ਦਿੱਲੀ ਏਅਰਪੋਰਟ 'ਤੇ ਵਧਾਈ ਗਈ ਸੁਰੱਖਿਆ, ਯਾਤਰੀਆਂ ਲਈ ਜਾਰੀ ਹੋਈ ਐਡਵਾਈਜ਼ਰੀ
ਮਹਿਕ ਅਰੋੜਾ
ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਪ੍ਰਬੰਧ ਹੋਰ ਵਧਾ ਦਿੱਤੇ ਗਏ ਹਨ। ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ ਹਵਾਈ ਆਵਾਜਾਈ ਆਮ ਤੌਰ 'ਤੇ ਜਾਰੀ ਹੈ, ਪਰ ਨਾਗਰਿਕ ਉੱਡਾਣ ਸੁਰੱਖਿਆ ਬਿਊਰੋ (BCAS) ਦੇ ਨਵੇਂ ਹੁਕਮਾਂ ਅਤੇ ਹਵਾਈ ਖੇਤਰ ਵਿੱਚ ਹੋ ਰਹੇ ਤਬਦੀਲੀਆਂ ਕਾਰਨ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਸੁਰੱਖਿਆ ਜਾਂਚ ਵਿੱਚ ਹੋਰ ਸਮਾਂ ਲੱਗ ਸਕਦਾ ਹੈ।
ਯਾਤਰੀਆਂ ਲਈ ਮੁੱਖ ਹਦਾਇਤਾਂ
ਫਲਾਈਟ ਅਪਡੇਟ ਲੈਣ ਲਈ ਏਅਰਲਾਈਨ ਨਾਲ ਸੰਪਰਕ ਕਰੋ: ਯਾਤਰੀਆਂ ਨੂੰ ਆਪਣੀ ਉਡਾਣ ਬਾਰੇ ਨਵੇਂ ਅਪਡੇਟ ਲਈ ਆਪਣੀ ਏਅਰਲਾਈਨ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਬੈਗੇਜ ਨਿਯਮਾਂ ਦੀ ਪਾਲਣਾ ਕਰੋ: ਹੈਂਡ ਬੈਗ ਅਤੇ ਚੈੱਕ-ਇਨ ਲਗੇਜ਼ ਦੇ ਨਿਯਮਾਂ ਦੀ ਪੂਰੀ ਪਾਲਣਾ ਕਰੋ, ਤਾਂ ਜੋ ਸੁਰੱਖਿਆ ਜਾਂਚ ਵਿਚ ਕੋਈ ਰੁਕਾਵਟ ਨਾ ਆਵੇ।
ਸਮੇਂ ਤੋਂ ਪਹਿਲਾਂ ਏਅਰਪੋਰਟ ਪਹੁੰਚੋ: ਸੰਭਾਵਿਤ ਦੇਰੀ ਕਾਰਨ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਉਡਾਣ ਤੋਂ ਕਾਫੀ ਸਮਾਂ ਪਹਿਲਾਂ ਏਅਰਪੋਰਟ ਪਹੁੰਚਣ।
ਸੁਰੱਖਿਆ ਅਤੇ ਏਅਰਲਾਈਨ ਕਰਮਚਾਰੀਆਂ ਨਾਲ ਸਹਿਯੋਗ ਕਰੋ: ਯਾਤਰੀਆਂ ਨੂੰ ਸੁਰੱਖਿਆ ਜਾਂਚ ਦੌਰਾਨ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਫਲਾਈਟ ਸਥਿਤੀ ਦੀ ਜਾਂਚ ਕਰੋ: ਆਪਣੀ ਫਲਾਈਟ ਦੀ ਸਥਿਤੀ ਏਅਰਲਾਈਨ ਜਾਂ ਦਿੱਲੀ ਏਅਰਪੋਰਟ ਦੀ ਅਧਿਕਾਰਿਕ ਵੈੱਬਸਾਈਟ ਰਾਹੀਂ ਜਾਂਚੋ।
ਹੋਰ ਮੁੱਖ ਜਾਣਕਾਰੀ
ਅਧਿਕਾਰਕ ਸੂਤਰਾਂ ਤੋਂ ਹੀ ਜਾਣਕਾਰੀ ਲਵੋ: ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਧਿਕਾਰਿਕ ਸੂਤਰਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਅਣਪੁਸ਼ਟੀ ਖ਼ਬਰਾਂ ਤੋਂ ਬਚਣ।
32 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ: ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਨੂੰ 9 ਮਈ ਤੋਂ 14 ਮਈ 2025 ਤੱਕ ਸਿਵਲ ਉਡਾਣਾਂ ਲਈ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਹੈ।
ਉਡਾਣਾਂ 'ਚ ਰੁਕਾਵਟ: ਸੁਰੱਖਿਆ ਕਾਰਨ ਦਿੱਲੀ ਏਅਰਪੋਰਟ 'ਤੇ ਕੁਝ ਉਡਾਣਾਂ ਰੱਦ ਜਾਂ ਦੇਰੀ ਨਾਲ ਚੱਲ ਰਹੀਆਂ ਹਨ, ਪਰ ਜ਼ਿਆਦਾਤਰ ਕਾਰਵਾਈ ਆਮ ਹੈ।
