ਲੁਧਿਆਣਾ ਪੁਲਿਸ ਵੱਲੋਂ ਲੁੱਟਖੋਹ ਕਰਨ ਵਾਲਾ ਗ੍ਰਿਫ਼ਤਾਰ, ਖੋਹੇ ਹੋਏ ਮੋਬਾਈਲ ਫੋਨ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 05 ਜੂਨ 2026- ਲੁਧਿਆਣਾ ਪੁਲਿਸ ਵੱਲੋਂ ਅਪਰਾਧੀਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਆਦਤੀ ਅਪਰਾਧੀ ਨੂੰ ਕਾਬੂ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਪੁਲਿਸ ਕਮਿਸ਼ਨਰ ਲੁਧਿਆਣਾ ਲਵਪਨ ਸ਼ਰਮਾ, IPS ਦੀਆਂ ਹਦਾਇਤਾਂ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ, ਥਾਣਾ ਲਾਡੋਵਾਲ ਦੇ ਮੁਖੀ ਐਸ.ਆਈ. ਸੁਖਵਿੰਦਰ ਸਿੰਘ ਅਤੇ ਇੰਚਾਰਜ ਸਾਂਝਾ ਥਾਣਾ ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜੱਜ ਸਿੰਘ ਉਰਫ਼ ਬੱਬਲੂ, ਵਾਸੀ ਪਿੰਡ ਕੁਤਬੇਵਾਲ ਗੁੱਜਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਬੀਤੀ 28 ਮਈ ਨੂੰ ਮੁਲਜ਼ਮ ਨੇ ਆਪਣੇ ਸਾਥੀ ਗੁਰਵਿੰਦਰ ਸਿੰਘ ਉਰਫ਼ ਰੂਬੀ ਨਾਲ ਮਿਲ ਕੇ ਇੱਕ 'ਛੋਟਾ ਹਾਥੀ' ਚਾਲਕ ਲਲਨ ਕੁਮਾਰ ਅਤੇ ਉਸਦੇ ਸਾਥੀ ਨਾਲ ਕੁੱਟਮਾਰ ਕੀਤੀ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੀੜਤਾਂ ਤੋਂ 2000 ਰੁਪਏ ਨਕਦ ਅਤੇ ਦੋ ਮੋਬਾਈਲ ਫੋਨ ਲੁੱਟ ਲਏ ਸਨ। ਇਸ ਸਬੰਧੀ ਥਾਣਾ ਲਾਡੋਵਾਲ ਵਿਖੇ ਮੁਕੱਦਮਾ ਨੰਬਰ 103 ਦਰਜ ਕੀਤਾ ਗਿਆ ਸੀ।
ਪੁਲਿਸ ਨੇ ਮੁਲਜ਼ਮ ਜੱਜ ਸਿੰਘ ਕੋਲੋਂ ਲੁੱਟੇ ਗਏ ਦੋ ਓਪੋ ਕੰਪਨੀ ਦੇ ਮੋਬਾਈਲ ਫੋਨ ਵੀ ਬਰਾਮਦ ਕਰ ਲਏ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਇੱਕ ਆਦਤੀ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਚੋਰੀ ਤੇ ਲੁੱਟ-ਖੋਹ ਦੇ ਕਈ ਸੰਗੀਨ ਮਾਮਲੇ ਦਰਜ ਹਨ। ਪੁਲਿਸ ਵੱਲੋਂ ਦੂਜੇ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਰੂਬੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
- Download Babushahi App
-
-