ਲੁਧਿਆਣਾ: ਗਲਤ ਸਾਈਨ ਬੋਰਡ ਕਾਰਨ ਲੋਕ ਹੋ ਰਹੇ ਖ਼ੁਆਰ; ਪਾਸਪੋਰਟ ਦਫ਼ਤਰ ਦੀ ਗਲਤ ਦਿਸ਼ਾ ਪ੍ਰਸ਼ਾਸਨਿਕ ਲਾਪਰਵਾਹੀ ਦਾ ਸਬੂਤ
ਸੁਖਮਿੰਦਰ ਭੰਗੂ
ਲੁਧਿਆਣਾ, 22 ਅਪ੍ਰੈਲ 2026- ਸਮਾਰਟ ਸਿਟੀ ਦੇ ਦਾਅਵੇ ਕਰਨ ਵਾਲੇ ਲੁਧਿਆਣਾ ਪ੍ਰਸ਼ਾਸਨ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕੇ ਪੈਵੀਲੀਅਨ ਮਾਲ (Pavilion Mall) ਦੇ ਨੇੜੇ ਲੱਗਿਆ ਇੱਕ ਸੜਕ ਸੂਚਕ ਬੋਰਡ (Signboard) ਰਾਹਗੀਰਾਂ ਲਈ ਸਹੀ ਰਸਤਾ ਦਿਖਾਉਣ ਦੀ ਬਜਾਏ ਭੁਲੇਖਾ ਪਾਊ ਸਾਬਤ ਹੋ ਰਿਹਾ ਹੈ।
ਇਸ ਸਾਈਨ ਬੋਰਡ 'ਤੇ “Regional Passport Office” ਦੀ ਦਿਸ਼ਾ ਬੱਸ ਸਟੈਂਡ ਵੱਲ ਦਿਖਾਈ ਗਈ ਹੈ। ਜਦਕਿ ਹਕੀਕਤ ਇਹ ਹੈ ਕਿ ਪਾਸਪੋਰਟ ਦਫ਼ਤਰ ਕਾਫ਼ੀ ਸਮਾਂ ਪਹਿਲਾਂ ਹੀ ਇੱਥੋਂ ਬਦਲ ਕੇ ਜਲੰਧਰ ਬਾਈਪਾਸ ਵੱਲ ਸ਼ਿਫਟ ਹੋ ਚੁੱਕਾ ਹੈ।
ਗਲਤ ਜਾਣਕਾਰੀ ਕਾਰਨ ਰੋਜ਼ਾਨਾ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕ ਪੁਰਾਣੇ ਪਤੇ 'ਤੇ ਪਹੁੰਚ ਕੇ ਭਟਕ ਰਹੇ ਹਨ। ਖ਼ਾਸ ਕਰਕੇ ਬਾਹਰਲੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਯਾਤਰੀ ਬੋਰਡ ਦੇਖ ਕੇ ਗਲਤ ਦਿਸ਼ਾ ਵਿੱਚ ਚਲੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਲੱਗੇ ਇਸ ਬੋਰਡ 'ਤੇ ਅਜੇ ਤੱਕ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਨਜ਼ਰ ਨਹੀਂ ਪਈ।
ਇਹ ਮਾਮਲਾ ਸਿਰਫ਼ ਇੱਕ ਗਲਤ ਬੋਰਡ ਦਾ ਨਹੀਂ, ਸਗੋਂ ਪ੍ਰਸ਼ਾਸਨਿਕ ਨਿਗਰਾਨੀ ਦੀ ਘਾਟ ਨੂੰ ਉਜਾਗਰ ਕਰਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਵੱਡੇ ਵਿਕਾਸ ਪ੍ਰੋਜੈਕਟਾਂ ਦੀਆਂ ਗੱਲਾਂ ਕਰਦੀ ਹੈ, ਤਾਂ ਅਜਿਹੀਆਂ ਮੁੱਢਲੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਪ੍ਰਸ਼ਾਸਨ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।
ਸਥਾਨਕ ਲੋਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਮੰਗ ਕੀਤੀ ਹੈ ਕਿ, ਇਸ ਗਲਤ ਸਾਈਨ ਬੋਰਡ ਨੂੰ ਤੁਰੰਤ ਹਟਾਇਆ ਜਾਵੇ ਜਾਂ ਅਪਡੇਟ ਕੀਤਾ ਜਾਵੇ। ਪੂਰੇ ਸ਼ਹਿਰ ਵਿੱਚ ਅਜਿਹੇ ਹੋਰ ਬੋਰਡਾਂ ਦੀ ਜਾਂਚ ਕੀਤੀ ਜਾਵੇ ਜੋ ਪੁਰਾਣੀ ਜਾਣਕਾਰੀ ਦੇ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਖ਼ਬਰ ਤੋਂ ਬਾਅਦ ਜਾਗਦਾ ਹੈ ਜਾਂ ਲੋਕ ਇਸੇ ਤਰ੍ਹਾਂ ਭਟਕਦੇ ਰਹਿਣਗੇ।
Click to Follow Babushahi Facebook page →