੇਅਰ ਕਲੱਬ ਅਮਰਗੜ੍ਹ ਸਨਮਾਨਿਤ
- ਖੂਨਦਾਨੀ ਹੀ ਸਾਡੇ ਸਮਾਜ ਦੇ ਅਸਲੀ ਹੀਰੋ ਜੋ ਦੂਸਰੇ ਵਿਅਕਤੀ ਨੂੰ ਆਪਣਾਂ ਖੂਨ ਦਾਨ ਦੇ ਕੇ ਜੀਵਨ ਦਾਨ ਦਿੰਦਾ ਹੈ--ਡਾ.ਜਗਜੀਤ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 29 ਜੂਨ 2024, ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਬਲੱਡ ਬੈਂਕ ਇੰਚਾਰਜ ਡਾ.ਹਰਪ੍ਰੀਤ ਦੀ ਅਗਵਾਈ ਵਿੱਚ ਵਿਸ਼ਵ ਖੂਨਦਾਨ ਦਿਵਸ ਮਨਾਇਆ ਗਿਆ, ਜਿਸ ਵਿੱਚ '' ਜਿਉਂਦੇ ਜੀਅ ਖੂਨਦਾਨ ਮਰਨ ਉਪਰੰਤ ਅੱਖਾਂ ਦਾਨ '' ਦੇ ਬੈਨਰ ਹੇਠ ਪਿਛਲੇ 16 ਸਾਲਾਂ ਤੋਂ ਵੱਧ ਚੜ੍ਹ ਕੇ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਵਿਗਿਆਨਕ ਅਤੇ ਵੈਲਫ਼ੇਅਰ ਕਲੱਬ ਰਜਿ ਅਮਰਗੜ੍ਹ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾ.ਜਗਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਮਲੇਰਕੋਟਲਾ ਨੇ ਕਿਹਾ ਕਿ ਹੁਣ ਤੱਕ ਖ਼ੂਨ ਦਾ ਕੋਈ ਬਦਲ ਤਿਆਰ ਨਹੀਂ ਹੋ ਸਕਿਆ ਲੋੜ ਪੈਣ ਤੇ ਇੱਕ ਵਿਅਕਤੀ ਹੀ ਦੂਸਰੇ ਵਿਅਕਤੀ ਨੂੰ ਆਪਣਾਂ ਖੂਨ ਦਾਨ ਦੇ ਕੇ ਜੀਵਨ ਦਾਨ ਦਿੰਦਾ ਹੈ,ਇਸ ਲਈ ਖੂਨਦਾਨੀ ਹੀ ਸਾਡੇ ਸਮਾਜ ਦੇ ਅਸਲੀ ਹੀਰੋ ਹਨ। ਸਨਮਾਨ ਪ੍ਰਾਪਤ ਕਰਨ ਉਪਰੰਤ ਕਲੱਬ ਪ੍ਰਧਾਨ ਡਾ.ਪਵਿੱਤਰ ਸਿੰਘ, ਖ਼ਜ਼ਾਨਚੀ ਮਨਜੀਤ ਸਿੰਘ, ਪ੍ਰੈਸ ਸਕੱਤਰ ਰਣਵੀਰ ਸਿੰਘ ਰਾਣਾ ਅਤੇ ਸਹਿ. ਜਨਰਲ ਸਕੱਤਰ ਹਰਪ੍ਰੀਤ ਸਿੰਘ ਵੱਲੋਂ ਬਲੱਡ ਬੈਂਕ ਦੇ ਸਮੁੱਚੇ ਸਟਾਫ਼ ਅਤੇ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹੇ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵੀ ਸਨਮਾਨ ਚਿੰਨ੍ਹ ਅਤੇ ਸਜਾਵਟੀ ਬੂਟਿਆਂ ਨਾਲ ਸਨਮਾਨ ਕੀਤਾ ਗਿਆ।