ਚਾਰ ਖੱਬੇ ਪੱਖੀ ਪਾਰਟੀਆਂ ਵਲੋਂ ਕੇਂਦਰੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਰਨਾਲਾ, 22 ਜੂਨ 2026 :ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੂਬਾਈ ਸੱਦੇ 'ਤੇ ਇੱਥੇ ਲੇਬਰ ਚੌਂਕ ਵਿਖੇ ਖੱਬੀਆਂ ਪਾਰਟੀਆਂ ਵਲੋਂ ਭਾਜਪਾ ਦੀ ਕੇਂਦਰੀ ਮੋਦੀ ਸਰਕਾਰ ਦੀਆਂ ਦੇਸ਼ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾ. ਖੁਸ਼ੀਆ ਸਿੰਘ ਬਰਨਾਲਾ, ਸੀਪੀਆਈ (ਐੱਮਐੱਲ)ਲਿਬਰੇਸ਼ਨ ਆਗੂ ਗੁਰਪ੍ਰੀਤ ਰੂੜੇਕੇ, ਆਰਐੱਮਪੀਆਈ ਦੇ ਸੁਰਿੰਦਰ ਸ਼ਰਮਾ, ਸੀਪੀਆਈ (ਐੱਮਐੱਲ) ਨਿਊਡੈਮੋਕਰੇਸੀ ਦੀ ਆਗੂ ਚਰਨਜੀਤ ਕੌਰ ਬਰਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀ ਬਜਾਇ ਚਹੇਤੇ ਕਾਰਪੋਰੇਟ ਹਿਤੈਸ਼ੀ ਹੈ। ਜਨਤਕ ਅਸਾਸੇ ਇਨ੍ਹਾਂ ਮੁਨਾਫ਼ੇਖੋਰਾਂ ਨੂੰ ਕੌਡੀਆਂ ਦੇ ਭਾਅ ਲੁਟਾਏ ਜਾ ਰਹੇ ਹਨ ਦੂਜੇ ਪਾਸੇ ਆਮ ਲੋਕਾਂ ਨੂੰ ਮੰਦਹਾਲੀ ਤੇ ਗ਼ੁਰਬਤ ਦੀ ਦਲਦਲ 'ਚ ਲਗਾਤਾਰ ਧੱਕਿਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸਬੰਧਤ ਕਮਿਊਨਿਸਟ ਪਾਰਟੀਆਂ ਖੇਤੀ ਤੇ ਪ੍ਰਚੂਨ ਖੇਤਰ ਨੂੰ ਤਬਾਹ ਕਰਨ ਵਾਲੇ ਵਪਾਰ ਸਮਝੌਤੇ ਨੂੰ ਰੱਦ ਕਰਨ, ਪਹਿਲੇ 'ਨੀਟ' ਪੇਪਰ ਲੀਕ ਲਈ ਜ਼ਿੰਮੇਵਾਰ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੀ ਬਰਖਾਸਤਗੀ, ਸਾਰੀਆਂ ਖੇਤੀ ਜਿਣਸਾਂ ਦੀ ਐੱਮਐੱਸਪੀ 'ਤੇ ਖਰੀਦ ਦੀ ਗਾਰੰਟੀ ਕਰਨ, ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕਰਨ, ਸੂਬਿਆਂ ਦੇ ਅਖਿਤਿਆਰ ਕਟੌਤੀ ਬੰਦ ਕਰਨ, ਚੰਡੀਗੜ੍ਹ ਨੂੰ ਪੰਜਾਬ ਦਾ ਹਵਾਲੇ ਕੀਤੇ ਜਾਣ, ਸੂਬੇ ਦੇ ਦਰਿਆਈ ਪਾਣੀਆਂ ਦੀ ਵੰਡ ਰਿਪੇਅਰੀਅਨ ਸਿਧਾਂਤ ਅਨੁਸਾਰ ਕੀਤੇ ਜਾਣ, ਡੈਮਾਂ ਤੇ ਹੈੱਡਵਰਕਸਾਂ ਦਾ ਕੰਟਰੋਲ ਪੰਜਾਬ ਹਵਾਲੇ ਕਰਨ ਘੱਟੋ ਘੱਟ ਉਜਰਤ 26 ਹਜ਼ਾਰ ਮਹੀਨਾ ਅਤੇ ਦਿਹਾੜੀ 8 ਘੰਟੇ ਕੰਮ ਆਦਿ ਅਤੇ ਬਿਨਾਂ ਮੁਕੱਦਮਾ ਚਲਾਏ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਵਰਗੇ ਮੁੱਦੇ ਲਗਾਤਾਰ ਉਠਾਉਣਗੀਆਂ। ਇਸ ਮੌਕੇ ਜਗਰਾਜ ਰਾਮਾ, ਸੁਖਦੀਪ ਸਿੰਘ, ਸ਼ਿੰਦਰ ਸਿੰਘ ਧੌਲਾ ਤੇ ਮਲਕੀਤ ਸਿੰਘ ਬਰਨਾਲਾ ਆਦਿ ਆਗੂਆਂ ਨੇ ਆਮ ਜਨਤਾ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਮੋਦੀ ਸਰਕਾਰ ਦੇ ਫਾਸ਼ੀ ਹੱਲੇ ਵਿਰੁੱਧ ਵਿੱਢੇ ਜਾ ਰਹੇ ਵੱਡੇ ਸੰਘਰਸ਼ਾਂ ਵਿੱਚ ਵੱਧ ਚੜ੍ਹ ਸ਼ਾਮਲ ਹੋਣ।
- Download Babushahi App
-
-