ਸਾਡਾ ਵੱਡਾ ਵੀਰ ਸੀ ਹਰਦੇਵ ਸਿੰਘ ਮੰਡੇਰ ਜਰਗ ਵਾਲਾ, ਸਿਸਦੇ ਪੋਤਰੇ ਬਹੁਤ ਖ਼ੂਬਸੂਰਤ ਲੋਕ ਰਾਗ ਗਾਉਂਦੇ ਨੇ। ਹਰਦੇਵ ਮਹਿੰਦਰਾ ਕਾਲਿਜ ਪਟਿਆਲਾ ਤੋਂ ਐੱਮ ਏ ਪੰਜਾਬੀ ਕਰਕੇ ਪਿਛਲੀ ਸਦੀ ਦੇ ਸੱਤਵੇਂ ਦਹਾਕੇ ਵਿੱਚ ਪਿੰਡ ਜਰਗ ਦਾ ਸਰਪੰਚ ਬਣਿਆ। ਚੌਧਰੀਆਂ ਦਾ ਇਹ ਟੱਬਰ ਪਹਿਲਾਂ ਵੀ ਕਈ ਵਾਰ ਸਰਪੰਚੀ ਕਰ ਚੁੱਕਿਆ ਸੀ, ਹਰਦੇਵ ਤੋਂ ਪਹਿਲਾਂ। ਹਰਦੇਵ ਦੀ ਅਗਲੀ ਪੁਸ਼ਤ ਵੀ ਸਰਪੰਚੀ ਕਰ ਚੁੱਕੀ ਹੈ।
ਲੋਕ ਸੰਗੀਤ ਹਰਦੇਵ ਦਾ ਇਸ਼ਕ ਸੀ। ਲੋਕ ਸਾਜ਼ਾਂ ਦਾ ਰਸੀਆ। ਸਾਹਿੱਤ ਸਾਧਕ। ਉਸ ਨੇ 1991 ਵਿੱਚ ਆਪਣੇ ਪੁੱਤਰ ਨਵਜੋਤ ਸਿੰਘ ਜਰਗ ਨੂੰ ਨਾਲ ਲੈ ਕੇ ਪ੍ਰੋ. ਮੋਹਨ ਸਿੰਘ ਜੀ ਦੀ ਰਚਨਾ “ਨਾਨਕਾਇਣ” ਵਿੱਚੋਂ ਕੁਝ ਹਿੱਸੇ ਰੀਕਾਰਡ ਕਰਕੇ ਪ੍ਰੋ. ਮੋਹਨ ਸਿੰਘ ਮੇਲੇ ਤੇ ਪੰਜਾਬੀ ਭਵਨ ਲੁਧਿਆਣਾ ਵਿੱਚ ਲੋਕ ਅਰਪਣ ਕੀਤੇ। ਉਸ ਨੇ ਜਰਗ ਪਿੰਡ ਵਿੱਚ ਰਾਜਾ ਜਗਦੇਵ ਮਾਡਲ ਸਕੂਲ ਦੀ ਵੀ ਸਥਾਪਨਾ ਕੀਤੀ ਜੋ ਅੱਜ ਵੀ ਸਫ਼ਲਤਾ ਪੂਰਵਕ ਚੱਲ ਰਿਹਾ ਹੈ।
ਉਦੋਂ ਸਕੂਲ ਵਿਦਿਆਰਥੀ ਨਵਜੋਤ ਹੁਣ ਪੰਜਾਬ ਸਰਕਾਰ ਦੀ ਇੱਕ ਕਾਰਪੋਰੇਸ਼ਨ “ਜੈਨਕੋ” ਦਾ ਚੇਅਰਮੈਨ ਹੈ। ਉਸ ਦੀ ਸਾਰੰਗੀ ਵਾਦਨ ਕਲਾ ਨੇ ਪੂਰੇ ਦੇਸ਼ ਵਿੱਚ ਆਪਣਾ ਜਾਦੂ ਬਿਖੇਰਿਆ ਹੈ। ਲੋਕ ਸਾਜ਼ ਵਾਦਨ ਕਰਨਾ ਤੇ ਸਿਖਾਉਣਾ ਉਸ ਦੇ ਸ਼ੌਕ ਦਾ ਹਿੱਸਾ ਹੈ।
ਆਪਣੇ ਦੋਹਾਂ ਪੁੱਤਰਾਂ ਜਸਕੰਵਰ ਤੇ ਨਿੱਕੇ ਨਵਕੰਵਰ ਨੂੰ ਲੋਕ ਸਾਜ਼ ਵਾਦਨ ਤੇ ਗਾਇਨ ਵਿੱਚ ਪ੍ਰਬੀਨ ਕੀਤਾ ਹੈ। ਨੀਲੀ ਪੱਗ ਵਾਲਾ ਜਸਕੰਵਰ ਪੀ ਏ ਯੂ ਲੁਧਿਆਣਾ ਵਿੱਚ ਐੱਮ ਬੀ ਏ ਕਰ ਰਿਹੈ ਤੇ ਹਰੀ ਪੱਗ ਵਾਲਾ ਤੂੰਬਾ ਵਾਦਕ ਨਵਕੰਵਰ ਪੰਜਾਬ ਯੂਨੀਵਰਸਿਟੀ ਦੇ ਕਿਸੇ ਕਾਲਿਜ ਵਿੱਚ ਬੀ ਐੱਸ ਸੀ।
ਮੇਰੇ ਲਿਖੇ ਇਸ ਗੀਤ ਨੂੰ ਆਪੇ ਰੀਕਾਰਡ ਕਰਕੇ ਉਨ੍ਹਾਂ ਯੂ ਟਿਊਬ ਤੇ ਫੇਸ ਬੁੱਕ ਤੇ ਪਾਇਆ ਹੈ। ਲੱਖਾਂ ਲੋਕ ਇਸ ਨੂੰ ਵੇਖ ਚੁੱਕੇ ਹਨ। ਵੀਡੀਉਗਰਾਫੀ ਨਵਜੋਤ ਨੇ ਕੀਤੀ ਹੈ।
ਲੋਕ ਸੰਗੀਤ ਨੂੰ ਸਮਰਪਿਤ ਤੀਜੀ ਪੀੜ੍ਹੀ ਦੇ ਸਿਰੜ ਸਮਰਪਣ ਤੇ ਸੁਹਜ ਨੂੰ ਸਲਾਮ। ਹਰਦੇਵ ਸਿੰਘ ਦੇ ਲਾਏ ਬੂਟੇ ਭਰਪੂਰ ਫ਼ਲ ਦੇ ਰਹੇ ਨੇ। ਨਵਜੋਤ ਦੀ ਮਾਤਾ ਪਰਮਜੀਤ ਕੌਰ ਤੇ ਬੱਚਿਆਂ ਦੀ ਜਣਨਹਾਰੀ ਜਸਬੀਰ ਵੀ ਭਾਗਾਂ ਵਾਲੀ ਹੈ ਜਿਸ ਦੇ ਬੱਚੜੇ ਸੁਰਵੰਤੇ ਹਨ।
ਗੀਤ ਦੇ ਬੋਲ ਪੇਸ਼ ਹਨ।
ਅੰਬਾਂ ਨੂੰ ਪੈ ਗਿਆ ਬੂਰ
ਨੀ ਜਿੰਦ ਠੇਡੇ ਖਾਂਦੀ,
ਮਾਨਣ ਵਾਲਾ ਦੂਰ ਨੀ
ਜਿੰਦ ਠੇਡੇ ਖਾਂਦੀ।
ਸ਼ਯਾਮ ਘਟਾਂ ਚੜ੍ਹ ਆਈਆਂ ਅੰਬਰੀਂ ਦਿਲ ਪਿਆ ਡੋਬੇ ਖਾਵੇ।
ਸਿਰ ਤੋਂ ਪੈਰਾਂ ਤੀਕ ਨੇ ਅੱਥਰੂ ਜਿਸਮ ਪਿਘਲਦਾ ਜਾਵੇ।
ਤਨ ਦਾ ਭਖ਼ੇ ਤੰਦੂਰ
ਨੀ ਜਿੰਦ ਠੇਡੇ ਖਾਂਦੀ।
ਮਾਨਣ ਵਾਲਾ ਦੂਰ ਨੀ
ਜਿੰਦ ਠੇਡੇ ਖਾਂਦੀ।
ਨਾ ਮੈਂ ਵਰੀ ਵਿਆਹੀ
ਨਾ ਮੈਂ ਮਹਿੰਦੀ ਤਲੀਏ ਲਾਈ।
ਇਹ ਬਦਲੋਟੀ ਯਾਦਾਂ ਬਣ ਕਿਉਂ
ਮਨ ਮੰਦਰ ਵਿੱਚ ਆਈ।
ਕੋਈ ਤਾਂ ਕਸਰ ਜ਼ਰੂਰ
ਨੀ ਜਿੰਦ ਠੇਡੇ ਖਾਂਦੀ।
ਮਾਨਣ ਵਾਲਾ ਦੂਰ ਨੀ
ਜਿੰਦ ਠੇਡੇ ਖਾਂਦੀ।
ਕੱਚੇ ਘਰ ਦੇ ਵਿਹੜੇ ਸੀ ਮੈਂ
ਅੰਬ ਦਾ ਬੂਟਾ ਲਾਇਆ।
ਇਸ ਨੂੰ ਲੋਕੀਂ ਕਹਿਣ ਮੁਹੱਬਤ
ਜਿਸ ਨੂੰ ਪਾਣੀ ਪਾਇਆ।
ਅੰਬੀਆਂ ਨੇ ਭਰਪੂਰ ਨੀ
ਜਿੰਦ ਠੇਡੇ ਖਾਂਦੀ।
ਮਾਨਣ ਵਾਲਾ ਦੂਰ ਨੀ
ਜਿੰਦ ਠੇਡੇ ਖਾਂਦੀ।
ਪੰਛੀ ਤੇ ਪਰਦੇਸੀ ਕਹਿੰਦੇ ਇੱਕ ਟਾਹਣੀ ਨਹੀਂ ਬਹਿੰਦੇ।
ਜਿੱਧਰ ਚੋਗ ਮਿਲੇ ਤੁਰ ਜਾਂਦੇ
ਇੱਕ ਥਾਂ ਤੇ ਨਾ ਰਹਿੰਦੇ।
ਭੁੱਲ ਗਈ ਮੈਂ ਦਸਤੂਰ
ਨੀ ਜਿੰਦ ਠੇਡੇ ਖਾਂਦੀ।
ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।

-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਲੇਖਕ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.