ਕਦੋਂ ਤੱਕ ਹੁੰਦੀਆਂ ਰਹਿਣਗੀਆਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ?
12 ਮਈ ਨੂੰ ਅੰਮ੍ਰਿਤਸਰ ਦੇ ਕਸਬਾ ਮਜੀਠਾ ਦੇ ਪਿੰਡ ਭੰਗਾਲੀ ਚ ਇੱਕ ਇੱਟਾਂ ਦੇ ਭੱਠੇ ਉੱਤੇ ਕੰਮ ਕਰਦੇ ਮਜ਼ਦੂਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਜਣਿਆਂ ਦੀ ਮੌਤ ਹੋਣ ਦੀ ਬੁਰੀ ਖ਼ਬਰ ਸਾਹਮਣੇ ਆਈ ਹੈ।ਜਿਸ ਨੇ ਕਈ ਤਰਾਂ ਦੇ ਸਵਾਲ ਖੜੇ ਕਰ ਦਿੱਤੇ ਹਨ।ਪੰਜਾਬ ਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ।ਇਸ ਤੋਂ ਪਹਿਲਾਂ ਪਿਛਲੇ ਸਾਲ 2024 ਚ ਜਿਲਾ ਸੰਗਰੂਰ ਦੇ ਪਿੰਡ ਗੁੱਜਰਾਂ ਚ ਸ਼ਰਾਬ ਪੀਣ ਨਾਲ 8 ਮੌਤਾਂ ਹੋਣ ਦੀ ਘਟਨਾ ਵਾਪਰੀ ਸੀ।ਉਸ ਤੋ ਪਹਿਲਾਂ ਵੀ ਪੰਜਾਬ ਚ ਅਨੇਕਾਂ ਵਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਕੜੇ ਅਜਾਂਈ ਮੌਤਾਂ ਚਲੀਆ ਗਈਆਂ।ਹਰ ਵਾਰ ਜਾਂਚ ਦੀ ਮੰਗ ਉਠੱਦੀ ਹੈ,ਫਿਰ ਜਾਂਚ ਕਰਵਾਉਣ ਦੇ ਹੁਕਮ ਹੁੰਦੇ ਹਨ ਤੇ ਜਾਂਚ ਸ਼ੁਰੂ ਹੁੰਦੀ ਹੈ।ਪਰ ਜਿਵੇਂ ਹੀ ਲੋਕ ਰੋਹ ਠੰਡਾ ਹੁੰਦਾ ਹੈ,ਜਾਂਚ ਦੀਆਂ ਫਾਇਲਾਂ ਧੂੜ ਥੱਲੇ ਦਬ ਕੇ ਰਹਿ ਜਾਂਦੀਆਂ ਹਨ।ਉੱਨੇ ਨੂੰ ਭੰਗਾਲੀ ਵਾਂਗ ਮਿਲਦੀ ਜੁਲਦੀ ਅਗਲੀ ਘਟਨਾ ਵਾਪਰ ਜਾਦੀ ਹੈ ਤੇ ਫਿਰ ਉਹੀ ਜਾਂਚ ਵਾਲਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ ।
ਹੁਣ ਵੀ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮੁਤਾਬਕ ਪਿੰਡ ਭੰਗਾਲੀ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਚ ਐੱਫ਼ ਆਈ ਆਰ ਨੰਬਰ 42 ਅਧੀਨ ਧਾਰਾ 105 ਬੀਐਨਐਸ ਅਤੇ 61 ਐਕਸਾਈਜ਼ ਤਹਿਤ ਮੁਕਦਮਾ ਦਰਜ ਕਰ ਕੇ ਕੁਲਬੀਰ ਸਿੰਘ ਉਰਫ ਜੱਗੂ ,ਪ੍ਰਭਜੀਤ ਸਿੰਘ ਹੈ, ਸਾਹਿਬ ਸਿੰਘ ਉਰਫ ਸਰਾਏ ਅਤੇ ਨਿੰਦਰ ਕੌਰ ਪਤਨੀ ਜੀਤਾ ਸਿੰਘ ਸਮੇਤ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜਦ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਵੀ ਖੁਦ ਮੌਕੇ ਤੇ ਪਹੁੰਚੇ ਤੇ ਜਿਨਾਂ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜ ਪਿੰਡਾਂ ਦੇ ਲੋਕ ਪ੍ਰਭਾਵਤ ਹੋਏ ਹਨ।ਅਸੀ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮ ਨੂੰ ਇੱਕ ਚੰਗਾ ਕਦਮ ਕਹਿ ਸਕਦੇ ਹਾਂ।ਮਾਣਯੋਗ ਮੁੱਖ ਮੰਤਰੀ ਵੱਲੋਂ ਇਸ ਘਟਨਾ ਪ੍ਰਤੀ ਗੰਭੀਰਤਾ ਵਿਖਾਉਂਦਿਆਂ ਟਵੀਟ ਕਰਕੇ ਜਹਿਰੀਲ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਨੂੰ ਕਤਲ ਦੱਸਿਆ ਗਿਆ ਹੈ ਤੇ ਦੋਸ਼ੀਆਂ ਨੂੰ ਨਾ ਬਖ਼ਸ਼ੇ ਜਾਣ ਦਾ ਵਾਅਦਾ ਕੀਤਾ ਗਿਆ ਹੈ।ਮੁੱਖ ਮੰਤਰੀ ਦੇ ਇਸ ਟਵੀਟ ਤੋਂ ਲੱਗਦਾ ਹੈ ਕੇ ਉਹ ਜ਼ਹਿਰੀਲੀ ਸ਼ਰਾਬ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਚੋਖਾ ਸਖ਼ਤ ਹਨ ਤੇ ਨਾਲ ਹੀ ਇਹ ਵੀ ਲੱਗਦਾ ਹੈ ਕਿ ਉਹ ਜ਼ਹਿਰੀਲੀ ਸ਼ਰਾਬ ਦੀ ਰੋਕਥਾਮ ਬਾਰੇ ਕੋਈ ਨਾ ਕੋਈ ਸਖ਼ਤ ਐਕਸ਼ਨ ਵੀ ਜਰੂਰ ਲੈਣਗੇ।ਜਿਸ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਅਗਲਾ ਸਵਾਲ ਅਸੀ ਘਟਨਾ ਵਾਪਰਨ ਮਗਰੋਂ ਹੀ ਹਰਕਤ ਚ ਕਿਉਂ ਆਂਉਦੇ ਹਾਂ ?ਪਹਿਲਾਂ ਕਿਉ ਨਹੀ ਸਾਰਥਕ ਕਦਮ ਉਠਾਏ ਜਾਂਦੇ ? ਸ਼ਰਾਬ ਦੀਆਂ ਨਿਜਾਇਜ ਫੈਕਟਰੀਆਂ ਤੇ ਨਿਕੇਲ ਕੌਣ ਲਾਓ ? ਇਸ ਤੋਂ ਪਹਿਲਾਂ ਵੀ ਨਕਲੀ ਸ਼ਰਾਬ ਤਿਆਰ ਕਰਨ ਤੇ ਵੇਚਣ ਵਾਲੇ ਮਾਫੀਆ ਦੀ ਬਦੌਲਤ ਸੰਗਰੂਰ,ਅਮਿ੍ਤਸਰ,ਤਰਨ ਤਾਰਨ ਤੇ ਗੁਰਦਾਸਪਰ ਆਦੀ ਜਿਲਿਆ ਚ ਨਕਲੀ ਸ਼ਰਾਬ ਨਾਲ ਸੈਕੜੇ ਮੌਤਾ ਹੋ ਚੁੱਕੀਆ ਹਨ ਕਈ ਵਿਅਕਤੀਆਂ ਨੂੰ ਗਿ੍ਫਤਾਰ ਵੀ ਕੀਤਾ ਗਿਆ।ਪਰ ਬਣਿਆ ਕੀ ?ਸਭ ਦੇ ਸਾਹਮਣੇ ਹੈ।
ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋ ਚਾਰ ਹਫਤਿਆਂ ਚ ਨਸ਼ਾ ਖਤਮ ਕੀਤੇ ਜਾਣ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕ ਕਿ ਪੰਜਾਬ ਦੀ ਸਤਾ ਤੇ ਕਾਬਜ ਹੋਇਆ ਗਿਆ।ਪਰ ਰਿਜਲਟ ਜ਼ੀਰੋ ਰਿਹਾ।ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਢੀ ਨਸ਼ੇ ਖਿਲਾਫ ਮੁਹਿੰਮ ਨੂੰ ਜ਼ਹਿਰੀਲੀ ਸ਼ਰਾਬ ਦੀ ਇਸ ਘਟਨਾ ਨੇ ਗ੍ਰਹਿਣ ਲਾ ਦਿੱਤਾ ਹੈ।ਜਿਸ ਨਾਲ ਸੂਬਾ ਸਰਕਾਰ ਦੀ ਨਸ਼ੇ ਖਿਲਾਫ ਮੁਹਿੰਮ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ?ਪਤਾ ਨਹੀ ਸਰਕਾਰਾਂ ਕਿਉਂ ਘਟਨਾ ਵਾਪਰ ਜਾਣ ਪਿੱਛੋਂ ਹੀ ਹਰਕਤ ਚ ਆਉਦੀਆ ਹਨ,ਪਹਿਲਾਂ ਕਿਉ ਨਹੀ?ਅਗਰ ਸਰਕਾਰ ਤੇ ਪ੍ਸ਼ਾਸ਼ਨ ਅਗੇਤ ਚ ਕਦਮ ਚੁੱਕਣ ਤਾਂ ਗੁੱਜਰਾਂ ਤੇ ਭੰਗਾਲੀ ਵਰਗੀਆਂ ਘਟਨਾਵਾਂ ਨੂੰ ਵਾਪਰਨ ਤੋ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਬੇਸ਼ੱਕ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਕ ਚੰਗਾ ਕਦਮ ਚੁੱਕਿਆ ਗਿਆ ਹੈ।ਪਰ ਫਿਰ ਵੀ ਸਵਾਲ ਖੜਾ ਹੁੰਦਾ ਹੈ ਕਿ ਸ਼ਰਾਬ ਨਾਲ ਇਹ ਮੌਤਾਂ ਕਦੋਂ ਤੱਕ ਹੁੰਦੀਆਂ ਰਹਿਣਗੀਆਂ।ਕੀ ਹਰ ਵਾਰ ਮੁਕੱਦਮਾ ਦਰਜ਼ ਕਰਕੇ ਅਗਲੀ ਘਟਨਾ ਦੀ ਉਡੀਕ ਕੀਤੀ ਜਾਂਦੀ ਰਹੇਗੀ?ਕਿਉਂ ਨਹੀਂ ਅਸੀ ਅਜਿਹੀ ਵਿਵਸਥਾ ਕਰਦੇ ਤਾਂ ਜੋ ਅਜਿਹੀਆਂ ਘਟਨਾਵਾਂ ਸਦਾ ਲਈ ਬੰਦ ਹੋ ਜਾਣ ਤੇ ਅਜਾਈਂ ਜਾਣ ਵਾਲੀਆਂ ਵੱਡਮੁੱਲੀਆਂ ਜਾਨਾ ਬਚ ਸਕਣ।ਇਸ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਸ਼ਰਾਬ ਦੀਆਂ ਨਾਜਾਇਜ ਫੈਕਟਰੀਆਂ ਨੂੰ ਹਰ ਹਾਲ ਚ ਬੰਦ ਕਰਵਾਉਣਾ ਪਵੇਗਾ ਤਾਂ ਹੀ ਜ਼ਹਿਰੀਲੀ ਸ਼ਰਾਬ ਨਾਲ ਵਿਛਣ ਵਾਲੇ ਸਥਰਾਂ ਨੂੰ ਠੱਲ੍ਹ ਪੈ ਸਕਦੀ ਹੈ ਨਹੀਂ ਤਾਂ ਮੁਕੱਦਮਾ ਦਰਜ਼ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੋਈ ਬਹੁਤਾ ਲਾਭ ਨਹੀਂ ਹੋਵੇਗਾ।ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਭੰਗਾਲੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਾਵੇਗੀ ਤੇ ਇਸ ਸਮੱਸਿਆ ਦਾ ਸਥਾਈ ਹੱਲ ਕੱਢੇਗੀ।
————
ਅਜੀਤ ਖੰਨਾ
(ਲੈਕਚਰਾਰ)
ਮੋਬਾਈਲ :76967-54669

-
ਅਜੀਤ ਖੰਨਾ (ਲੈਕਚਰਾਰ), (ਲੈਕਚਰਾਰ)
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.