ਹਾਈ ਕੋਰਟ ਵੱਲੋਂ ਤਿੰਨ ਬੰਦੀ ਸਿੰਘਾਂ ਨੂੰ ਵੱਡੀ ਰਾਹਤ: ਉਮਰ ਕੈਦ ਦੀ ਸਜ਼ਾ ਮੁਅੱਤਲ, ਆਉਣਗੇ ਜੇਲ ਤੋਂ ਬਾਹਰ
ਚੰਡੀਗੜ੍ਹ, 23 ਅਪ੍ਰੈਲ, 2026
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਅਹਿਮ ਫੈਸਲੇ ਵਿੱਚ ਮਈ 2019 ਤੋਂ ਜੇਲ੍ਹ ਵਿੱਚ ਨਜ਼ਰਬੰਦ ਤਿੰਨ ਬੰਦੀ ਸਿੰਘਾਂ—ਹਰਚਰਨ ਸਿੰਘ ਦਿੱਲੀ, ਰਵਿੰਦਰਪਾਲ ਸਿੰਘ ਮਹਿਣਾ ਅਤੇ ਜਗਦੇਵ ਸਿੰਘ ਤਲਾਣੀਆ—ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ (suspension of sentence) ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਹ ਫੈਸਲਾ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਦੇ ਡਿਵੀਜ਼ਨ ਬੈਂਚ ਵੱਲੋਂ ਸੁਣਾਇਆ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਸਾਲ 2024 ਵਿੱਚ ਐਨਆਈਏ (NIA) ਦੀ ਸਪੈਸ਼ਲ ਕੋਰਟ, ਜਿਸ ਦੀ ਪ੍ਰਧਾਨਗੀ ਜੱਜ ਮਨਜੋਤ ਕੌਰ ਕਰ ਰਹੇ ਸਨ, ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਇਨ੍ਹਾਂ ਤਿੰਨਾਂ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜ਼ਮਾਨਤੀ ਮੁਚਲਕੇ ਭਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਜੇਲ੍ਹ ਤੋਂ ਬਾਹਰ ਆ ਸਕਣਗੇ। ਇਸ ਮਾਮਲੇ ਵਿੱਚ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲਾਂ ਨੇ ਅਹਿਮ ਦਲੀਲਾਂ ਪੇਸ਼ ਕੀਤੀਆਂ। ਹਰਚਰਨ ਸਿੰਘ ਲਈ ਐਡਵੋਕੇਟ ਨਵਕਿਰਨ ਸਿੰਘ, ਰਵਿੰਦਰਪਾਲ ਸਿੰਘ ਲਈ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਅਤੇ ਜਗਦੇਵ ਸਿੰਘ ਲਈ ਐਡਵੋਕੇਟ ਬਲਬੀਰ ਸਿੰਘ ਸੇਵਕ ਪੇਸ਼ ਹੋਏ। ਇਸ ਪੂਰੇ ਕੇਸ ਦੀ ਪੈਰਵੀ 'ਸਿੱਖ ਲੀਗਲ ਅਸਿਸਟੈਂਸ ਬੋਰਡ' (Sikh Legal Assistance Board) ਵੱਲੋਂ ਕੀਤੀ ਗਈ ਸੀ।
Click to Follow Babushahi Facebook page →