Babushahi Special ਪੰਜਾਬ ਨੂੰ ਦਹਿਲਾਉਣ ਲਈ ਨਹੀਂ ਰੁਕ ਰਿਹਾ ਅੱਤਵਾਦ ਵਰਗੀਆਂ ਘਟਨਾਵਾਂ ਦਾ ਸਿਲਸਿਲਾ
ਅਸ਼ੋਕ ਵਰਮਾ
ਬਠਿੰਡਾ,21 ਨਵੰਬਰ 2025: ਪੰਜਾਬ ’ਚ ਵਾਪਰ ਰਹੀਆਂ ਅੱਤਵਾਦ ਵਰਗੀਆਂ ਘਟਨਾਵਾਂ ਸੂਬੇ ਨੂੰ ਇੱਕ ਵਾਰ ਫਿਰ ਤੋਂ ਕਾਲੇ ਦੌਰ ‘ਚ ਧੱਕਣ ਦੀ ਸਾਜਿਸ਼ ਹੈ। ਮਾਨਚੈਸਟਰ ਆਫ ਇੰਡੀਆ ਮੰਨੇ ਜਾਂਦੇ ਲੁਧਿਆਣਾ ’ਚ ਵੀਰਵਾਰ ਨੂੰ ਦਹਿਸ਼ਤਗਰਦਾਂ ਤੋਂ ਦੋ ਗਰਨੇਡ ,ਪੰਜ ਪਿਸਤੌਲ ਅਤੇ ਕਾਰਤੂਸਰ ਬਰਾਮਦ ਹੋਣ ਦੀ ਰੌਸ਼ਨੀ ’ਚ ਸੁਰੱਖਿਆ ਮਾਹਿਰ ਇਹੋ ਮੰਨਕੇ ਚੱਲ ਰਹੇ ਹਨ। ਲੁਧਿਆਣਾ ਪੁਲਿਸ ਦੇ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਅੱਤਵਾਦੀ ਮਾਡਿਊਲ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰਿਆਂ ਤੇ ਚੱਲਣ ਅਤੇ ਵੱਡੀ ਵਾਰਦਾਤ ਦੀ ਫਿਰਾਕ ’ਚ ਹੋਣ ਦੀ ਪੁਸ਼ਟੀ ਕਰਨ ਤੋਂ ਸੁਰੱਖਿਆ ਮਾਹਿਰਾਂ ਦੇ ਤੌਖਲੇ ਸੱਚ ਜਾਪਦੇ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਟਾਰਗਟ ਕਿÇਲੰਗ ਦੇ ਪੁਰਾਣੇ ਮਾਮਲਿਆਂ ਦੀ ਜਾਂਚ ਦੌਰਾਨ ਵੀ ਅੱਤਵਾਦੀ ਕੁਨੈਕਸ਼ਨ ਅਤੇ ਵਿਦੇਸ਼ੀ ਹੱਥ ਸਾਹਮਣੇ ਆਇਆ ਹੈ। ਪਿਛਲੇ ਇੱਕ ਮਹੀਨੇ ਦੌਰਾਨ ਲੁਧਿਆਣਾ ’ਚ ਵਾਪਰੀ ਇਹ ਦੂਸਰੀ ਅਤੇ ਪੰਜਾਬ ਦੀ ਤੀਸਰੀ ਵੱਡੀ ਘਟਨਾ ਹੈ ਜਿਸ ਨੇ ਪੁਲਿਸ ਨੂੰ ਫਿਕਰਮੰਦ ਕਰ ਦਿੱਤਾ ਹੈ।
ਲੁਧਿਆਣਾ ਪੁਲਿਸ ਨੇ ਛਠ ਪੂਜਾ ਤੋਂ ਪਹਿਲਾਂ ਗਰਨੇਡ ਬਰਾਮਦ ਕੀਤਾ ਸੀ ਤਾਂ ਉਦੋਂ ਵੀ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਸਨ। ਨਵੰਬਰ ਮਹੀਨੇ ਦੌਰਾਨ ਸ਼ੂਟਰਾਂ ਨੇ ਫਿਰੋਜ਼ਪੁਰ ਦੇ ਆਰਐਸਐਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਨੂੰ ਕਤਲ ਕਰ ਦਿੱਤਾ ਸੀ। ਰੇਕੀ ਕਰਨ ਤੋਂ ਬਾਅਦ ਨਵੀਨ ਅਰੋੜਾ ਨੂੰ ਨਜ਼ਦੀਕ ਤੋਂ ਗੋਲੀ ਮਾਰੀ ਗਈ ਹੈ । ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਮਾਮਲੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਨਾਲ ਜੁੜੇ ਜਾਪਦੇ ਹਨ। ਹੁਣ ਰਤਾ ਪਿਛੋਕੜ ’ਚ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਹੁਣ ਤੱਕ ਪੰਜਾਬ ’ਚ ਰਹੀਆਂ ਵੱਖ ਵੱਖ ਸਿਆਸੀ ਧਿਰਾਂ ਦੀਆਂ ਸਰਕਾਰਾਂ ਦੇ ਰਾਜ ਭਾਗ ਦੌਰਾਨ ਅੱਧੀ ਦਰਜਨ ਤੋਂ ਵੱਧ ਸ਼ਖਸ਼ੀਅਤਾਂ ਟਾਰਗੈਟ ਕਿÇਲੰਗ ਦਾ ਸ਼ਿਕਾਰ ਹੋਈਆਂ ਹਨ। ਸਾਲ 2016 ’ਚ ਆਰਐਸਐਸ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਹੱਤਿਆ ਕਾਂਡ ਇਸ ਤਰਾਂ ਦੇ ਪੈਟਰਨ ਦੀ ਸ਼ੁਰੂਆਤ ਦਾ ਅਹਿਮ ਅਤੇ ਵੱਡਾ ਸੰਕੇਤ ਸੀ ।
ਇਸ ਤੋਂ ਬਾਅਦ ਤਾਂ ਏਦਾਂ ਦੀਆਂ ਵਾਰਦਾਤਾਂ ਤਕਰੀਬਨ ਲਗਾਤਾਰ ਹੀ ਹੁੰਦੀਆਂ ਚਲੀਆਂ ਗਈਆਂ। ਸਾਲ 2016 ਵਿੱਚ ਹੀ ਲੁਧਿਆਣਾ ਜਿਲ੍ਹੇ ਦੇ ਖੰਨਾ ਸ਼ਹਿਰ ’ਚ ਹਿੰਦੂ ਆਗੂ ਸ਼ਿਵ ਪ੍ਰਸ਼ਾਦ ਗੁਪਤਾ ਨੂੰ ਕਤਲ ਕਰਨ ਦਾ ਮਾਮਲਾ ਹਾਲੇ ਤੱਕ ਜਾਂਚ ਅਧੀਨ ਹੀ ਦੱਸਿਆ ਜਾ ਰਿਹਾ ਹੈ। ਲੁਧਿਆਣਾ ਜਿਲ੍ਹੇ ਦੇ ਭੈਣੀ ਸਾਹਿਬ ’ਚ ਦੋ ਨੌਜਵਾਨਾਂ ਨੇ ਪੈਰੀਂ ਹੱਥ ਲਾਉਣ ਦੇ ਬਹਾਨੇੇ ਨਾਮਧਾਰੀ ਸਮਾਜ ਦੀ ਮਾਤਾ ਚੰਦ ਕੌਰ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ ਸਨ। ਸਾਲ 2017 ’ਚ ਲੁਧਿਆਣਾ ’ਚ ਆਰਐਸਐਸ ਦੇ ਆਗੂ ਰਵਿੰਦਰ ਗੁਸਾਈਂ ਵੀ ਟਾਰਗੈਟ ਕਿÇਲੰਗ ਦਾ ਸ਼ਿਕਾਰ ਹੋਏ ਸਨ। ਇੰਨ੍ਹਾਂ ਦੋਵਾਂ ਕੇਸਾਂ ਦੀ ਜਾਂਚ ਦੌਰਾਨ ਐਨਆਈਏ ਦੀ ਗੈਂਗਸਟਰ ਅੱਤਵਾਦੀ ਗਠਜੋੜ ਦੀ ਥਿਊਰੀ ਮਜਬੂਤ ਹੋਈ ਸੀ। ਮੰਨਿਆ ਗਿਆ ਹੈ ਕਿ ਦੋਵਾਂ ਨੂੰ ਵਿਦੇਸ਼ਾਂ ਤੋਂ ਗੈਂਗਸਟਰਾਂ ਰਾਹੀਂ ਕਤਲ ਕਰਵਾਇਆ ਗਿਆ ਹੈ। ਜਨਵਰੀ 2017 ’ਚ ਹਿੰਦੂ ਤਖਤ ਦੇ ਪ੍ਰਧਾਨ ਅਮਿਤ ਸ਼ਰਮਾ ਦਾ ਕਤਲ ਵੀ ਇਸੇ ਲੜੀ ’ਚ ਸ਼ੁਮਾਰ ਹੈ।
ਅਕਤੂਬਰ 2017 ’ਚ ਸ਼ਿਵ ਸੈਨਾ ਆਗੂ ਵਿਪਿਨ ਸ਼ਰਮਾ ਦੀ ਹੱਤਿਆ ਹੋਈ ਸੀ ਜਿਸ ਸਬੰਧੀ ਖਾਲਿਸਤਾਨੀ ਕੁਨੈਕਸ਼ਨ ਸਾਹਮਣੇ ਆਇਆ ਹੋਣ ਕਰਕੇ ਮਾਮਲੇ ਦੀ ਐਨਆਈਏ ਦੀ ਜਾਂਚ ਕਰ ਰਹੀ ਹੈ। ਸਾਲ 2022 ’ਚ ਤਾਂ ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਅੰਮ੍ਰਿਤਸਰ ’ਚ ਮੰਦਿਰ ਦੇ ਸਾਹਮਣੇ ਚੱਲ ਰਹੇ ਰੋਸ ਪ੍ਰਦਰਸ਼ਨ ਦੌਰਾਨ ਮੀਡੀਆ ਦੇ ਕੈਮਰਿਆਂ ਦੀ ਮੌਜੂਦਗੀ ਵਿੱਚ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਹਿੰਦੂ ਹਲਕਿਆਂ ’ਚ ਭਾਰੀ ਨਰਾਜ਼ਗੀ ਦਾ ਮਹੌਲ ਬਣਿਆ ਸੀ। ਇਸ ਕਤਲ ਦੇ ਸਬੰਧ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ। ਕਤਲ ਪਿੱਛੇ ਗਰਮ ਖਿਆਲੀ ਧਿਰਾਂ ਦਾ ਹੱਥ ਹੋਣ ਦਾ ਸ਼ੱਕ ਹੋਣ ਕਰਕੇ ਜਾਂਚ ਐਨਆਈਏ ਕਰ ਰਹੀ ਹੈ। ਸਾਲ 2024 ’ਚ ਰੋਪੜ ਜਿਲ੍ਹੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਵਿਕਾਸ ਪ੍ਰਭਾਕਰ ਦਾ ਕਤਲ ਹੋਇਆ ਸੀ। ਜਾਂਚ ਦੌਰਾਨ ਕਤਲ ਪਿੱਛੇ ਆਈਐਸਆਈ ਤੇ ਅੱਤਵਾਦੀ ਹੱਥ ਸਾਹਮਣੇ ਆਇਆ ਸੀ।
ਸੂਤਰ ਦੱਸਦੇ ਹਨ ਕਿ 2023 ਅਤੇ 2024 ਦੌਰਾਨ ਦਹਿਸ਼ਤ ਫੈਲਾਉਣ ਲਈ ਵਪਾਰਿਕ ਜੱਥੇਬੰਦੀਆਂ ਅਤੇ ਮੰਦਿਰ ਕਮੇਟੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਲੰਧਰ ’ਚ ਦਿਨੇਸ਼ ਗੁਪਤਾ ,ਲੁਧਿਆਣਾ ’ਚ ਸੰਦੀਪ ਅਰੋੜਾ, ਫਾਜ਼ਿਲਕਾ ਦੇ ਰਵੀ ਮਹਿਤਾ, ਪਟਿਆਲਾ ਦੇ ਰਜੇਸ਼ ਗੁਪਤਾ ਅਤੇ ਪਠਾਨਕੋਟ ਵਿੱਚ ਸੰਜੇ ਗੁਪਤਾ ਤੇ ਫਾਇਰਿੰਗ ਕੀਤੀ ਗਈ। ਪੁਲਿਸ ਦਾਅਵਾ ਕਰਦੀ ਹੈ ਕਿ ਹਥਿਆਰਾਂ ਦੀ ਸਪਲਾਈ ਅਤੇ ਫੰਡਿੰਗ ’ਚ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੀ ਭੂਮਿਕਾ ਹੈ। ਕਈ ਮਾਮਲਿਆਂ ਦੇ ਮੁੱਖ ਵੀ ਦੋਸ਼ੀ ਪੁਲਿਸ ਦੀ ਪਹੰਚ ਤੋਂ ਦੂਰ ਹਨ ਜਿਸ ਕਰਕੇ ਅਦਾਲਤੀ ਸੁਣਵਾਈ ਵੀ ਕਿਸੇ ਤਣ ਪੱਤਣ ਨਹੀਂ ਲੱਗ ਰਹੀ ਹੈ ਅਤੇ ਪੀੜਤ ਪ੍ਰੀਵਾਰਾਂ ਨੂੰ ਮਿਲਣ ਵਾਲੇ ਇਨਸਾਫ ਦਾ ਇੰਤਜਾਰ ਲੰਮਾ ਹੋਇਆ ਪਿਆ ਹੈ। ਹਿੰਦੂ ਆਗੂ ਆਖਦੇ ਹਨ ਕਿ ਉਨ੍ਹਾਂ ਨੂੰ ਸੁਰੱਖਿਆ ਦੀ ਘਾਟ ਰੜਕ ਰਹੀ ਹੈ ਜਦੋਂਕਿ ਪੰਜਾਬ ਪੁਲਿਸ ਦਾ ਕਹਿਣਾ ਹੈ ਲਗਾਤਾਰ ਪੜਚੋਲ ਕਰਨ ਉਪਰੰਤ ਹਿੰਦੂ ਆਗੂਆਂ ਦੀ ਸੁਰੱਖਿਆ ਨੂੰ ਮਜਬੂਤ ਕੀਤਾ ਜਾ ਰਿਹਾ ਹੈ।
ਪੁਲਿਸ ਵੱਲ ਉਠਦੀਆਂ ਉਂਗਲਾਂ
ਭਾਵੇਂ ਡੀਜੀਪੀ ਪੰਜਾਬ ਗੌਰਵ ਯਾਦਵ ਆਖਦੇ ਹਨ ਕਿ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਏਗਾ ਪਰ ਅਚਨਚੇਤ ਵਧੇ ਸੰਗੀਨ ਅਪਰਾਧਾਂ ਕਾਰਨ ਪੁਲਿਸ ਵੱਲ ਉਂਗਲਾਂ ਉੱਠ ਰਹੀਆਂ ਹਨ। ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੋਣ ਕਰਕੇ ਵਿਰੋਧੀ ਉਨ੍ਹਾਂ ਨੂੰ ਨਿਸ਼ਾਨ ਬਣਾ ਰਹੇ ਹਨ। ਸੁਖਾਵਾਂ ਪੱਖ ਇਹੋ ਹੈ ਕਿ ਪੰਜਾਬ ਪੁਲਿਸ ਬਹੁਤੇ ਮਾਮਲਿਆਂ ਨੂੰ ਹੱਲ ਕਰਨ ’ਚ ਸਫਲ ਰਹੀ ਹੈ।