ਨਹੀਂ ਭੁੱਲਦੇ ਮਾਸਟਰ ਵੇਦ ਪ੍ਰਕਾਸ਼
———————————-
ਉਹ ਕੱਚੀ ਪਹਿਲੀ ਜਮਾਤ,ਤਲਾਅ ਵਾਲਾ ਸਕੂਲ ਤੇ ਸਕੂਲ ਦਾ ਉਹ ਅਧਿਆਪਕ ਜੋ ਮੇਰਾ ਪਹਿਲਾ ਅਧਿਆਪਕ ਸੀ,ਅੱਜ ਵੀ ਮੇਰੇ ਜ਼ਹਿਨ ਚ ਹੈ।ਸੱਚੀ ਮੁੱਚੀ ਵੇਦ ਪ੍ਰਕਾਸ਼ ਮਾਸਟਰ ਮੈਨੂੰ ਅੱਜ ਵੀ ਉਸੇ ਤਰਾਂ ਯਾਦ ਹੈ ਭਾਂਵੇ ਕੇ ਮੈਂ ਅੱਜ ਖੁਦ ਅਧਿਆਪਕ ਲੱਗ ਕੇ ਸੇਵਾ ਮੁਕਤ ਹੋਣ ਦੇ ਨੇੜੇ ਪੁੱਜ ਚੁੱਕਾ ਹਾਂ।ਸਕੂਲ ਚ ਖੜਾ ਉਹ ਪਿੱਪਲ ਦਾ ਦਰਖਤ ਤੇ ਉਸਦੀ ਠੰਢੀ ਸੰਘਣੀ ਛਾਂ ਮੈਨੂੰ ਅੱਜ ਵੀ ਚੇਤੇ ਹੈ,ਜੋ ਉਸ ਵਕਤ ਸਰਕਾਰੀ ਪ੍ਰਾਇਮਰੀ ਸਕੂਲ ਖੰਨੇ ਚ ਹੋਇਆ ਕਰਦਾ ਸੀ।ਭਾਂਵੇ ਉਸ ਸਕੂਲ ਦੀ ਇਮਾਰਤ ਦੀ ਦਿੱਖ ਵਕਤ ਮੁਤਾਬਕ ਬਦਲ ਚੁੱਕੀ ਹੈ।ਪਰ ਜਗ੍ਹਾ ਉਹੀ ਹੈ।ਜੋ ਮਨ ਚ ਖੁਸ਼ੀ ਜੇਹੀ ਮਹਿਸੂਸ ਕਰਵਾਉਦੀ ਹੈ।
ਅੱਜ ਵੀ ਜਦੋ ਕਦੇ ਕਦਾਈਂ ਸਕੂਲ ਕੋਲੋ ਗੁਜ਼ਰਦਾ ਹਾਂ ਤਾ ਸਕੂਲ ਦੀਆਂ ਉਹ ਮੁੱਢਲੀਆਂ ਯਾਦਾਂ, ਮੱਲੋ ਮੱਲੀ ਯਾਦ ਆ ਜਾਂਦੀਆਂ ਹਨ।ਜਦੋ ਮੈਂ ਪਹਿਲੀ ਵਾਰ ਸਕੂਲ ਚ ਦਾਖਲ ਹੋਣ ਗਿਆ ਸਾਂ ਤਾਂ ਉਸ ਵੇਲੇ ਦਾ ਕਿੱਸਾ ਹੁਣ ਵੀ ਮੈਨੂੰ ਧੁੰਦਲਾ ਧੁੰਦਲਾ ਯਾਦ ਹੈ।ਘਰਦੇ ਦਾਖਲ ਕਰਵਾਉਣ ਗਏ ਤਾ ਉਮਰ ਘੱਟ ਹੋਣ ਕਰਕੇ ਵੇਦ ਪ੍ਰਕਾਸ਼ ਮਾਸਟਰ ਜੀ ਨੇ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ।ਕਿਉਂਕਿ ਉਦੋਂ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਨੂੰ ਨਿਯਮਾਂ ਮੁਤਾਬਕ ਸਕੂਲ ਚ ਦਾਖਲ ਨਹੀਂ ਕੀਤਾ ਜਾਂਦਾ ਸੀ ਤੇ ਮਾਪੇ ਅਕਸਰ ਅੱਟੇ ਸੱਟੇ ਨਾਲ ਉਮਰ ਦਸ ਕੇ ਬੱਚੇ ਨੂੰ ਦਾਖਲ ਕਰਵਾਇਆ ਕਰਦੇ ਸਨ।
ਪਰ ਕੁਝ ਦਿਨਾ ਪਿੱਛੋਂ ਮੇਰੇ ਭੂਆ ਜੀ ਕਿਸੇ ਨਾ ਕਿਸੇ ਤਰਾਂ ਮੇਰੀ ਉਮਰ ਵਧ ਦਸ ਕੇ ਸਕੂਲ ਦਾਖਲ ਕਰਵਾ ਆਏ।ਉਸ ਸਮੇਂ ਅੱਜ ਤਰਾਂ ਕੇ ਜੀ ,ਪ੍ਰੀ ਨਰਸਰੀ ਜਾਂ ਨਰਸਰੀ ਜਮਾਤਾਂ ਨਹੀਂ ਹੁੰਦੀਆ ਸਨ।ਸਗੋਂ ਸਿੱਧਾ ਪਹਿਲੀ ਜਮਾਤ ਚ ਦਾਖਲ ਕਰ ਲਿਆ ਜਾਂਦਾ ਤੇ ਫਿਰ ਉਸ ਪਿੱਛੋਂ ਦੂਜੀ,ਤੀਜੀ,ਚੌਥੀ ਤੇ ਪੰਜਵੀਂ ਕਾਰਵਾਈ ਜਾਂਦੀ ਸੀ ।ਉਦੋਂ ਪੰਜਾਂ ਜਮਾਤਾਂ ਨੂੰ ਇਕੋ ਅਧਿਆਪਕ ਹੀ ਪੜ੍ਹਾਇਆ ਕਰਦਾ ਸੀ ਨਾ ਕੇ ਅੱਜ ਵਾਂਗ ਤਿੰਨ ਚਾਰ ਅਧਿਆਪਕ ਹੁੰਦੇ ਸਨ ਤੇ ਸਾਡਾ ਉਹ ਅਧਿਆਪਕ ਸੀ ਵੇਦ ਪ੍ਰਕਾਸ਼ ਮਾਸਟਰ ।ਬਿਲਕੁਲ ਸਿੱਧਾ ਸਾਦਾ ਤੇ ਹਸੂੰ ਹਸੂੰ ਕਰਦਾ ਚਿਹਰਾ,ਮਿੱਠੀ ਬੋਲੀ,ਅਪਣੱਤ ਵੀ ਮਨਾ ਮੂੰਹੀ,ਮੇਹਨਤੀ ਹੱਦ ਦਰਜੇ ਦੇ,ਜੋ ਪੂਰੀ ਸ਼ਿੱਦਤ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸਨ।
ਪੰਜਵੀਂ ਜਮਾਤ ਤਲਾਅ ਵਾਲੇ ਸਕੂਲ ਚ ਮਾਸਟਰ ਵੇਦ ਪ੍ਰਕਾਸ਼ ਜੀ ਕੋਲੋ ਕਰਨ ਮਗਰੋਂ ਆਰੀਆ ਸਕੂਲ (ਏ ਐਸ ਸੀਨੀਅਰ ਸੈਕੰਡਰੀ ਸਕੂਲ )ਚ ਦਾਖਲਾ ਲਿਆ।ਪਰ ਅੱਠਵੀ ਕਲਾਸ ਚ ਘਰਦੇ ਖੰਨੇ ਤੋ ਜਮੀਨ ਵੇਚ ਕੇ ਪਟਿਆਲੇ ਦੇ ਪਿੰਡ ਨਿਜਾਮਨੀਵਾਲਾ ਚਲੇ ਗਏ ।ਜਿਸ ਕਰਕੇ 9 ਵੀਂ ਜਮਾਤ ਚ ਘਰਦਿਆਂ ਨੇ ਸਰਕਾਰੀ ਹਾਈ ਸਕੂਲ ਕਰਹਾਲੀ ਸਾਹਿਬ ਦਾਖਲ ਕਰਵਾ ਦਿੱਤਾ।ਦਸਵੀਂ ਉਥੋ ਕੀਤੀ ਤੇ ਮੁੜ ਖੰਨੇ ਆ ਅਰੀਆ ਸਕੂਲ ਚ ਦਾਖਲਾ ਲਿਆ ।ਗਿਆਰਵੀ ਖੰਨੇ ਤੋਂ ਕਰਨ ਉਪਰੰਤ ਫਿਰ ਬਾਰਵੀ ਕਰਨ ਲਈ ਡੀ ਏ ਵੀ ਕਾਲਜ ਸੈਕਟਰ -10 ਚੰਡੀਗੜ੍ਹ ਜਾ ਦਾਖਲ ਹੋ ਗਿਆ। ਉਥੇ ਮਨ ਨਾ ਲੱਗਾ ਤੇ ਇਕ ਸਾਲ ਉਥੇ ਪੜ੍ਹਾਈ ਕਰਨ ਮਗਰੋਂ ਫਿਰ ਗੌਰਮਿੰਟ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ।ਉਸ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੇ ਐਮਏ ਐਮਫਿਲ ਕੀਤੀ ਤੇ ਫਿਰ ਗੌਰਮਿੰਟ ਸਟੇਟ ਕਾਲਜ ਪਟਿਆਲਾ ਤੋ ਬੀ ਐਡ ਕਰ ਮਾਸਟਰ ਲੱਗ ਗਿਆ।ਉਦੋ ਤੱਕ ਵੇਦ ਪ੍ਰਕਾਸ਼ ਮਾਸਟਰ ਰਿਟਾਇਰਡ ਹੋ ਚੁੱਕੇ ਸਨ।ਪਰ ਉਨਾਂ ਜਦੋ ਕਦੇ ਗਾਹੇ ਬਗਾਹੇ ਮਿਲਣਾ ਤਾਂ ਉਨਾਂ ਉਸੇ ਤਰਾਂ ਹੱਸਦੇ ਹੋਏ ਜਰੂਰ ਪੁੱਛਣਾ ਅਜੀਤ ਸਿੰਘ ਕੀ ਹਾਲ ਹੈ ? ਮੈਂ ਉਨਾਂ ਦੇ ਗੋਡੇ ਹੱਥ ਲਾਉਣਾ,ਅਸ਼ੀਰਵਾਦ ਲੈਣਾ ਤੇ ਉਨਾਂ ਦਾ ਮੁੜਵਾਂ ਹਾਲ ਚਾਲ ਪੁੱਛਣਾ।ਬੜਾ ਚੰਗਾ ਲੱਗਣਾ ਉਨਾਂ ਨਾਲ ਮਿਲ ਕੇ ਤੇ ਉਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ।ਉਨਾਂ ਵੀ ਮੇਰੇ ਅਧਿਆਪਕ ਲੱਗਣ ਤੇ ਮਾਨ ਕਰਿਆ ਕਰਨਾ।ਬੇਸ਼ੱਕ ਬਾਅਦ ਚ ਮੈਂ ਕਈ ਹੋਰ ਅਧਿਆਪਕਾਂ ਕੋਲੋਂ ਸਿੱਖਿਆ ਹਾਸਲ ਕੀਤੀ ਪਰ ਜੋ ਵੇਦ ਪ੍ਰਕਾਸ਼ ਜੀ ਤੋਂ ਸਿੱਖਿਆ ਹਾਸਲ ਕੀਤੀ ਉਸ ਨੇ ਮੈਨੂੰ ਉਚੇਰੀ ਸਿੱਖਿਆ ਹਾਸਲ ਕਰਨ ਚ ਬੜਾ ਵੱਡਾ ਯੋਗਦਾਨ ਪਾਇਆ।ਜਿਸ ਨੂੰ ਮੈਂ ਕਦੇ ਭੁਲਾ ਨਹੀਂ ਸਕਿਆ।ਹੁਣ ਵੀ ਸੋਚਦਾ ਹਾਂ ਕਿ ਕਿੰਨੇ ਸਾਦੇ,ਮੇਹਨਤੀ ਤੇ ਚੰਗੇ ਸਨ,ਮੇਰੀ ਮੁੱਢਲੀ ਪੜ੍ਹਾਈ ਕਰਵਾਉਣ ਵਾਲੇ ਮਾਸਟਰ ਵੇਦ ਪ੍ਰਕਾਸ਼ ਜੀ।ਸੱਚੀ ਮੁੱਚੀ ਮੇਰੇ ਕਾਬਲ ਇਨਸਾਨ ਬਣਨ ਚ ਉਨਾਂ ਦੀ ਭੂਮਿਕਾ ਇੱਕ ਗੁਰੂ ਵਾਲੀ ਰਹੀ ਹੈ।
ਅਜੀਤ ਖੰਨਾ
(ਲੈਕਚਰਾਰ)
ਮੋਬਾਈਲ:76967-54669

-
ਅਜੀਤ ਖੰਨਾ (ਲੈਕਚਰਾਰ), (ਲੈਕਚਰਾਰ)
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.