ਐਲਆਈਏ ਨੇ ਈਐਸਆਈ ਦਫਤਰ ਤਬਦੀਲ ਹੋਣ ਤੋਂ ਰੁਕਵਾਉਣ ਲਈ ਤੀਜਾ ਯਾਦ ਪੱਤਰ ਭੇਜਿਆ
- ਮੁਲਾਜ਼ਮਾਂ-ਮਜ਼ਦੂਰਾਂ ਤੇ ਕੰਪਨੀ ਪ੍ਰਬੰਧਕਾਂ 'ਚ ਵੱਧ ਰਹੀ ਹੈ ਡਰ ਦੀ ਭਾਵਨਾ
ਮਲਕੀਤ ਸਿੰਘ ਮਲਕਪੁਰ
ਲਾਲੜੂ 29 ਜੂਨ 2024: ਪਿਛਲੇ ਲੰਮੇ ਸਮੇਂ ਤੋਂ ਲਾਲੜੂ ਵਿੱਚ ਚਲ ਰਹੇ ਇੰਪਲਾਈਜ਼ ਸਰਵਿਸ ਇੰਸੋਰੈਂਸ ਕਾਰਪੋਰੇਸ਼ਨ (ਈਐਸਆਈਸੀ)ਦੇ ਦਫਤਰ ਨੂੰ ਇੱਥੋਂ ਡੇਰਾਬੱਸੀ ਤਬਦੀਲ ਕਰਨ ਦੀ ਪ੍ਰੀਕਿਰਿਆ ਨੂੰ ਰੁਕਵਾਉਣ ਹਿੱਤ ਲਾਲੜੂ ਇੰਡਸਟਰੀਜ਼ ਐਸੋਸੀਏਸ਼ਨ (ਐਲਆਈਏ) ਨੇ ਸਬੰਧਤ ਵਿਭਾਗ ਨੂੰ ਤੀਜਾ ਯਾਦ ਪੱਤਰ ਭੇਜਿਆ ਹੈ । ਕੇਂਦਰੀ ਕਿਰਤ ਵਿਭਾਗ ਨੂੰ ਭੇਜੇ ਯਾਦ ਪੱਤਰ ਤੇ ਮਸਲੇ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਸਿੰਘ ਰਾਣਾ ਨੇ ਦੱਸਿਆ ਕਿ ਲਾਲੜੂ ਵਿੱਚ ਛੋਟੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਈਐਸਆਈ ਦਾ ਲਾਭ ਦੇਣ ਲਈ ਸਥਾਨਕ ਸੈਣੀ ਮਾਰਕੀਟ ਵਿੱਚ ਈਐਸਆਈਸੀ ਨੇ ਇੱਕ ਦਫਤਰ ਖੋਲ੍ਹਿਆ ਹੋਇਆ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਸ ਦਫਤਰ ਨੂੰ ਇੱਥੋਂ ਇਸ ਆਧਾਰ ਉਤੇ ਤਬਦੀਲ ਕਰਵਾਇਆ ਜਾ ਰਿਹਾ ਹੈ ਕਿ ਇੱਥੇ ਦਫਤਰ ਲਈ ਵਿਭਾਗ ਦੀ ਆਪਣੀ ਥਾਂ ਨਹੀਂ ਹੈ ।
ਰਾਣਾ ਨੇ ਦੱਸਿਆ ਕਿ ਇਸ ਦਫਤਰ ਤੋਂ ਲਾਲੜੂ ਖੇਤਰ ਦੀ ਇੰਡਸਟਰੀ ਦੇ ਕਰੀਬ 60 ਹਜ਼ਾਰ ਲਾਭਪਾਤਰੀ ਲਾਭ ਲੈਂਦੇ ਹਨ ਤੇ ਪਿਛਲੇ ਸਮੇਂ ਦੌਰਾਨ ਉਹ ਖੁਦ ਐਲਆਈਏ ਦੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਇਸ ਬਾਬਤ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ ਪਰ ਇਸ ਸਬੰਧੀ ਉਨ੍ਹਾਂ ਨੂੰ ਵਿਭਾਗ ਤੋਂ ਹੁਣ ਤੱਕ ਕੋਈ ਠੋਸ ਭਰੋਸਾ ਨਹੀਂ ਮਿਲਿਆ ਹੈ । ਉਨ੍ਹਾਂ ਕਿਹਾ ਕਿ ਐਲਆਈਏ ਨੇ ਲਾਲੜੂ ਵਿੱਚ ਹੀ ਦਫਤਰ ਨੂੰ ਥਾਂ ਦੇਣ ਲਈ ਨਗਰ ਕੌਂਸਲ ਨਾਲ ਗੱਲਬਾਤ ਵੀ ਕੀਤੀ ਹੋਈ ਹੈ ਤਾਂ ਜੋ ਲੋੜਵੰਦ ਲਾਭਪਾਤਰੀਆਂ ਨੂੰ ਛੋਟੇ-ਮੋਟੇ ਕੰਮਾਂ ਲਈ ਡੇਰਾਬੱਸੀ ਨਾ ਜਾਣਾ ਪਵੇ ਤੇ ਇਸ ਕਾਰਨ ਉਨ੍ਹਾਂ ਦੀ ਪੂਰੀ ਦਿਹਾੜੀ ਨਾ ਟੁੱਟੇ ।
ਰਾਣਾ ਮੁਤਾਬਕ ਇਸ ਮਾਮਲੇ ਵਿੱਚ ਵਿਭਾਗ ਵੱਲੋਂ ਕੋਈ ਹਾਂ ਪੱਖੀ ਜਵਾਬ ਨਾ ਮਿਲਣ ਕਾਰਨ ਲਾਲੜੂ ਇੰਡਸਟਰੀ ਐਸੋਸੀਏਸ਼ਨ,ਕੰਪਨੀ ਪ੍ਰਬੰਧਕਾਂ ਤੇ ਛੋਟੇ ਮੁਲਾਜ਼ਮ-ਮਜ਼ਦੂਰ ਵਰਗ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਇਸ ਲਈ ਇੱਕ ਵਾਰ ਫਿਰ ਐਲਆਈਏ ਨੇ ਇਹ ਮਸਲਾ ਸਬੰਧਤ ਮੰਤਰਾਲੇ ਨੂੰ ਭੇਜ ਕੇ ਇਸ ਦਫਤਰ ਨੂੰ ਇੱਥੋਂ ਤਬਦੀਲ ਨਾ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕੰਪਨੀਆਂ ਦੇ ਪ੍ਰਬੰਧਕਾਂ ਤੇ ਮੁਲਾਜ਼ਮਾਂ -ਮਜ਼ਦੂਰਾਂ ਦਰਮਿਆਨ ਪਾਈ ਜਾ ਰਹੀ ਡਰ ਦੀ ਭਾਵਨਾ ਦੂਰ ਹੋ ਸਕੇ ।