"ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ" ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾਈਏ ਤੇ ਵਾਤਾਵਰਣ ਬਚਾਈਏ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 5 ਜੂਨ, 2026 ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ
ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ ਹੀ ਮਨੁੱਖ ਨੂੰ ਕੁਦਰਤ ਨਾਲ ਪਿਆਰ ਅਤੇ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ੇ ਗਏ ਮਹਾਨ ਸਿਧਾਂਤ "ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ" ਵਿੱਚ ਸਮੁੱਚੇ ਵਾਤਾਵਰਣ ਦੀ ਮਹੱਤਤਾ ਸਮਾਈ ਹੋਈ ਹੈ। ਇਹ ਸੰਦੇਸ਼ ਸਾਨੂੰ ਸਿਖਾਉਂਦਾ ਹੈ ਕਿ ਹਵਾ, ਪਾਣੀ ਅਤੇ ਧਰਤੀ ਕੇਵਲ ਕੁਦਰਤੀ ਸਰੋਤ ਨਹੀਂ, ਸਗੋਂ ਮਨੁੱਖੀ ਜੀਵਨ ਦੇ ਅਧਾਰ ਹਨ ਜਿਨ੍ਹਾਂ ਦੀ ਰੱਖਿਆ ਕਰਨਾ ਦੇਸ਼ ਦੇ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੈ।
ਇੱਥੇ ਜਾਰੀ ਆਪਣੇ ਸੰਦੇਸ਼ ਵਿੱਚ ਸਰਦਾਰ ਕਾਲਕਾ ਨੇ ਕਿਹਾ ਕਿ ਅੱਜ ਮਨੁੱਖਤਾ ਵਾਤਾਵਰਣ ਨਾਲ ਸਬੰਧਤ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਨਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਪਾਣੀ ਦੇ ਘਟਦੇ ਸਰੋਤ ਅਤੇ ਬਦਲ ਰਹੇ ਮੌਸਮੀ ਹਾਲਾਤ ਮਨੁੱਖੀ ਜੀਵਨ ਲਈ ਖ਼ਤਰੇ ਦੀ ਘੰਟੀ ਹਨ, ਅਜਿਹੇ ਸਮੇਂ ਵਿੱਚ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਕੁਦਰਤ ਦੀ ਰੱਖਿਆ ਲਈ ਆਪਣੀ ਜ਼ਿੰਮੇਵਾਰੀ ਨਿਭਾਏ।
ਉਨ੍ਹਾਂ ਦੇਸ਼ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਵਾਤਾਵਰਣ ਦੀ ਸੰਭਾਲ ਲਈ ਇੱਕ ਮੁਹਿੰਮ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼, ਸੁੰਦਰ ਅਤੇ ਸੁਰੱਖਿਅਤ ਧਰਤੀ ਦੇਣ ਦਾ ਯਤਨ ਕਰੀਏ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਸਿਰਫ਼ ਇੱਕ ਦਿਨ ਦੀ ਰਸਮ ਨਹੀਂ, ਸਗੋਂ ਧਰਤੀ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦਾ ਮਹਾਨ ਕਾਰਜ ਹੈ।
ਉਨਾਂ ਨੇ ਦੇਸ਼ ਵਾਸੀਆਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਸਾਂਝੇ ਯਤਨਾਂ ਦਾ ਸੱਦਾ ਦਿੰਦਿਆਂ ਰੁੱਖ ਲਗਾਉਣ, ਪਾਣੀ ਦੀ ਬੱਚਤ ਕਰਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦਾ ਦ੍ਰਿੜ ਨਿਸ਼ਚਾ ਲੈਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਹਰ ਨਾਗਰਿਕ ਪਾਣੀ ਦੀ ਸੰਭਾਲ, ਪਲਾਸਟਿਕ ਦੀ ਘੱਟ ਵਰਤੋਂ, ਸਫ਼ਾਈ ਅਤੇ ਹਰਿਆਵਲੀ ਵਧਾਉਣ ਲਈ ਛੋਟੇ-ਛੋਟੇ ਯਤਨ ਕਰੇ ਤਾਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਾ ਸਿਰਫ਼ ਖੁਦ ਜਾਗਰੂਕ ਬਣਨ, ਸਗੋਂ ਆਪਣੇ ਪਰਿਵਾਰਾਂ, ਬੱਚਿਆਂ ਅਤੇ ਸਮਾਜ ਨੂੰ ਵੀ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਨ।
- Download Babushahi App
-
-