ਮੇਰਾ ਸੁਪਨਾ ਸੀ ਪੰਜਾਬੀ ਬੋਲੀ ਬਾਰੇ ਗੰਭੀ ਵਿਚਾਰ ਚਰਚਾ ਤੋਰਨਾ- ਡਾ. ਦਲਬੀਰ ਸਿੰਘ ਕਥੂਰੀਆ
ਚੇਅਰਮੈਨ
ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ)
ਮੇਰਾ ਸੁਪਨਾ ਸੀ ਕਿ ਪੰਜਾਬੀ ਮਾਂ-ਬੋਲੀ ਦੀ ਸੇਵਾ ਤੇ ਸਦੀਵੀ ਸਲਾਮਤੀ ਲਈ ਕੋਈ ਅਜਿਹਾ ਕੰਮ ਕਰਾਂ, ਜੋ ਸਾਰਥਕ ਹੋਣ ਦੇ ਨਾਲ ਨਾਲ ਸਦੀਵੀ ਮੁੱਲ ਵਾਲਾ ਵੀ ਹੋਵੇ। ਇਸੇ ਮਨੋਰਥ ਲਈ 'ਵਿਸ਼ਵ ਪੰਜਾਬੀ ਸਭਾ' ਦੀ ਸਥਾਪਨਾ ਕੀਤੀ ਗਈ ਸੀ । ਕੁਝ ਸਮਾਂ ਪਹਿਲਾਂ ਜਦ ਅਸਾਂ ਸਭ ਨੇ ਰਲ ਕੇ 'ਵਿਸ਼ਵ ਪੰਜਾਬੀ ਕਾਨਫਰੰਸ' ਕਰਵਾਉਣ ਦਾ ਫ਼ੈਸਲਾ ਲਿਆ ਤਾਂ ਮੈਨੂੰ ਸਭਾ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲੁਧਿਆਣੇ ਮਿਲਣੀ ਦੌਰਾਨ ਕਿਹਾ ਕਿ ਹਰ ਕਾਨਫਰੰਸ 'ਏਜੰਡਾ' ਆਧਾਰਿਤ ਹੋਵੇ ਤਾਂ ਇਸ ਦਾ ਅਸਰ ਵਧੇਰੇ ਪਵੇਗਾ। 2024 ਵਾਲੀ ਕਾਨਫਰੰਸ ਦੀ ਰੂਪ ਰੇਖਾ ਉਲੀਕਦਿਆਂ ਉਨ੍ਹਾਂ ਸੁਝਾਅ ਦਿੱਤਾ ਕਿ ਅੱਜਕੱਲ੍ਹ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਸ਼ਿਕਾਗੋ (ਅਮਰੀਕਾ) ਵਿਚ ਹਨ। ਤੁਸੀਂ ਬੇਨਤੀ ਕਰੋ ਤਾਂ ਉਹ ਕਾਨਫਰੰਸ ਵਿੱਚ ਟੋਰੰਟੋ ਪੁੱਜ ਸਕਦੇ ਹਨ।
ਸਾਡਾ ਸੁਭਾਗ ਕਿ ਉਹ ਕਾਨਫਰੰਸ ਵਿਚ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਤੇ ਬਹੁਤ ਹੀ ਠੋਸ ਤੇ ਮੁੱਲਵਾਨ ਸੁਝਾਅ ਦੇਣ ਦੇ ਨਾਲ-ਨਾਲ ਕਾਨਫਰੰਸ ਨੂੰ ਕਿਣਕਾ ਮਾਤਰ ਵੀ 'ਏਜੰਡਾ’ ਤੋਂ ਲਾਂਭੇ ਨਾ ਜਾਣ ਦਿੱਤਾ। ਉਹ ਸਾਡੇ ਲਈ ਚਾਨਣ-ਮੁਨਾਰਾ ਬਣ ਕੇ ਬਹੁੜੇ। ਕਾਨਫਰੰਸ ਵਿੱਚ ਪੜ੍ਹੇ ਪਰਚਿਆਂ ਨੂੰ ਪੁਸਤਕ ਰੂਪ ਵਿਚ ਛਾਪਣ ਦਾ ਸੁਝਾਅ ਆਇਆ ਤਾਂ ਉਨ੍ਹਾਂ ਬਹੁਤ ਹੀ ਮੁੱਲਵਾਨ ਗੱਲ ਕਹੀ ਕਿ 'ਇਸ ਕਾਨਫਰੰਸ ਦੇ ਸਾਰੇ ਪਰਚੇ ਇਸ ਪੁਸਤਕ ਦਾ ਹਿੱਸਾ ਰੀਕਾਰਡ' ਕਰਨ ਲਈ ਤਾਂ ਠੀਕ ਹਨ, ਪਰ ਪੰਜਾਬੀ ਭਾਸ਼ਾ ਦੀਆਂ ਗੁੰਝਲਦਾਰ ਸਮੱਸਿਆਵਾਂ ਦੇ ਸਰਬ ਪੱਖੀ ਵਿਸ਼ਲੇਸ਼ਣ ਲਈ ਕਾਫੀ ਨਹੀਂ ਹਨ। ਉਨ੍ਹਾਂ ਨੇ ਇਹ ਕੰਮ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਸਹਿਯੋਗ ਨਾਲ ਟੀਮ ਬਣਾ ਕੇ ਕਰਨ ਲਈ ਕਿਹਾ। ਮੁੱਢਲੇ ਤੌਰ ਤੇ ਪ੍ਰੋ. ਜਾਗੀਰ ਸਿੰਘ ਕਾਹਲੋਂ ਨੂੰ ਵੀ ਇਸ ਪ੍ਰਾਜੈਕਟ ਨਾਲ ਜੋੜਿਆ ਗਿਆ ।
ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਡਾ. ਆਤਮਜੀਤ ਸਿੰਘ ਨੇ ਜਿਸ ਹਿੰਮਤ ਨਾਲ ਪ੍ਰੋ. ਗਿੱਲ ਨਾਲ ਮਸ਼ਵਰਾ ਕਰਕੇ ਇਸ ਵੱਡ ਆਕਾਰੀ ਪੰਜਾਬੀ ਭਾਸ਼ਾ ਸਬੰਧੀ ਪੁਸਤਕ ਨੂੰ ਸੰਪਾਦਿਤ ਕੀਤਾ ਹੈ, ਉਹ ਕਰਾਮਾਤ ਤੋਂ ਘੱਟ ਨਹੀਂ। ਮੇਰੇ ਕੋਲ ਸਿਰਫ਼ ਸੁਪਨਾ ਸੀ, ਨਕਸ਼ਾ ਨਹੀਂ ਸੀ । ਡਾ. ਆਤਮਜੀਤ ਕੋਲ ਨਕਸ਼ਾ ਵੀ ਸੀ ਤੇ ਇਸ ਵਿੱਚ ਰੰਗ ਭਰਨ ਦੀ ਲਿਆਕਤ ਵੀ। ਮੇਰੇ ਵੱਡੇ ਵੀਰ ਡਾ. ਆਤਮਜੀਤ ਸਿੰਘ ਨੇ ਕਿਸੇ ਲਾਗ ਤੇ ਲਗਾਉ ਤੋਂ ਮੁਕਤ ਹੋ ਕੇ ਪੂਰੇ ਗਲੋਬ ਨੂੰ ਵਾਚਿਆ, ਵਿਸ਼ਿਆਂ ਦੀ ਸੂਚੀ ਤਿਆਰ ਕੀਤੀ, ਇਸ ਖੇਤਰ ਦੇ ਵਿਦਵਾਨਾਂ ਨਾਲ ਸੰਪਰਕ ਕੀਤਾ ਅਤੇ ਦੁਨੀਆਂ ਦੇ ਜਿਸ ਮੁਲਕ ਵਿਚ ਵੀ ਪੰਜਾਬੀ ਵੱਡੀ ਗਿਣਤੀ ਵਿਚ ਵੱਸਦੇ ਹਨ, ਉਨ੍ਹਾਂ ਸਾਰਿਆਂ ਦੇਸ਼ਾਂ ਦੇ ਵਿਦਵਾਨਾਂ ਤੋਂ ਖੋਜ ਪੱਤਰ ਲਿਖਵਾ ਕੇ ਇਸ ਨੂੰ ਵਿਧੀ ਪੂਰਵਕ ਢੰਗ ਨਾਲ ਵਿਉਂਤਿਆ।
ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਡਾ. ਆਤਮਜੀਤ ਸਿੰਘ ਨੇ 'ਵਿਸ਼ਵ ਪੰਜਾਬੀ ਸਭਾ' ਨੂੰ ਅਰਥਵਾਨ ਸਰਪ੍ਰਸਤੀ ਦੇ ਕੇ ਵੱਡਾ ਇਤਿਹਾਸਕ ਕਾਰਜ ਕੀਤਾ ਹੈ। ਹਰ ਚੀਜ਼ ਨੂੰ ਪੂਰੀ ਬਰੀਕੀ ਨਾਲ ਵਿਉਂਤਣਾ, ਪੇਸ਼ ਕਰਨਾ ਤੇ ਪ੍ਰਕਾਸ਼ਨਾ, ਕੋਈ ਡਾ. ਆਤਮਜੀਤ
ਸਿੰਘ ਤੋਂ ਸਿੱਖੇ । ਉਹ ਸੂਈ ਦੇ ਨੱਕੇ ਵਿਚੋਂ ਦੀ ਆਪ ਵੀ ਲੰਘਦੇ ਹਨ ਤੇ ਵਿਦਵਾਨਾਂ ਨੂੰ ਵੀ ਉਸੇ ਰਾਹ ਤੋਰਦੇ ਹਨ। ਉਨ੍ਹਾਂ ਦਾ ਪੰਜਾਬੀ ਸਾਹਿਤ ਵਿਚ ਵੱਡਾ ਨਾਮ ਹੋਣ ਦਾ ਹੀ ਪ੍ਰਤਾਪ ਹੈ ਕਿ ਇਸ ਪੁਸਤਕ ਵਿਚ ਡਾ. ਹਰਿਭਜਨ ਸਿੰਘ ਭਾਟੀਆ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਜੋਗਾ ਸਿੰਘ ਵਿਰਕ, ਡਾ. ਜਗਬੀਰ ਸਿੰਘ, ਡਾ. ਰਾਜਿੰਦਰਪਾਲ ਸਿੰਘ ਬਰਾੜ, ਅਮਰਜੀਤ ਸਿੰਘ ਗਰੇਵਾਲ, ਡਾ. ਡੀ. ਪੀ. ਸਿੰਘ ਕੈਨੇਡਾ, ਜਸਵੰਤ ਸਿੰਘ ਜ਼ਫ਼ਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਮਨਮੋਹਨ, ਮਿੱਤਰ ਸੈਨ ਮੀਤ, ਡਾ. ਸੱਯਦ ਭੁੱਟਾ, ਮੁਸ਼ਤਾਕ ਸੂਫ਼ੀ, ਡਾ. ਰਵੇਲ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਸੁਰਜੀਤ ਸਿੰਘ ਸਮੇਤ ਕਈ ਹੋਰ ਵੱਡੇ ਵਿਦਵਾਨਾਂ ਦੇ ਲੇਖ ਵੀ ਸ਼ਾਮਿਲ ਹਨ।
ਇਸ ਵਿਚ ਪੰਜਾਬੀ ਭਾਸ਼ਾ ਦੇ ਗਲੋਬਲ ਸਰੋਕਾਰ, ਖੇਤਰੀ ਸਮੱਸਿਆਵਾਂ ਤੇ ਹੱਲ, ਵਿਰਸਾ ਤੇ ਵਰਤਮਾਨ ਤੋਂ ਅੱਗੇ ਭਵਿੱਖ ਮੁੱਖੀ ਨਿਸ਼ਾਨੇ ਵੀ ਹਨ। ‘ਵਿਸ਼ਵ ਪੰਜਾਬੀ ਸਭਾ’ ਦੀ ਇਹ ਪ੍ਰਕਾਸ਼ਨਾ ਪੂਰੇ ਵਿਸ਼ਵ ਵਿਚ ਮਹੱਤਵਪੂਰਨ ਲਾਇਬ੍ਰੇਰੀਆਂ ਵਿਚ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ । ਮੈਂ ਇਹ ਤਾਂ ਨਹੀਂ ਕਹਿੰਦਾ ਕਿ ਇਹ ਪੁਸਤਕ ਸੰਪੂਰਨ ਹੈ, ਪਰ ਸੰਪੂਰਨਤਾ ਦੀ ਸੁਹਿਰਦ ਕੋਸ਼ਿਸ਼ ਜ਼ਰੂਰ ਹੈ। ਇਸ ਨੂੰ ਸੁਪਨੇ ਤੋਂ ਹਕੀਕੀ ਸਿਰਜਣਾ ਤੀਕ ਪਹੁੰਚਾਉਣ ਲਈ ਡਾ. ਆਤਮਜੀਤ ਤੇ ਉਨ੍ਹਾਂ ਦੀ ਸਹਿਯੋਗੀ ਟੀਮ ਦਾ ਮੈਂ ਬੇਹੱਦ ਸ਼ੁਕਰ ਗੁਜ਼ਾਰ ਹੈ।
ਮਾਂ ਬੋਲੀ ਸਾਡੀ ਸਭ ਦੀ ਸਾਂਝੀ ਵਿਰਾਸਤ ਹੈ। ਪੰਘੂੜੇ ਤੋਂ ਅਰਥੀ ਤੀਕ ਇਸ ਦੇ ਸ਼ਬਦ ਹੀ ਨਾਲ-ਨਾਲ ਤੁਰਦੇ ਹਨ। ਗੁਰਭਜਨ ਗਿੱਲ ਦੇ ਸ਼ਬਦਾਂ ਵਿਚ :
ਮਾਂ ਬੋਲੀ, ਮਾਂ ਧਰਤੀ ਤੇ ਮਾਂ ਜਣਨੀ ਕੋਲੋਂ,
ਟੁੱਟ ਕੇ ਬੰਦਾ ਮਰਦਾ-ਮਰਦਾ ਮਰ ਜਾਂਦਾ ਹੈ।
ਇਸ ਪੁਸਤਕ ਰਾਹੀਂ ਸਾਡਾ ਮਾਰਗ ਦਰਸ਼ਨ ਕਰਨ ਤੇ ਉਂਗਲੀ ਫੜ ਕੇ ਮੰਜ਼ਿਲ ਵੱਲ ਨੂੰ ਤੋਰਨ ਲਈ ਸਭ ਵਿਦਵਾਨਾਂ ਦਾ ਬੇਅੰਤ ਸ਼ੁਕਰੀਆ। ਭਵਿੱਖ ਵਿਚ ਵੀ ਅਸੀਂ ਆਵਾਜ਼ ਦਿਆਂਗੇ, ਤੁਸੀਂ ਹੁੰਗਾਰਾ ਜ਼ਰੂਰ ਭਰਨਾ। ਪੰਜਾਬੀ ਕਵੀ ਭੂਸ਼ਨ ਧਿਆਨਪੁਰੀ ਦੇ ਇਹ ਕਾਵਿ-ਬੋਲ ਕਿਤੇ ਪੜ੍ਹੇ ਸਨ, ਉਹੀ ਮੇਰੇ ਮਨ ਦੀ ਇਸ ਵਕਤ ਅਵਸਥਾ ਹੈ :
ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹ ਤਾਂ ਹੈ ਮੌਸਮ ਸਿਰ ਸਿਹਰਾ, ਜੇ ਮੇਰੇ ਗੁਲਦਸਤੇ ਵਿਚਲੇ, ਤੈਨੂੰ ਫੁੱਲ ਪਿਆਰੇ ਲੱਗੇ ।
ਡਾ. ਆਤਮਜੀਤ ਸਿੰਘ ਜੀ ਵੱਲੋਂ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਇਹ ਗੁਲਦਸਤਾ ਸਜਾਉਣ ਦਾ ਅੰਤ ਵਿਚ ਫਿਰ ਧੰਨਵਾਦ !

-
ਡਾ. ਦਲਬੀਰ ਸਿੰਘ ਕਥੂਰੀਆ, ਚੇਅਰਮੈਨ ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ)
sd
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.