Big Breaking- ਪੰਜਾਬ ਭਰ ਦੇ ਵਕੀਲ ਤਿੰਨ ਦਿਨਾਂ ਦੀ ਹੜਤਾਲ 'ਤੇ; ਅਦਾਲਤੀ ਕੰਮਕਾਜ ਦਾ ਮੁਕੰਮਲ ਬਾਈਕਾਟ
ਪੂਰੇ ਸੂਬੇ ਵਿੱਚ ਵਕੀਲਾਂ ਨੇ 'ਐਕਸ਼ਨ ਪਲਾਨ' ਅਤੇ 'ਡਿਫੈਂਸ ਕੌਂਸਲ' ਸਿਸਟਮ ਵਿਰੁੱਧ ਖੋਲ੍ਹਿਆ ਮੋਰਚਾ
Babushahi Network
ਚੰਡੀਗੜ੍ਹ, 5 ਫਰਵਰੀ 2026: ਪੰਜਾਬ ਬਾਰ ਕੌਂਸਲ ਦੇ ਸੱਦੇ 'ਤੇ ਅੱਜ ਪੰਜਾਬ ਭਰ ਦੇ ਵਕੀਲ ਤਿੰਨ ਦਿਨਾਂ ਦੀ ਹੜਤਾਲ 'ਤੇ ਚਲੇ ਗਏ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਵਕੀਲਾਂ ਨੇ ਅਦਾਲਤਾਂ ਦੇ ਬਾਹਰ ਇਕੱਠੇ ਹੋ ਕੇ ਮੌਜੂਦਾ ਜੁਡੀਸ਼ੀਅਲ ਸਿਸਟਮ ਵਿੱਚ ਹੋ ਰਹੀਆਂ ਤਬਦੀਲੀਆਂ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਵਕੀਲਾਂ ਦਾ ਕਹਿਣਾ ਹੈ ਕਿ ਅਦਾਲਤਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਬਣਾਏ ਗਏ 'ਐਕਸ਼ਨ ਪਲਾਨ' ਦੇ ਨਾਂ 'ਤੇ ਹਰ ਰੋਜ਼ ਅਗਲੀਆਂ ਤਾਰੀਕਾਂ ਪਾਈਆਂ ਜਾ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਵਕੀਲਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਆਮ ਲੋਕਾਂ ਨੂੰ ਵੀ ਇਨਸਾਫ਼ ਮਿਲਣ ਵਿੱਚ ਦੇਰੀ ਹੋ ਰਹੀ ਹੈ।
ਡਿਫੈਂਸ ਕੌਂਸਲ ਪ੍ਰਣਾਲੀ ਦਾ ਵਿਰੋਧ
ਵਕੀਲ ਭਾਈਚਾਰੇ ਨੇ ਅਦਾਲਤਾਂ ਵਿੱਚ ਲਗਾਏ ਜਾ ਰਹੇ 'ਲੀਗਲ ਏਡ ਡਿਫੈਂਸ ਕੌਂਸਲ' (LADC) ਦਾ ਸਖ਼ਤ ਵਿਰੋਧ ਕੀਤਾ ਹੈ। ਵਕੀਲਾਂ ਅਨੁਸਾਰ, ਇਹ ਸਿਸਟਮ ਜੁਡੀਸ਼ੀਅਲ ਸਿਸਟਮ 'ਤੇ ਇੱਕ 'ਕਾਲਾ ਧੱਬਾ' ਹੈ। ਇੱਕ ਪਾਸੇ ਸਰਕਾਰ ਦੋਸ਼ੀ ਨੂੰ ਸਜ਼ਾ ਦਿਵਾਉਣ ਲਈ ਸਰਕਾਰੀ ਵਕੀਲ ਖੜ੍ਹੇ ਕਰਦੀ ਹੈ, ਅਤੇ ਦੂਜੇ ਪਾਸੇ 'ਡਿਫੈਂਸ ਕੌਂਸਲ' ਦੇ ਨਾਂ 'ਤੇ ਉਸੇ ਦੋਸ਼ੀ ਨੂੰ ਬਚਾਉਣ ਲਈ ਵੀ ਸਰਕਾਰੀ ਖ਼ਰਚੇ 'ਤੇ ਵਕੀਲ ਦਿੱਤੇ ਜਾ ਰਹੇ ਹਨ। ਇਸ ਨਾਲ ਵਕੀਲ ਭਾਈਚਾਰੇ ਦੇ ਸਨਮਾਨ ਨੂੰ ਠੇਸ ਪਹੁੰਚ ਰਹੀ ਹੈ।
ਵਕੀਲਾਂ ਨੇ ਦੇਸ਼ ਭਰ ਵਿੱਚ ਦੋ-ਦੋ ਕਿਲੋਮੀਟਰ ਦੇ ਦਾਇਰੇ ਵਿੱਚ ਗ੍ਰਾਮ ਨਿਆ ਲਿਆ ਖੋਲ੍ਹੇ ਜਾਣ ਦੀ ਤਜਵੀਜ਼ ਦਾ ਵੀ ਵਿਰੋਧ ਕੀਤਾ ਹੈ। ਹੜਤਾਲ ਕਾਰਨ ਅੱਜ ਫਤਿਹਗੜ੍ਹ ਸਾਹਿਬ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਦੂਰ-ਦੂਰਾਡੇ ਤੋਂ ਆਏ ਸੈਂਕੜੇ ਲੋਕਾਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਵਾਪਸ ਮੁੜਨਾ ਪਿਆ। ਵਕੀਲ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਕਾਰ ਅਤੇ ਜੁਡੀਸ਼ੀਅਲ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।