Political Special - ਨਗਰ ਪੰਚਾਇਤ ਚੋਣਾਂ : ਭਗਤਾ ਭਾਈ ’ਚ ਅਕਾਲੀਆਂ ਨੇ ‘ਤੀਲਾ ਤੀਲਾ ਕੀਤਾ ‘ਆਪ’ ਦਾ ਝਾੜੂ
ਅਸ਼ੋਕ ਵਰਮਾ
ਬਠਿੰਡਾ, 3 ਜੂਨ 2026 : ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਆਉਂਦੇ ਭਗਤਾ ਭਾਈ ’ਚ ਤਾਜਾ ਚੋਣਾਂ ਤੋਂ ਪਹਿਲਾਂ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਵੱਲੋਂ ਮਾਰੀਆਂ ਬੜ੍ਹਕਾਂ ਨੂੰ ਦਰਕਿਨਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਇਸ ਨਗਰ ਪੰਚਾਇਤ ’ਤੇ ਕਬਜਾ ਜਮਾਾਉਣ ’ਚ ਸਫਲਤਾ ਹਾਸਲ ਕੀਤੀ ਹੈ। ਭਗਤਾ ਭਾਈ ਨੂੰ ਮਾਰਕਫੈਡ ਦੇ ਮੌਜੂਦਾ ਚੇਅਰਮੈਨ ਇੰਦਰਜੀਤ ਸਿੰਘ ਮਾਨ ਦਾ ਸਿਆਸੀ ਅਤੇ ਕਾਰੋਬਾਰੀ ਗੜ੍ਹ ਮੰਨਿਆ ਜਾਂਦਾ ਹੈ। ਇੰਦਰਜੀਤ ਮਾਨ 2027 ’ਚ ਟਿਕਟ ਦੇ ਵੱਡੇ ਦਾਅਵੇਦਾਰਾਂ ਚੋਂ ਇੱਕ ਹਨ। ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਦਾ ਵੀ ਇਹੋ ਇਲਾਕਾ ਹੈ। ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਸਿਰਫ 17 ਵੋਟਾਂ ਦੇ ਫਰਕ ਨਾਲ ਜਿੱਤ ਸਕਿਆ ਹੈ । ਅਕਾਲੀ ਉਮੀਦਵਾਰਾਂ ਦੀ ਅਣਕਿਆਸੀ ਵੱਡੀ ਜਿੱਤ ਨੂੂੰ ਲੈਕੇ ਆਮ ਲੋਕਾਂ ਅਤੇ ਸਿਆਸੀ ਹਲਕਿਆਂ ’ਚ ਹੈਰਾਨੀ ਪਾਈ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਇਸ ਜਿੱਤ ਦਾ ਸਿਹਰਾ ਸੀਨਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਿਰ ਬੱਝਿਆ ਹੈ । ਮਲੂਕਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਾਇਕ ਬਲਕਾਰ ਸਿੱਧੂ ਨੇ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਸ਼ਿਕਸਤ ਦਿੱਤੀ ਸੀ ਜਦੋਂਕਿ ਇੰਨ੍ਹਾਂ ਚੋਣਾਂ ਮੌਕੇ ਸਾਬਕਾ ਮਾਲ ਮੰਤਰੀ ਤੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਤੀਸਰੇ ਸਥਾਨ ਤੇ ਰਿਹਾ ਸੀ। ਦੇਖਣ ਵਾਲੀ ਗੱਲ ਇਹ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਕਰੀਬ ਛੇ ਮਹੀਨੇ ਪਹਿਲਾਂ ਤੱਕ ਹਾਕਮ ਧਿਰ ਦਾ ਰਾਮਪੁਰਾ ਹਲਕੇ ’ਚ ਵੋਟ ਬੈਂਕ ਇਸ ਕਦਰ ਖੁਰ ਗਿਆ ਕਿ 2022 ’ਚ ਤੀਜੇ ਸਥਾਨ ’ਤੇ ਰਹਿਣ ਵਾਲੀ ਕਾਂਗਰਸ ਦੇ 5 ਉਮੀਦਵਾਰ ਜਿੱਤਣ ’ਚ ਸਫਲ ਰਹੇ। ਚੋਣ ਨਤੀਜਿਆਂ ਤੋਂ ਜਾਹਰ ਹੈ ਕਿ ਅਕਾਲੀ ਦਲ ਦਾ ਕਾਡਰ ਵੋਟ ਪਿਛਲੇ ਪੰਜ ਸਾਲ ਦੌਰਾਨ ਸਥਿਰ ਰਿਹਾ ਜਿਸ ਦੇ ਵਧਣ ਸਬੰਧੀ ਅਨੁਮਾਨ ਲਾਏ ਜਾ ਰਹੇ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਗਰ ਪੰਚਾਇਤ ਭਗਤਾ ਭਾਈ ਦੀ ਚੋਣ ਜਿੱਤਣ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਢੁੱਕਵੀਂ ਚੋਣ ਰਹੀ ਹੈ। ਹਾਲਾਂਕਿ ਵਾਰਡਬੰਦੀ ਸੱਤਾ ਪੱਖ ’ਚ ਰੱਖਣ ਦਾ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਹਿਸਾਬ ਨਾਲ ਸਫਲਤਾ ਨਸੀਬ ਨਾਂ ਹੋ ਸਕੀ ਅਤੇ ਬਾਜੀ ਅਕਾਲੀ ਦਲ ਮਾਰ ਗਿਆ। ਵਾਰਡ ਨੰਬਰ 9 ਤੋਂ ਸ਼ੋਮਣੀ ਅਕਾਲੀ ਦਲ ਦੀ ਉਮੀਦਵਾਰ ਗੀਤਾ ਰਾਣੀ ਗਰਗ 469 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ। ਗੀਤਾ ਰਾਣੀ ਸਾਬਕਾ ਕੌਂਸਲਰ ਜਗਮੋਹਨ ਲਾਲ ਦੀ ਪਤਨੀ ਅਤੇ ਕਦੀ ਸ਼ਹਿਰ ’ਚ ਕਾਗਰਸ ਦੇ ਕੱਦਵਾਰ ਰਹੇ ਨੇਤਾ ਮਰਹੂਮ ਚਿੰਰਜੀ ਲਾਲ ਦੀ ਨੂੰਹ ਹੈ। ਪ੍ਰੀਵਾਰ ਦਾ ਆਪਣਾ ਅਸਰ ਰਸੂਖ ਹੈ ਜੋ ਨਤੀਜੇ ਦੌਰਾਨ ਵੀ ਸਾਹਮਣੇ ਆਇਆ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵਗਾ ਕਿ ਗਰਗ ਪ੍ਰੀਵਾਰ ਦੀ ਇਹ ਲਗਾਤਰ 8 ਵੀਂ ਜਿੱਤ ਹੈ ਜੋ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਇੱਕ ਰਿਕਾਰਡ ਹੈ।
ਇਸੇ ਤਰਾਂ ਹੀ ਵਾਰਡ ਨੰਬਰ 1 ਤੋਂ ਜਿੱਤੀ ਅਮਨਦੀਪ ਕੌਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਦੀ ਪਤਨੀ ਹੈ ਜਿੰਨ੍ਹਾਂ ਦੀ ਗਿਣਤੀ ਰਸੂਖਵਾਨ ਪ੍ਰੀਵਾਰਾਂ ’ਚ ਹੁੰਦੀ ਹੈ। ਅਮਨਦੀਪ ਕੌਰ ਦੀ ਸਿੱਧੀ ਟੱਕਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਿਥਲੇਸ਼ ਵਰਮਾ ਨਾਲ ਸੀ ਜਿਸ ਨੂੰ ਉਨ੍ਹਾਂ 395 ਵੋਟਾਂ ਦੇ ਮਹੱਤਵਪੂਰਨ ਫਰਕ ਨਾਲ ਹਰਾਇਆ ਹੈ। ਵਾਰਡ ਨੰਬਰ 11 ’ਚ ਅਕਾਲੀ ਦਲ ਦੀ ਉਮੀਦਵਾਰ ਚੈਰੀ ਬਾਲਾ ਬਹੁਕੋਣੇ ਮੁਕਾਬਲੇ ਦੌਰਾਨ ਆਮ ਆਦਮੀ ਪਾਰਟੀ ਦੀ ਉਮੀਦਵਾਰ ਪੁਸ਼ਪਾ ਰਾਣੀ ਗਰਗ ਨੂੰ 299 ਵੋਟਾਂ ਦੇ ਫਰਕ ਨਾਲ ਹਰਾਕੇ ਜਿੱਤੀ ਹੈ। ਇਸ ਵਾਰਡ ’ਚ ਅਕਾਲੀ ਦਲ ਤੋਂ ਬਾਗੀ ਸੁਖਚੈਨ ਚੰਦ ਦੀ ਪਤਨੀ ਪਰਵੀਨ ਰਾਣੀ ਵੀ ਚੋਣ ਮੈਦਾਨ ’ਚ ਸੀ। ਚੈਰੀ ਬਾਲਾ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ ਦੀ ਪਤਨੀ ਹੈ ਜੋ ਸਿਕੰਦਰ ਸਿੰਘ ਮਲੂਕਾ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਰਾਕੇਸ਼ ਗੋਇਲ ਦਾ ਆਪਣੇ ਸ਼ਹਿਰ ’ਚ ਕਾਫੀ ਰਸੂਖ ਹੈ ਜੋ ਜਿੱਤ ਲਈ ਸਹਾਈ ਹੋਇਆ ਹੈ।
ਕੰਮ ਧੰਦਿਆਂ ਨੂੰ ਪਈਆਂ ਵੋਟਾਂ
ਸ਼ਹਿਰ ਦੇ ਵੱਡੀ ਗਿਣਤੀ ਵੋਟਰਾਂ ਨਾਲ ਕੀਤੀ ਗੱਲਬਾਤ ਦਾ ਇੱਕੋ ਸਾਰ ਤੱਤ ਹੈ ਕਿ ਭਗਤਾ ਭਾਈ ਵਾਸੀਆਂ ਨੇ ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਦੀ ਕੰਮ ਕਾਜੀ ਸਮਰੱਥਾ ਨੂੰ ਦੇਖਦਿਆਂ ਵੋਟਾਂ ਪਾਈਆਂ ਹਨ। ਸੂਤਰ ਦੱਸਦੇ ਹਨ ਕਿ ਖੁਫੀਆ ਵਿਭਾਗ ਨੇ ਭਗਤਾ ਭਾਈ ਨੂੰ ਸੁਰੱਖਿਅਤ ਮੰਨਦਿਆਂ ਆਮ ਆਦਮੀ ਪਾਰਟੀ ਦੇ ਜਿੱਤਣ ਸਬੰਧੀ ਰਿਪੋਰਟ ਭੇਜੀ ਸੀ । ਇਸ ਦੇ ਉਲਟ ਚੋਣ ਨਤੀਜਿਆਂ ਦੌਰਾਨ ਝਾੜੂ ਤੀਲਾ ਤੀਲਾ ਹੋ ਗਿਆ। ਹੁਣ ਜਿੱਥੇ ਵੀ ਚਾਰ ਜਣੇ ਜੁੜਦੇ ਹਨ ਉੱਥੇ ਹੀ ਅਕਾਲੀ ਦਲ ਦੀ ਜਿੱਤ ਨਾਲੋਂ ‘ਆਪ’ ਦੀ ਹਾਰ ਦੀਆਂ ਗੱਲਾਂ ਵੱਧ ਹੋ ਰਹੀਆਂ ਹਨ।
ਉਮੀਦਵਾਰਾਂ ਦੀ ਚੋਣ ਜਿੰਮੇਵਾਰ
ਆਮ ਆਦਮੀ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਦਾ ਕਹਿਣਾ ਸੀ ਕਿ ਭਗਤਾ ਭਾਈ ’ਚ ਹਾਰ ਦਾ ਕਾਰਨ ਉਮੀਦਵਾਰਾਂ ਦੀ ਸਹੀਂ ਢੰਗ ਨਾਲ ਚੋਣ ਨਾਂ ਹੋਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹੋਰਨਾਂ ਥਾਵਾਂ ’ਤੇ ਵਧੀਆ ਪ੍ਰਦਰਸ਼ਨ ਕੀਤਾ ਹੈ ਜਿਸ ਤੋਂ ਸਪਸ਼ਟ ਹੈ ਕਿ ‘ਆਪ’ ਦਾ ਪ੍ਰਭਾਵ ਪੂਰੀ ਤਰਾਂ ਕਾਇਮ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਥਾਨਕ ਕਾਰਨ ਵੀ ਚੋਣ ਨਤੀਜੇ ਪ੍ਰਭਾਵਿਤ ਕਰ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 2027 ’ਚ ਆਮ ਆਦਮੀ ਪਾਰਟੀ ਪਿਛੋਕੜ ਦੀ ਤਰਾਂ ਜਬਰਦਸਤ ਜਿੱਤ ਪ੍ਰਾਪਤ ਕਰੇਗੀ।
- Download Babushahi App
-
-