ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਟ੍ਰਾਈਡੈਂਟ ਗਰੁੱਪ ਵੱਲੋਂ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼
ਯੋਗ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਸੰਤੁਲਿਤ ਜੀਵਨ ਜਿਊਣ ਦੀ ਪ੍ਰੇਰਣਾ ਦਿੰਦਾ ਹੈ : ਰਾਜਿੰਦਰ ਗੁਪਤਾ
ਪੰਜਾਬ, 21 ਜੂਨ :
ਕਰਮਚਾਰੀਆਂ ਦੀ ਸਮੁੱਚੀ ਭਲਾਈ ਅਤੇ ਸਿਹਤਮੰਦ ਕਾਰਜ-ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਟ੍ਰਾਈਡੈਂਟ ਗਰੁੱਪ ਵੱਲੋਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪੰਜਾਬ ਦੇ ਸੰਗੇੜਾ ਅਤੇ ਧੌਲਾ ਸਥਿਤ ਨਿਰਮਾਣ ਇਕਾਈਆਂ, ਮੱਧ ਪ੍ਰਦੇਸ਼ ਦੇ ਬੁਧਨੀ ਸਥਿਤ ਪਲਾਂਟ ਅਤੇ ਲੁਧਿਆਣਾ ਵਿਖੇ ਸਥਿਤ ਕਾਰਪੋਰੇਟ ਦਫ਼ਤਰ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਸਮੇਤ 1000 ਤੋਂ ਵੱਧ ਲੋਕਾਂ ਨੇ ਭਾਗ ਲਿਆ।
ਪ੍ਰਮਾਣਿਤ ਯੋਗ ਮਾਹਿਰਾਂ ਦੀ ਅਗਵਾਈ ਹੇਠ ਯੋਗ ਅਤੇ ਧਿਆਨ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਭਾਗੀਦਾਰਾਂ ਨੇ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵਿਧੀਆਂ ਦਾ ਅਭਿਆਸ ਕੀਤਾ, ਜਿਨ੍ਹਾਂ ਦਾ ਉਦੇਸ਼ ਸਰੀਰਕ ਤੰਦਰੁਸਤੀ, ਮਾਨਸਿਕ ਇਕਾਗਰਤਾ ਅਤੇ ਸਮੁੱਚੇ ਸਿਹਤ ਪੱਧਰ ਨੂੰ ਬਿਹਤਰ ਬਣਾਉਣਾ ਸੀ। ਮਾਹਿਰਾਂ ਨੇ ਨਿਯਮਿਤ ਕਸਰਤ, ਸਿਹਤਮੰਦ ਆਦਤਾਂ ਅਤੇ ਸੰਤੁਲਿਤ ਜੀਵਨ ਸ਼ੈਲੀ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ “ਯੋਗਾ ਫਾਰ ਹਿਊਮੈਨਿਟੀ 2.0” ਸੰਦੇਸ਼ ਤੋਂ ਪ੍ਰੇਰਿਤ ਇਸ ਪਹਿਲ ਰਾਹੀਂ ਵਿਅਕਤੀਗਤ ਸਿਹਤ, ਸਮਾਜਿਕ ਸਦਭਾਵਨਾ ਅਤੇ ਸਮੂਹਕ ਤਰੱਕੀ ਵਿੱਚ ਯੋਗ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਗਿਆ। ਪ੍ਰੋਗਰਾਮ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਨੇ ਟ੍ਰਾਈਡੈਂਟ ਗਰੁੱਪ ਦੀ ਇਸ ਸੋਚ ਨੂੰ ਵੀ ਦਰਸਾਇਆ ਕਿ ਸਿਹਤ ਅਤੇ ਖੁਸ਼ਹਾਲੀ ਸਾਂਝੀ ਜ਼ਿੰਮੇਵਾਰੀ ਹੈ, ਜੋ ਮਜ਼ਬੂਤ ਅਤੇ ਸਮਰੱਥ ਸਮਾਜ ਦੀ ਨੀਂਹ ਬਣਦੀ ਹੈ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੈਰਿਟਸ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਜੀਵਨ ਨੂੰ ਸੰਤੁਲਿਤ, ਸਾਰਥਕ ਅਤੇ ਉਦੇਸ਼ਪੂਰਨ ਬਣਾਉਣ ਦਾ ਸੰਪੂਰਨ ਮਾਰਗ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਕਾਮਯਾਬੀ ਦੀ ਦੌੜ ਵਿੱਚ ਆਪਣੀ ਸਿਹਤ ਅਤੇ ਮਾਨਸਿਕ ਸੰਤੁਲਨ ਨੂੰ ਪਿੱਛੇ ਛੱਡ ਦਿੰਦੇ ਹਨ, ਜਦਕਿ ਭਾਰਤੀ ਸੰਸਕ੍ਰਿਤੀ ਹਮੇਸ਼ਾ ਇਹ ਸਿੱਖਿਆ ਦਿੰਦੀ ਆਈ ਹੈ ਕਿ ਸਫ਼ਲਤਾ ਅਤੇ ਖੁਸ਼ਹਾਲੀ ਇੱਕ-ਦੂਜੇ ਦੇ ਪੂਰਕ ਹਨ, ਵਿਰੋਧੀ ਨਹੀਂ।
ਰਾਜਿੰਦਰ ਗੁਪਤਾ ਨੇ ਕਿਹਾ ਕਿ “ਯੋਗ” ਸ਼ਬਦ ਸੰਸਕ੍ਰਿਤ ਦੇ “ਯੁਜ” ਤੋਂ ਬਣਿਆ ਹੈ, ਜਿਸਦਾ ਅਰਥ ਹੈ ਜੋੜਨਾ ਜਾਂ ਏਕਤਾ ਸਥਾਪਿਤ ਕਰਨਾ। ਯੋਗ ਸਰੀਰ, ਮਨ, ਬੁੱਧੀ ਅਤੇ ਆਤਮਾ ਵਿਚਕਾਰ ਸਾਂਝ ਅਤੇ ਸੰਤੁਲਨ ਪੈਦਾ ਕਰਦਾ ਹੈ। ਪ੍ਰਾਚੀਨ ਭਾਰਤ ਵਿੱਚ ਯੋਗ ਕੇਵਲ ਆਸਨਾਂ ਤੱਕ ਸੀਮਿਤ ਨਹੀਂ ਸੀ, ਸਗੋਂ ਇਹ ਇੱਕ ਅਜਿਹੀ ਜੀਵਨ ਪੱਧਤੀ ਸੀ ਜੋ ਅਨੁਸ਼ਾਸਨ, ਧੀਰਜ, ਇਕਾਗਰਤਾ, ਸੇਵਾ ਅਤੇ ਸੰਤੁਲਨ ਵਰਗੀਆਂ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਦੀ ਸੀ।
ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਕਾਰਨ ਤਣਾਅ, ਚਿੰਤਾ ਅਤੇ ਮਾਨਸਿਕ ਥਕਾਵਟ ਵਰਗੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਯੋਗ ਨਾ ਸਿਰਫ਼ ਸਰੀਰਕ ਤੌਰ ’ਤੇ ਸਾਨੂੰ ਤੰਦਰੁਸਤ ਬਣਾਉਂਦਾ ਹੈ, ਸਗੋਂ ਮਾਨਸਿਕ ਸਪਸ਼ਟਤਾ, ਭਾਵਨਾਤਮਕ ਸਥਿਰਤਾ ਅਤੇ ਆਤਮਿਕ ਸੰਤੁਲਨ ਵੀ ਪ੍ਰਦਾਨ ਕਰਦਾ ਹੈ।
ਨੌਜਵਾਨ ਪੀੜ੍ਹੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਕੋਲ ਮੌਕਿਆਂ ਦੀ ਕੋਈ ਘਾਟ ਨਹੀਂ, ਪਰ ਸਫ਼ਲ ਹੋਣ ਦਾ ਦਬਾਅ ਵੀ ਪਹਿਲਾਂ ਨਾਲੋਂ ਕਾਫ਼ੀ ਵੱਧ ਹੈ। ਅਜਿਹੇ ਵਿੱਚ ਯੋਗ ਉਨ੍ਹਾਂ ਨੂੰ ਸਹੀ ਦਿਸ਼ਾ, ਆਤਮ-ਵਿਸ਼ਵਾਸ ਅਤੇ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਦੀ ਤਾਕਤ ਦਿੰਦਾ ਹੈ।
ਰਾਜਿੰਦਰ ਗੁਪਤਾ ਨੇ ਕਿਹਾ ਕਿ ਬਦਲਦੀ ਦੁਨੀਆ ਵਿੱਚ ਤਕਨਾਲੋਜੀ ਅਤੇ ਮੌਕੇ ਲਗਾਤਾਰ ਬਦਲਦੇ ਰਹਿਣਗੇ, ਪਰ ਸੰਤੁਲਨ, ਇਕਾਗਰਤਾ ਅਤੇ ਮੁੱਲਾਂ ਨਾਲ ਜੁੜਾਅ ਦਾ ਮਹੱਤਵ ਹਮੇਸ਼ਾ ਬਣਿਆ ਰਹੇਗਾ। ਉਨ੍ਹਾਂ ਸਭ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਭਾਰਤ ਦੀ ਇਸ ਅਮੋਲਕ ਵਿਰਾਸਤ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਟ੍ਰਾਈਡੈਂਟ ਗਰੁੱਪ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਨਿਯਮਿਤ ਤੌਰ ’ਤੇ ਜਾਗਰੂਕਤਾ ਮੁਹਿੰਮਾਂ ਚਲਾਉਂਦਾ ਹੈ। ਇਨ੍ਹਾਂ ਤਹਿਤ ਸਹੀ ਬੈਠਣ ਦੀ ਆਦਤ, ਅੱਖਾਂ ਨੂੰ ਆਰਾਮ ਦੇਣ, ਕੰਮ ਦੌਰਾਨ ਹਲਕੀ ਕਸਰਤ ਅਤੇ ਵੈਲਨੈੱਸ ਬ੍ਰੇਕ ਵਰਗੀਆਂ ਪਹਿਲਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਜੋ ਰੋਕਥਾਮੀ ਸਿਹਤ ਸੰਭਾਲ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਦੀਆਂ ਹਨ।
ਵੱਖ-ਵੱਖ ਸਥਾਨਾਂ ’ਤੇ ਲੋਕਾਂ ਦੀ ਉਤਸ਼ਾਹਪੂਰਣ ਭਾਗੀਦਾਰੀ ਨੇ ਇਹ ਦਰਸਾਇਆ ਕਿ ਤਣਾਅ ਘਟਾਉਣ, ਉਤਪਾਦਕਤਾ ਵਧਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਵਿੱਚ ਯੋਗ ਦੀ ਭੂਮਿਕਾ ਪ੍ਰਤੀ ਜਾਗਰੂਕਤਾ ਲਗਾਤਾਰ ਵੱਧ ਰਹੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।
- Download Babushahi App
-
-