ਕਿਉਂ ਤੇ ਕਿਵੇਂ ਜਿੱਤਿਆ ਐਨ.ਡੀ.ਏ ਬਿਹਾਰ ਚੋਣਾਂ....?
ਬਿਹਾਰ ਵਿਧਾਨ ਸਭਾ ਚੋਣਾਂ 2025 ਵਿੱਚ ਐਨ.ਡੀ.ਏ ਦੀ ਇੱਕ ਪਾਸੜ ਜਿੱਤ ਤੋਂ ਬਾਅਦ ਨੀਤੀਸ਼ ਕੁਮਾਰ ਵੱਲੋਂ 20 ਨਵੰਬਰ 2025 ਨੂੰ ਇੱਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਵੱਜੋਂ ਸੁੰਹ ਚੱਕੀ। ਅੱਜ ਚਰਚਾ ਕਰਦੇ ਹਾਂ ਕਿ ਕਿਉਂ ਤੇ ਕਿਵੇਂ ਐਨ.ਡੀ.ਏ ਵੱਲੋਂ ਬਿਹਾਰ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ। ਬਿਹਾਰ ਦੀ ਰਾਜਨੀਤੀ ਹਮੇਸ਼ਾ ਤੋਂ ਇੱਕ ਰਹੱਸਮਈ ਅਤੇ ਉਲਝਣਾਂ ਭਰੀ ਗਲੀਆਰੇ ਵਾਂਗ ਰਹੀ ਹੈ, ਜਿੱਥੇ ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਵਿਕਾਸ ਦੇ ਵਾਅਦੇ ਇੱਕ ਦੂਜੇ ਨਾਲ ਉਲਝੇ ਰਹਿੰਦੇ ਹਨ। ਮੌਜੂਦਾ ਸਮੇਂ ਵਿੱਚ 14 ਨਵੰਬਰ 2025 ਨੂੰ ਐਲਾਨ ਹੋਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਸ ਗਲੀਆਰੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਐੱਨਡੀਏ ਨੇ 243 ਵਿੱਚੋਂ 202 ਸੀਟਾਂ ਜਿੱਤ ਕੇ ਇਤਿਹਾਸਕ ਜਿੱਤ ਹਾਸਲ ਕੀਤੀ, ਜਦਕਿ ਇੰਡੀਆ ਗਠਜੋੜ (ਮਹਾਂਗਠਬੰਧਨ) ਸਿਰਫ਼ 35 ਸੀਟਾਂ ਤੱਕ ਸੀਮਤ ਰਹਿ ਗਿਆ। ਇਹ ਨਤੀਜਾ ਨਾ ਸਿਰਫ਼ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਨੀਤੀਸ਼ ਕੁਮਾਰ ਦੀ ਲੀਡਰਸ਼ਿਪ ਦੀ ਮੋਹਰ ਹੈ, ਸਗੋਂ ਤੇਜਸਵੀ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੀ ਵਿਰਾਸਤ ਨੂੰ ਬਿਹਾਰ ਵਾਸੀਆਂ ਵੱਲੋਂ ਸਪੱਸ਼ਟ ਰੂਪ ਵਿੱਚ ਨਕਾਰਨਾ ਵੀ ਹੈ। ਜਿੱਥੇ ਇੱਕ ਪਾਸੇ ਐੱਨਡੀਏ ਨੇ ਵਿਕਾਸ, ਸਥਿਰਤਾ ਅਤੇ ਸਮਾਜਿਕ ਗਠਜੋੜ ਨਾਲ ਜਿੱਤ ਹਾਸਲ ਕੀਤੀ, ਉੱਥੇ ਮਹਾਂਗਠਬੰਧਨ ਨੇ ਹੰਕਾਰ, ਝੂਠੇ ਵਾਅਦੇ ਅਤੇ ਪੁਰਾਣੇ 'ਜੰਗਲ ਰਾਜ' ਦੀ ਯਾਦ ਨਾਲ ਹਾਰ ਸਹੀ।
ਚੋਣਾਂ ਤੋਂ ਪਹਿਲਾਂ ਇੰਡੀਆ ਗਠਜੋੜ ਨੇ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨ ਕੇ ਅਤੇ 'ਬਿਹਾਰ ਕਾ ਤੇਜਸਵੀ ਪ੍ਰਾਨ' ਮੈਨੀਫੈਸਟੋ ਜਾਰੀ ਕਰਕੇ ਬਹੁਤ ਉਮੀਦਾਂ ਜਗਾਈਆਂ ਸਨ। ਇਸ ਵਿੱਚ ਹਰ ਘਰ ਨੂੰ ਸਰਕਾਰੀ ਨੌਕਰੀ, ਔਰਤਾਂ ਨੂੰ ਮਹੀਨੇ ਦੇ 2,500 ਰੁਪਏ, ਮੁਫ਼ਤ ਬਿਜਲੀ, ਟਾਡੀ ਤੇ ਛੋਟ, ਖੇਤੀ ਲਈ MSP ਗਾਰੰਟੀ ਅਤੇ ਰਿਜ਼ਰਵੇਸ਼ਨ ਵਧਾਉਣ ਵਰਗੇ ਵੱਡੇ ਵੱਡੇ ਵਾਅਦੇ ਸਨ। ਪਰ ਇਹ ਸਾਰੇ ਵਾਅਦੇ ਹਵਾਈ ਕਿਲੇ ਵਾਂਗ ਸਾਬਤ ਹੋਏ। ਯਾਦਵ ਪਰਿਵਾਰ ਦੀ ਵਿਰਾਸਤ ਨੇ ਇਨ੍ਹਾਂ ਵਾਅਦਿਆਂ ਨੂੰ ਖੋਖਲਾ ਬਣਾ ਦਿੱਤਾ। ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੇ ਮੁੱਖ ਮੰਤਰੀ ਕਾਲ ਨੂੰ ਲੋਕ ਅੱਜ ਵੀ "ਜੰਗਲ ਰਾਜ" ਵਜੋਂ ਯਾਦ ਕਰਦੇ ਹਨ, ਜਿੱਥੇ ਚਾਰਾ ਘੋਟਾਲਾ, ਫੋਡਰ ਸਕੈਮ ਵਰਗੇ ਵੱਡੇ ਘੁਟਾਲੇ ਹੋਏ, ਅਪਰਾਧ ਨੇ ਪੈਰ ਪਸਾਰੇ ਅਤੇ ਅਣਵਿਕਾਸ ਨੇ ਬਿਹਾਰ ਨੂੰ ਖੋਖਲਾ ਕਰ ਦਿੱਤਾ। ਮੀਸਾ ਭਾਰਤੀ ਦੇ ਵਿਆਹ ਮੌਕੇ ਰਾਤੋ ਰਾਤ ਕਾਰ ਸ਼ੋਰੂਮਾਂ ਨੂੰ ਖੋਲ੍ਹ ਕੇ ਗੱਡੀਆਂ ਚੁੱਕ ਲੈਣਾ, ਇਹ ਸਭ ਰਾਜਨੀਤਿਕ ਸੱਤਾ ਦੇ ਦੁਰਵਰਤੋਂ ਦੀ ਜ਼ਿੰਦਾ ਉਦਾਹਰਨ ਸੀ। ਅਜਿਹੇ ਵਿੱਚ ਤੇਜਸਵੀ ਯਾਦਵ ਵੱਲੋਂ ਕੀਤੇ ਵਾਅਦੇ ਕੋਈ ਠੋਸ ਯੋਜਨਾ ਨਾ ਹੋਕੇ ਕੇਵਲ ਸੱਤਾ ਹਾਸਲ ਕਰਨ ਦਾ ਸਾਧਨ ਲੱਗੇ ।
ਤੇਜਸਵੀ ਯਾਦਵ ਦੀ ਵਿਦਿਅਕ ਯੋਗਤਾ ਵੀ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ। ਨੌਵੀਂ ਜਾਂ ਦਸਵੀਂ ਜਮਾਤ ਵਿੱਚ ਪੜ੍ਹਾਈ ਛੱਡ ਦੇਣਾ ਅਤੇ ਫਿਰ ਰਾਜਨੀਤੀ ਵਿੱਚ ਆਉਣਾ, ਇਹ ਸਭ ਪਰਿਵਾਰ ਦੀ ਰਾਜਨੀਤਿਕ ਤਾਕਤ ਦੇ ਬਲ ਤੇ ਹੀ ਸੰਭਵ ਹੋਇਆ। ਖੇਡਾਂ ਵਿੱਚ ਵੀ ਉਨ੍ਹਾਂ ਨੇ ਪਿਤਾ ਦੀ ਪਹੁੰਚ ਕਾਰਨ ਨਾਂ ਕਮਾਇਆ, ਪਰ ਅਸਲ ਮੈਦਾਨ ਵਿੱਚ ਜ਼ਿਆਦਾਤਰ ਰਿਜ਼ਰਵ ਖਿਡਾਰੀ ਰਹੇ। ਆਈਪੀਐੱਲ ਵਿੱਚ ਡੈਬਿਊ ਨਹੀਂ ਕਰ ਸਕੇ ਅਤੇ ਰਣਜੀ ਟ੍ਰੋਫੀ ਵਿੱਚ ਵੀ ਪ੍ਰਦਰਸ਼ਨ ਖਾਸ ਨਹੀਂ ਰਿਹਾ। ਇਹ ਭਾਰਤੀ ਖੇਡਾਂ ਵਿੱਚ ਰਾਜਨੀਤਿਕ ਦਖਲ ਦੀ ਮਿਸਾਲ ਹੈ, ਜਿੱਥੇ ਟੈਲੈਂਟ ਨੂੰ ਸਿਫਾਰਸ਼ ਨਾਲ ਦਬਾ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਬਿਹਾਰ ਵਾਸੀਆਂ ਨੇ ਹੰਕਾਰੀ, ਘੱਟ ਪੜ੍ਹੇ-ਲਿਖੇ ਅਤੇ ਰਾਜਨੀਤੀ ਵਿੱਚ ਕੱਚੇ ਤੇਜਸਵੀ ਯਾਦਵ ਨੂੰ ਸਪੱਸ਼ਟ ਰੂਪ ਵਿੱਚ ਨਕਾਰ ਦਿੱਤਾ। ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਹੰਕਾਰੀ ਮਹਾਂਗਠਬੰਧਨ ਨੇ ਚੋਣ ਪ੍ਰਚਾਰ ਵਿੱਚ ਸਿਰਫ਼ ਸੱਤਾਧਾਰੀ ਧਿਰ ਤੇ ਈਵੀਐੱਮ ਚੋਰੀ ਵਰਗੇ ਝੂਠੇ ਇਲਜ਼ਾਮ ਲਗਾ ਕੇ ਅਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਵਿੱਚ ਹੀ ਸਮਾਂ ਬਰਬਾਦ ਕੀਤਾ। ਉਨ੍ਹਾਂ ਕੋਲ ਆਪਣੇ ਸੱਤਾ ਕਾਲ ਵਿੱਚ ਲੋਕਾਂ ਲਈ ਕੁਝ ਕਰਨ ਦਾ ਬਹੁਤ ਸਮਾਂ ਸੀ, ਪਰ ਉਸ ਵੇਲੇ ਸਿਰਫ਼ ਅੱਤਿਆਚਾਰ, ਲੁੱਟ ਅਤੇ ਅਣਵਿਕਾਸ ਹੀ ਹੋਇਆ। ਹੁਣ ਸੱਤਾ ਤੋਂ ਬਾਹਰ ਹੋ ਕੇ ਝੂਠੇ ਵਾਅਦਿਆਂ ਦੇ ਸਹਾਰੇ ਸੱਤਾ ਹਥਿਆਉਣ ਲਈ ਤਰਲੋ ਮੱਛੀ ਹੋਏ ਪਏ ਹਨ।
ਦੂਜੇ ਪਾਸੇ ਐੱਨਡੀਏ ਦੀ ਜਿੱਤ ਦੇ ਕਾਰਨ ਵਿਕਾਸ, ਸਮਾਜਿਕ ਗਠਜੋੜ ਅਤੇ ਰਣਨੀਤਕ ਚਤੁਰਾਈ ਵਿੱਚ ਲੁੱਕੇ ਹਨ। ਸਭ ਤੋਂ ਵੱਡਾ ਕਾਰਨ ਔਰਤ ਵੋਟਰਾਂ ਦਾ ਵਧੀਆ ਟਰਨਆਊਟ ਅਤੇ ਉਨ੍ਹਾਂ ਦਾ ਐੱਨਡੀਏ ਵੱਲ ਝੁਕਾਅ ਰਿਹਾ। ਨੀਤੀਸ਼ ਕੁਮਾਰ ਦੀ 'ਮਹਿਲਾ ਰੋਜ਼ਗਾਰ ਯੋਜਨਾ' ਅਧੀਨ 1.25 ਕਰੋੜ ਔਰਤਾਂ ਨੂੰ 10,000 ਰੁਪਏ ਵੰਡੇ ਗਏ, ਜਿਸ ਨੇ ਔਰਤਾਂ ਨੂੰ ਸਸ਼ਕਤ ਬਣਾਇਆ। ਨੌਜਵਾਨ ਵੋਟਰਾਂ ਨੇ ਵੀ ਵਿਕਾਸ ਅਤੇ ਨੌਕਰੀਆਂ ਨੂੰ ਪਸੰਦ ਕੀਤਾ, ਜਿਸ ਨੂੰ ਪੀਐੱਮ ਮੋਦੀ ਨੇ 'ਮਹਿਲਾ ਐਂਡ ਯੂਥ' ਫਾਰਮੂਲਾ ਕਿਹਾ। ਗਠਜੋੜ ਦੀ ਮਜ਼ਬੂਤੀ ਅਤੇ ਸੀਟ ਵੰਡ ਨੇ ਵੀ ਵੱਡੀ ਭੂਮਿਕਾ ਨਿਭਾਈ। ਭਾਜਪਾ ਨੇ 101 ਵਿੱਚੋਂ 89, ਜੇਡੀ(ਯੂ) ਨੇ 101 ਵਿੱਚੋਂ 85 ਅਤੇ ਚਿਰਾਗ ਪਾਸਵਾਨ ਦੀ ਐੱਲਜੇਪੀ(ਆਰਵੀ) ਨੇ 29 ਵਿੱਚੋਂ 19 ਸੀਟਾਂ ਜਿੱਤੀਆਂ। ਚਿਰਾਗ ਨੇ ਆਪਣੇ ਪਿਤਾ ਰਾਮ ਵਿਲਾਸ ਪਾਸਵਾਨ ਦੀ ਵਿਰਾਸ਼ਤ ਨੂੰ ਭੁਣਾ ਕੇ ਦਲਿਤ, ਆਰਥਿਕ ਰੂਪ ਵਿੱਚ ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਦੇ ਵੋਟ ਬੈਂਕ ਨੂੰ ਮਜ਼ਬੂਤ ਕੀਤਾ, ਜੋ ਕੇਂਦਰੀ ਅਤੇ ਪੱਛਮੀ ਬਿਹਾਰ ਵਿੱਚ ਫੈਸਲਾਕੁੰਨ ਸਾਬਤ ਹੋਇਆ। ਉਨ੍ਹਾਂ ਨੇ 2020 ਵਿੱਚ ਜੇਡੀ(ਯੂ) ਨੂੰ ਨੁਕਸਾਨ ਪਹੁੰਚਾਇਆ ਸੀ, ਪਰ 2025 ਵਿੱਚ ਗਠਜੋੜ ਨੂੰ ਮਜ਼ਬੂਤ ਕਰਕੇ 'ਡਬਲ ਇੰਜਣ' ਸਰਕਾਰ ਨੂੰ ਪੇਸ਼ ਕੀਤਾ। ਨੀਤੀਸ਼ ਕੁਮਾਰ ਦੇ ਵਿਅਕਤੀਗਤ ਆਕਰਸ਼ਣ ਅਤੇ ਗਵਰਨੈਂਸ ਰਿਕਾਰਡ ਨੇ ਨਾ-ਕਾਬਿਲ ਵਿਰੋਧੀ ਧਿਰ ਨੂੰ ਹਰਾਇਆ। ਲੋਕਾਂ ਨੇ 15 ਸਾਲਾਂ ਦੇ 'ਜੰਗਲ ਰਾਜ' ਤੋਂ ਬਾਅਦ, ਖਾਸ ਕਰਕੇ ਉਨ੍ਹਾਂ ਨੂੰ 'ਸਥਿਰਤਾ ਅਤੇ ਵਿਕਾਸ' ਦਾ ਪ੍ਰਤੀਕ ਮੰਨਿਆ। ਸੜਕਾਂ ਬਣੀਆਂ, ਬਿਜਲੀ ਵਧੀ, ਕਾਨੂੰਨ ਵਿਵਸਥਾ ਸੁਧਰੀ ਅਤੇ ਔਰਤਾਂ ਲਈ ਜੀਵਿਕਾ ਵਰਗੀਆਂ ਸਕੀਮਾਂ ਚੱਲੀਆਂ। ਵਿਰੋਧੀਆਂ ਦੇ 'ਵੋਟ ਚੋਰੀ' ਵਾਲੇ ਦੋਸ਼ ਉਲਟੇ ਪੈ ਗਏ।
ਇਸ ਸਭ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਵੀ ਉੱਭਰੀ, ਪਰ ਉਹ ਵੀ ਵੱਡੇ ਵਾਅਦੇ ਕਰਕੇ ਚੁੱਪ ਹੋ ਗਈ। ਰਾਜਨੀਤੀ ਵਿੱਚ ਬਿਨਾਂ ਠੋਸ ਆਧਾਰ ਤੋਂ ਵਾਅਦੇ ਕਰਨਾ ਹੀ ਮੁੱਖ ਮੰਤਵ ਰਹਿ ਗਿਆ ਹੈ। ਅੰਤ ਵਿੱਚ ਬਿਹਾਰ ਵਾਸੀਆਂ ਨੇ ਫੈਸਲਾ ਸੁਣਾ ਦਿੱਤਾ ਕਿ ਉਹ ਫਿਰ ਤੋਂ ਜੰਗਲ ਰਾਜ ਵਿੱਚ ਨਹੀਂ ਜਾਣਾ ਚਾਹੁੰਦੇ। ਤੇਜਸਵੀ ਯਾਦਵ ਦੇ ਚਮਕਦਾਰ ਵਾਅਦੇ ਫੋਕੇ ਸਾਬਤ ਹੋਏ ਅਤੇ ਐਨ.ਡੀ.ਏ ਵੱਲੋਂ ਇੱਕ ਨਿਕੰਮੇ ਵਿਰੋਧੀ ਧਿਰ ਨੂੰ ਚੋਣਾਂ ਵਿੱਚ ਅਸਾਨੀ ਨਾਲ ਹਰਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਮੇਤ ਨੀਤੀਸ਼-ਚਿਰਾਗ ਦੀ ਜੋੜੀ ਨੇ ਨਵੀਂ ਊਰਜਾ ਦਿੱਤੀ। ਬਿਹਾਰ ਵਾਸੀਆਂ ਨੇ ਵੋਟ ਦੀ ਤਾਕਤ ਨਾਲ ਸਾਬਤ ਕੀਤਾ ਕਿ ਉਹ ਗੱਲਾਂ ਨਹੀਂ, ਕੰਮ ਚਾਹੁੰਦੇ ਹਨ। ਇਹ ਜਿੱਤ ਨਾ ਸਿਰਫ਼ ਐੱਨਡੀਏ ਦੀ ਹੈ, ਸਗੋਂ ਬਿਹਾਰ ਦੀ ਜਨਤਾ ਦੀ ਸੂਝ-ਬੂਝ ਦੀ ਵੀ ਹੈ।

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਏ ਜਰਨਲਿਜ਼ਮ, ਐਮ.ਏ ਮਨੋਵਿਗਿਆਨ
ਰੂਪਨਗਰ

-
ਸੰਦੀਪ ਕੁਮਾਰ, ਐਮ.ਏ ਜਰਨਲਿਜ਼ਮ, ਐਮ.ਏ ਮਨੋਵਿਗਿਆਨ
liberalthinker1621@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.