ਤਰਨ ਤਾਰਨ ਜ਼ਿਮਨੀ ਚੋਣ ਨਤੀਜਾ: ਸੀਟ ਜਿੱਤੀ ‘ਆਪ’ ਨੇ, ਸਿਆਸੀ ਜੰਗ ਜਿੱਤੀ ਸੁਖਬੀਰ ਨੇ
ਪੰਥਕ ਹਲਕੇ 'ਚ ਗ਼ੈਰ-ਪੰਥਕ ਪਾਰਟੀ ਜਿੱਤੀ
2027 ਲਈ ਬਦਲੇਗਾ? ਪੰਜਾਬ ਦਾ ਸਿਆਸੀ ਅਖਾੜਾ?
ਕਿਹੜੀ ਪਾਰਟੀ ਲਈ ਕਿਹੜਾ ਸਬਕ?
ਆਮ ਆਦਮੀ ਪਾਰਟੀ ਦੇ ਹੌਂਸਲੇ ਬੁਲੰਦ
----------
ਤਰਨ ਤਾਰਨ ਦੀ ਜ਼ਿਮਨੀ ਚੋਣ ‘ਆਮ ਆਦਮੀ ਪਾਰਟੀ’ ਨੇ ਜਿੱਤੀ ਅਤੇ ਕੇਜਰੀਵਾਲ, ਭਗਵੰਤ ਮਾਨ ਸਮੇਤ ਪੂਰੀ ਪਾਰਟੀ ਵਿੱਚ ਜਸ਼ਨ ਵਾਲਾ ਮਾਹੌਲ ਹੈ।
ਬਰਨਾਲਾ ਤੋਂ ਇਲਾਵਾ ਹੁਣ ਤੱਕ ਹੋਈਆਂ ਲਗਭਗ ਸਾਰੀਆਂ ਜ਼ਿਮਨੀ ਚੋਣਾਂ ‘ਆਪ’ ਨੇ ਜਿੱਤੀਆਂ ਹਨ।
‘ਆਪ’ ਦਾ ਦਾਅਵਾ ਹੈ ਕਿ ਲੋਕ ਭਗਵੰਤ ਮਾਨ ਸਰਕਾਰ ਦੇ ਕੰਮਾਂ ‘ਤੇ ਬਾਰ-ਬਾਰ ਮੋਹਰ ਲਾ ਰਹੇ ਹਨ।
ਬਹੁਤੀਆਂ ਜ਼ਿਮਨੀ ਚੋਣਾਂ ਵਿੱਚ ਹੋਰ ਪਾਰਟੀਆਂ ਦੇ ਨੇਤਾਵਾਂ ਨੂੰ ਤੋੜ ਕੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ — ਤਰਨ ਤਾਰਨ ਵਿੱਚ ਵੀ ਇਹੀ ਕੀਤਾ ਗਿਆ।
ਹਰਮੀਤ ਸੰਧੂ ਨੂੰ ਅਕਾਲੀ ਦਲ ਵਿੱਚੋਂ ਪੁੱਟ ਕੇ ‘ਆਪ’ ਨੇ ਆਪਣਾ ਉਮੀਦਵਾਰ ਬਣਾਇਆ ਅਤੇ ਜਿਤਾ ਲਿਆ।
ਜ਼ਿਮਨੀ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਕੁਝ ਅਡਵਾਂਟੇਜ ਹੁੰਦੇ — ਵੋਟਰਾਂ ਨੂੰ ਖਿੱਚਣ ਅਤੇ ਵਿੰਗੇ ਟੇਢੇ ਢੰਗ ਤਰੀਕੇ ਵਰਤ ਕੇ ਚੋਣ ਮੈਨੇਜ ਕਰਨ ਦੀ ਗੁੰਜਾਇਸ਼ ਹੁੰਦੀ ਹੈ। ਇੱਥੇ ਵੀ ਉਹ ਸਭ ਵਰਤੇ ਗਏ।
ਉੱਘੜਵੇਂ ਸਬਕ-2027 ਲਈ ਸਿਆਸੀ ਮਾਇਨੇ
‘ਆਪ’ ਇਸ ਜਿੱਤ ਨੂੰ 2027 ਦਾ ਸੈਮੀਫਾਈਨਲ ਦੱਸ ਰਹੀ ਹੈ ਅਤੇ ਫਾਈਨਲ ਵੀ ਵੱਡੇ ਫ਼ਰਕ ਨਾਲ ਜਿੱਤਣ ਦਾ ਦਾਅਵਾ ਕਰ ਰਹੀ ਹੈ।
ਪਰ ਤਰਨ ਤਾਰਨ ਦੇ ਨਤੀਜਿਆਂ ਨੇ ਕਈ ਨਵੇਂ ਸਵਾਲ ਅਤੇ ਸਿਆਸੀ ਉਥੱਲ-ਪਥੱਲ ਪੈਦਾ ਕੀਤੀ ਹੈ।
ਸੈਕੂਲਰ ਵੋਟ ਬੇਸ ਦਾ ਮਜ਼ਬੂਤੀ ਨਾਲ ਸਾਹਮਣੇ ਆਉਣਾ
‘ਆਪ’ ਦੀ ਜਿੱਤ — ਖ਼ਾਸ ਕਰਕੇ ਸ਼ਹਿਰੀ ਵੋਟਰਾਂ ਵਿੱਚ — ਇਹ ਸਾਬਤ ਕਰਦੀ ਹੈ ਕਿ ਸਿਰਫ਼ ਕਿਸੇ ਇੱਕ ਧਾਰਮਿਕ ਵਰਗ ਜਾਂ ਸਮੂਹ ਦੀ ਨੁਮਾਇੰਦਗੀ ਕਰਕੇ ਚੋਣ ਜਿੱਤਣਾ ਮੁਸ਼ਕਿਲ ਹੈ।
ਸੈਕੂਲਰ ਰੁਝਾਨ ਪੰਜਾਬ ਵਿੱਚ ਹੋਰ ਵੱਧ ਕਬੂਲਿਆ ਜਾ ਰਿਹਾ ਹੈ।
ਦਲ-ਬਦਲ ਵੋਟਰਾਂ ਲਈ ਸਵੀਕਾਰ ਯੋਗ
ਲੋਕਾਂ ਨੇ ਇੱਕ ਵਾਰ ਫਿਰ ਦਲ-ਬਦਲੂ ਉਮੀਦਵਾਰ ਨੂੰ ਜਿਤਾਇਆ — ਇਹ ਰੁਝਾਨ ਪੱਕਾ ਹੁੰਦਾ ਦਿਖ ਰਿਹਾ ਹੈ ਦਲ -ਬਦਲੀ ਇਸ ਚੋਂ ਸਿਸਟਮ ਦਾ ਹਿੱਸਾ ਬਣ ਗਈ ਹੈ ।
ਆਪ ਨੂੰ ਵੀ ਗਲਤ ਫਹਿਮੀ ਚ ਨਹੀਂ ਰਹਿਣਾ ਚਾਹੀਦਾ ਕਿ 2027 ਚ ਇਹੀ ਮਾਹੌਲ ਹੋਵੇਗਾ -ਅਕਾਲੀ ਦਲ ਵੀ ਹੁਣ ਵੱਡੀ ਚੁਣੌਤੀ ਬਣ ਸਕਦਾ ਹੈ
ਭਗਵੰਤ ਮਾਨ ਦੀ ਪੁਜ਼ੀਸ਼ਨ ਮਜ਼ਬੂਤ ਹੋਣ ਦੇ ਆਸਾਰ
-----
ਹਰਮੀਤ ਸੰਧੂ ਨੂੰ ਪਾਰਟੀ ਵਿੱਚ ਲਿਆਉਣ ਵਾਲੇ ਖ਼ੁਦ ਭਗਵੰਤ ਮਾਨ ਸਨ।
ਚੋਣ ਪ੍ਰਚਾਰ ਵਿੱਚ ਵੀ ਉਹੀ ਸਟਾਰ ਪ੍ਰਚਾਰਕ ਸਨ।
ਸਰਕਾਰ ਅਤੇ ਪਾਰਟੀ ਵਿੱਚ ਭਗਵੰਤ ਮਾਨ ਦੀ ਪੁਜ਼ੀਸ਼ਨ ਬਿਹਤਰ ਹੋਵੇਗੀ।
---
ਅਕਾਲੀ ਦਲ ਅਤੇ ਸੁਖਬੀਰ ਬਾਦਲ ਦੀ ਤਕੜੀ ਸਿਆਸੀ ਰੀ-ਐਂਟਰੀ
----
ਭਾਵੇਂ ਸੀਟ ‘ਆਪ’ ਨੇ ਜਿੱਤੀ ਹੈ, ਪਰ ਸਿਆਸੀ ਲੜਾਈ ਅਕਾਲੀ ਦਲ ਅਤੇ ਸੁਖਬੀਰ ਬਾਦਲ ਨੇ ਜਿੱਤੀ ਹੈ।
ਮੁਕਾਬਲੇ ਵਿੱਚ ਅਕਾਲੀ ਦਲ ਦਾ ਦੂਜੇ ਨੰਬਰ ‘ਤੇ ਆਉਣਾ ਪਾਰਟੀ ਲਈ ਵੱਡੀ ਪ੍ਰਾਪਤੀ ਹੈ।
ਇਹ ਸੰਕੇਤ ਸਾਫ਼ ਹੈ ਕਿ ਅਕਾਲੀ ਦਲ ਦੀ ਰਿਵਾਈਵਲ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਤਰਨ ਤਾਰਨ ਨੇ ਅਕਾਲੀ ਵੋਟਰਾਂ ਅਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਹੈ
2027 ਲਈ ਇੱਕ ਨਵੀਂ ਆਸ ਬਣੀ ਹੈ।
ਇਸ ਨਾਲ ਪੁਨਰ ਸੁਰਜੀਤ ਅਕਾਲੀ ਦਲ ਦੇ ਕੁਝ ਨੇਤਾ ਅਤੇ ਹੇਠਲੇ ਪੱਧਰ ਦੇ ਅਕਾਲੀ ਵਰਕਰ ਮੁੜ ਸੁਖਬੀਰ ਬਾਦਲ ਵੱਲ ਵਾਪਸ ਆ ਸਕਦੇ ਹਨ
ਇਸ ਦਲ ਦੀ ਹੀ ਹੋਂਦ ‘ਤੇ ਸਵਾਲ ਉੱਠਣ, ਉਸ ਤੋਂ ਲੋਕ ਖਿਸਕ ਜਾਂਦੇ ਹਨ।
ਜਗਦੀਪ ਸਿੰਘ ਚੀਮਾ, ਰਣਜੀਤ ਸਿੰਘ ਗਿੱਲਕੋ ਵਾਂਗ ਬੀਜੇਪੀ ਜਾਂ ਹੋਰ ਪਾਰਟੀਆਂ ਵੱਲ ਜਾਣ ਵਾਲੇ ਅਕਾਲੀ ਨੇਤਾਵਾਂ ਦਾ ਰੁਝਾਨ ਹੁਣ ਠੰਢਾ ਪੈ ਸਕਦਾ ਹੈ।
ਕਾਂਗਰਸ ਪਾਰਟੀ ਦੇ ਕੁਝ ਨੇਤਾਵਾਂ ਦਾ ਰੁਝਾਨ ਵੀ ਅਕਾਲੀ ਦਲ ਵੱਲ ਹੋ ਸਕਦਾ ਹੈ।
ਸਿਆਸੀ ਹਲਕਿਆਂ ਮੁਤਾਬਕ ਬੀਜੇਪੀ ਇਹ ਟੈਸਟ ਕਰ ਰਹੀ ਸੀ ਕਿ ਕਿਹੜਾ ਅਕਾਲੀ ਧੜਾ ਮਕਬੂਲ ਹੈ — ਸੁਖਬੀਰ ਬਾਦਲ ਇਸ ਟੈਸਟ ‘ਚ ਪਾਸ ਹੋ ਗਏ ਹਨ।
----
ਤੀਜੀ ਧਿਰ—ਗਰਮ ਖ਼ਿਆਲੀ ਵੋਟ ਬੈਂਕ ਦਾ ਅਰਥ
----
‘ਵਾਰਸ ਪੰਜਾਬ ਦੇ’ ਦੇ ਮਨਦੀਪ ਸਿੰਘ ਹਾਰ ਗਏ, ਪਰ 16% ਵੋਟ ਲੈ ਕੇ ਤੀਜੇ ਨੰਬਰ ‘ਤੇ ਰਹਿਣਾ ਸੰਕੇਤਮਈ ਹੈ।
ਇਹ ਦੱਸਦਾ ਹੈ ਕਿ ਗਰਮ-ਖ਼ਿਆਲੀ ਸਿੱਖ ਵਿਚਾਰਧਾਰਾ ਪੰਜਾਬ ਵਿੱਚ ਇੱਕ ਤੀਜੀ ਸਿਆਸੀ ਧਿਰ ਵਜੋਂ ਕਾਇਮ ਹੈ।
ਇਸ ਧਿਰ ਦਾ ਆਧਾਰ ਸੁੰਗੜ ਗਿਆ ਹੈ ਪਰ 2027 ਵਿੱਚ ਰਵਾਇਤੀ ਪਾਰਟੀਆਂ ਲਈ ਚੁਨੌਤੀ ਰਹੇਗੀ।
ਸੁਖਬੀਰ ਬਾਦਲ ਦੀ ਅਗਵਾਈ ਹੇਠ ਮਾਡਰੇਟ ਲੀਡਰਸ਼ਿਪ ਜਿੰਨੀ ਤਕੜੀ ਹੋਵੇਗੀ, ਓਨੀ ਹੀ ਇਹ ਧਿਰ ਕਮਜ਼ੋਰ ਹੋਵੇਗੀ।
--
ਕਾਂਗਰਸ ਦਾ ਬੁਰਾ ਹਾਲ — ਚੌਥੇ ਸਥਾਨ ‘ਤੇ ਸਿਮਟੀ, ਜ਼ਮਾਨਤ ਵੀ ਨਹੀਂ ਬਚੀ — ਲੀਡਰਸ਼ਿਪ ਚ ਤਬਦੀਲੀ ਲਾਜ਼ਮੀ
-------
ਤਰਨ ਤਾਰਨ ‘ਚ ਕਾਂਗਰਸ ਚੌਥੇ ਸਥਾਨ ‘ਤੇ ਆ ਸਿਮਟੀ — ਉਮੀਦਵਾਰ ਦੀ ਜ਼ਮਾਨਤ ਵੀ ਨਹੀਂ ਬਚੀ।
ਇਹ ਨਤੀਜਾ ਸਿਆਸਤ ‘ਚ ਵੱਡਾ ਮੋੜ ਹੈ — ਪੰਜਾਬ ਵਿੱਚ ਕਾਂਗਰਸ ਦੀ ਮੇਨ ਵਿਰੋਧੀ ਪਾਰਟੀ ਵਜੋਂ ਸਥਿਤੀ ਕਮਜ਼ੋਰ ਹੋਈ।
ਇਹ ਨਤੀਜਾ ਸੰਕੇਤ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਚ ਤਬਦੀਲੀ ਲਾਜ਼ਮੀ ਹੈ — ਰਾਜਾ ਵੜਿੰਗ ਦੀ ਛੁੱਟੀ ਤਕਰੀਬਨ ਤਹਿ ਹੈ।
ਨਤੀਜੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਦੀ ਲੜਾਈ ਇਕ ਵਾਰ ਹੋਰ ਤੇਜ਼ ਹੋ ਸਕਦੀ ਹੈ।
ਕਾਂਗਰਸ ਹਾਈ ਕਮਾਂਡ ਨੂੰ ਪੰਜਾਬ ਬਾਰੇ ਆਪਣੀ ਰਣਨੀਤੀ ਮੁੜ ਸੋਚਣੀ ਪਵੇਗੀ।
----------------
ਬੀਜੇਪੀ ਲਈ ਵੱਡਾ ਝਟਕਾ-ਗਠਜੋੜ ਦੀ ਵਕਾਲਤ ਵਾਲਿਆਂ ਆਵਾਜ਼ ਵਜ਼ਨਦਾਰ ਹੋਵੇਗੀ
-----
BJP ਨੇ ਮੁੱਖ ਮੰਤਰੀਆਂ ਅਤੇ ਸੀਨੀਅਰ ਨੇਤਾਵਾਂ ਨਾਮ ਜ਼ੋਰਦਾਰ ਚੋਂ ਮੁਹਿੰਮ ਚਲਾਈ ਪਰ ਸ਼ਹਿਰੀ ਹਿੰਦੂ ਵੋਟਾਂ ਵੀ ਬੀਜੇਪੀ ਨੂੰ ਨਹੀਂ ਮਿਲੀਆਂ — ਜ਼ਮਾਨਤ ਵੀ ਨਹੀਂ ਬਚੀ।
2024 ਦੀਆਂ ਲੋਕ ਸਭਾ ਚੋਣਾਂ ਨਾਲੋਂ ਵੀ ਬੀਜੇਪੀ ਦੀ ਵੋਟ ਫ਼ੀਸਦੀ ਘਟ ਗਈ।
ਬੀਜੇਪੀ ਦਾ ‘ਵੱਡੀ ਤਾਕਤ’ ਅਤੇ 2027 ਦੀ ਚੋਣ ਇਕੱਲੇ ਲੜ ਕੇ ਸਰਕਾਰ ਬਣਾਉਣ ਦਾ ਦਾਅਵਾ ਇਸ ਨਤੀਜੇ ਨਾਲ ਕਾਫ਼ੀ ਕਮਜ਼ੋਰ ਹੋਇਆ।
ਹੁਣ ਬੀਜੇਪੀ ਨੂੰ ਸੋਚਣਾ ਪਵੇਗਾ ਕਿ ਕੀ 2027 ਬਿਨਾਂ ਅਕਾਲੀ ਦਲ ਦੇ ਲੜ ਸਕਣਗੇ?
ਸੁਨੀਲ ਜਾਖੜ ਵਰਗੇ ਬੀ ਜੇ ਪੀ ਦੇ ਉਨ੍ਹਾਂ ਨੇਤਾਵਾਂ ਦੀ ਰਾਇ ਨੂੰ ਵਜ਼ਨ ਮਿਲ ਸਕਦੈ ਜਿਹੜੇ ਅਕਾਲੀ-ਬੀਜੇਪੀ ਗਠਜੋੜ ਦੀ ਵਕਾਲਤ ਕਰਦੇ ਹਨ
14 ਨਵੰਬਰ, 2025

-
Baljit Balli, Editor-In-Chief, Babushahi Network, Tirchhi Nazar Media
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.