Barnala : ਗ਼ਰੀਬੀ ਨੂੰ ਮਾਤ ਦੇ ਕੇ ਗੱਡੀਆਂ ਵਾਲੇ ਪਰਿਵਾਰ ਦਾ ਪੁੱਤ ਬਣਿਆ ਫ਼ੌਜੀ
ਬਰਨਾਲਾ ਦੇ ਸਨੀ ਸਿੰਘ ਨੇ ਅਗਨੀਵੀਰ ਬਣ ਕੇ ਰਚਿਆ ਇਤਿਹਾਸ, ਪਿੰਡ ‘ਚ ਵਿਆਹ ਵਰਗਾ ਮਾਹੌਲ
Kamaljit Singh
ਬਰਨਾਲਾ/ਹਰੀਗੜ੍ਹ, 12 ਜੂਨ: ਜੇਕਰ ਮਨ ਵਿੱਚ ਪੱਕਾ ਇਰਾਦਾ ਅਤੇ ਬਾਹਾਂ ਵਿੱਚ ਕਰੜੀ ਮਿਹਨਤ ਕਰਨ ਦਾ ਜ਼ਜਬਾ ਹੋਵੇ, ਤਾਂ ਗ਼ਰੀਬੀ ਦੀਆਂ ਵੱਡੀਆਂ ਤੋਂ ਵੱਡੀਆਂ ਦੀਵਾਰਾਂ ਵੀ ਰਸਤਾ ਨਹੀਂ ਰੋਕ ਸਕਦੀਆਂ। ਅਜਿਹੀ ਹੀ ਇੱਕ ਮਿਸਾਲ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਦੇ ਪਿੰਡ ਹਰੀਗੜ੍ਹ ਵਿਖੇ ਦੇਖਣ ਨੂੰ ਮਿਲੀ ਹੈ, ਜਿੱਥੇ ਇੱਕ ਬੇਹੱਦ ਗ਼ਰੀਬ ‘ਗੱਡੀਆਂ ਵਾਲੇ’ (ਲੋਹਾਰ) ਕਬੀਲੇ ਦੇ 22 ਸਾਲਾ ਨੌਜਵਾਨ ਸਨੀ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਭਾਰਤੀ ਫ਼ੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਨੀ ਸਿੰਘ ਦੇ ਫ਼ੌਜੀ ਬਣਨ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਮਾਂ ਮੁਤਾਬਕ ਘਰ ਵਿੱਚ ਬਿਲਕੁਲ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ।
ਅਗਨੀਵੀਰ ਫ਼ੌਜੀ ਸਨੀ ਸਿੰਘ ਦੀ ਇਹ ਸਫ਼ਲਤਾ ਇਸ ਲਈ ਬੇਹੱਦ ਖ਼ਾਸ ਹੈ ਕਿਉਂਕਿ ਉਸ ਦਾ ਪਰਿਵਾਰ ਅਤੀ ਗ਼ਰੀਬੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸਨੀ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਸੀਲਾ ਕੌਰ ਪਰਿਵਾਰ ਦੇ ਪਾਲਣ-ਪੋਸ਼ਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰਦੇ ਹਨ। ਕੁੱਲ 6 ਭੈਣ-ਭਰਾਵਾਂ ਵਿੱਚੋਂ ਸਨੀ ਦੇ ਦੋ ਵੱਡੇ ਭਰਾ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਕਰਦੇ ਹਨ। ਸਨੀ ਨੇ ਖ਼ੁਦ ਵੀ ਆਪਣੀ ਪੜ੍ਹਾਈ ਦਾ ਖ਼ਰਚਾ ਚੁੱਕਣ ਅਤੇ ਪਰਿਵਾਰ ਦੀ ਮਦਦ ਕਰਨ ਲਈ ਫੈਕਟਰੀਆਂ ਵਿੱਚ ਕੰਮ ਕੀਤਾ ਅਤੇ ਦਿਹਾੜੀ-ਮਜ਼ਦੂਰੀ ਕੀਤੀ। ਉਸ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 12ਵੀਂ ਪਾਸ ਕਰਨ ਮਗਰੋਂ ਸਰਕਾਰੀ ਰਣਵੀਰ ਕਾਲਜ ਸੰਗਰੂਰ ਤੋਂ ਬੀ.ਏ. (ਲਾਸਟ ਈਅਰ) ਦੀ ਪੜ੍ਹਾਈ ਕੀਤੀ ਹੈ ਅਤੇ ਫ਼ੌਜ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਉਹ ਆਪਣੀ ਅੱਗੇ ਦੀ ਪੜ੍ਹਾਈ ਜਾਰੀ ਰੱਖ ਰਿਹਾ ਹੈ। ਪੜ੍ਹਾਈ ਅਤੇ ਮਜ਼ਦੂਰੀ ਦੇ ਨਾਲ-ਨਾਲ ਸਨੀ ਇੱਕ ਬਿਹਤਰੀਨ ਫੁੱਟਬਾਲ ਖਿਡਾਰੀ ਵੀ ਹੈ, ਜੋ ਸਟੇਟ ਪੱਧਰ ‘ਤੇ ਖੇਡ ਕੇ ਕਈ ਮੁਕਾਮ ਹਾਸਲ ਕਰ ਚੁੱਕਾ ਹੈ।
ਆਪਣੀ ਇਸ ਕਾਮਯਾਬੀ ਦਾ ਸਿਹਰਾ ਮਾਪਿਆਂ, ਦੋਸਤਾਂ ਅਤੇ ਨਗਰ ਪੰਚਾਇਤ ਦੇ ਸਿਰ ਬੰਨ੍ਹਦਿਆਂ ਸਨੀ ਸਿੰਘ ਨੇ ਦੱਸਿਆ ਕਿ ਉਸ ਨੇ ਪਟਿਆਲਾ ਵਿਖੇ ਹੋਈ ਭਰਤੀ ਦੌਰਾਨ ਟੈਸਟ ਕਲੀਅਰ ਕੀਤਾ ਸੀ, ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਫ਼ਤਹਿਗੜ੍ਹ ਵਿਖੇ ਉਸ ਦੀ ਫ਼ੌਜੀ ਟ੍ਰੇਨਿੰਗ ਵੀ ਮੁਕੰਮਲ ਹੋ ਚੁੱਕੀ ਹੈ। ਦੇਸ਼ ਸੇਵਾ ਦੇ ਜਜ਼ਬੇ ਨਾਲ ਭਰੇ ਸਨੀ ਨੇ ਨੌਜਵਾਨੀ ਨੂੰ ਸੁਨੇਹਾ ਦਿੱਤਾ ਕਿ ਹਾਲਾਤ ਚਾਹੇ ਅਮੀਰੀ ਦੇ ਹੋਣ ਜਾਂ ਗ਼ਰੀਬੀ ਦੇ, ਨੌਜਵਾਨਾਂ ਨੂੰ ਮਾੜੀ ਸੰਗਤ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਮਾਣ ਨਾਲ ਦੱਸਿਆ ਕਿ ਉਹ ਆਪਣੇ ਪੂਰੇ ਕਬੀਲੇ ਵਿੱਚੋਂ ਸਰਕਾਰੀ ਨੌਕਰੀ ਹਾਸਲ ਕਰਨ ਵਾਲਾ ਪਹਿਲਾ ਨੌਜਵਾਨ ਬਣਿਆ ਹੈ, ਜਿਸ ਕਾਰਨ ਉਨ੍ਹਾਂ ਦੇ ਪੂਰੇ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ। ਪੁੱਤ ਦੀ ਇਸ ਪ੍ਰਾਪਤੀ ‘ਤੇ ਮਾਤਾ-ਪਿਤਾ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਸਾਫ਼ ਦੇਖੇ ਜਾ ਸਕਦੇ ਹਨ ਅਤੇ ਉਨ੍ਹਾਂ ਨੇ ਦੂਜੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾਉਣ ਦੀ ਅਪੀਲ ਕੀਤੀ ਹੈ।
ਇਸ ਪੂਰੀ ਕਹਾਣੀ ਵਿੱਚ ਪਿੰਡ ਹਰੀਗੜ੍ਹ ਦੇ ਲੋਕਾਂ ਅਤੇ ਪੰਚਾਇਤ ਦਾ ਕਿਰਦਾਰ ਵੀ ਬੇਹੱਦ ਸ਼ਲਾਘਾਯੋਗ ਰਿਹਾ ਹੈ। ਆਮ ਤੌਰ ‘ਤੇ ਖਾਨਾਬਦੋਸ਼ ਜ਼ਿੰਦਗੀ ਜਿਊਣ ਵਾਲੇ ਗੱਡੀਆਂ ਵਾਲੇ ਕਬੀਲਿਆਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ, ਪਰ ਪਿੰਡ ਹਰੀਗੜ੍ਹ ਦੀ ਪੰਚਾਇਤ ਨੇ ਕਰੀਬ 40 ਸਾਲ ਪਹਿਲਾਂ ਇਸ ਲੋੜਵੰਦ ਪਰਿਵਾਰ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਰਹਿਣ ਲਈ ਪੰਚਾਇਤੀ ਜ਼ਮੀਨ ਵਿੱਚ ਆਸਰਾ ਦਿੱਤਾ ਸੀ। ਪਿੰਡ ਵਾਸੀਆਂ ਵੱਲੋਂ ਚਾਰ ਦਹਾਕੇ ਪਹਿਲਾਂ ਲਾਇਆ ਉਹ ਹਮਦਰਦੀ ਦਾ ਬੂਟਾ ਅੱਜ ਇੱਕ ਵੱਡਾ ਰੁੱਖ ਬਣ ਚੁੱਕਾ ਹੈ, ਜਿਸ ਦੇ ਪੁੱਤ ਨੇ ਦੇਸ਼ ਦੀ ਸਰਹੱਦ ਰਾਖੀ ਲਈ ਫ਼ੌਜ ਵਿੱਚ ਭਰਤੀ ਹੋ ਕੇ ਪੂਰੇ ਪਿੰਡ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਸ ਖ਼ੁਸ਼ੀ ਦੇ ਮੌਕੇ ‘ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
- Download Babushahi App
-
-