ਰਿਹਾਇਸ਼ੀ ਖੇਤਰ 'ਚ ਠੇਕਾ ਖੁੱਲ੍ਹਣ ਨਾਲ ਸਥਾਨਕ ਵਸਨੀਕਾਂ 'ਚ ਭਾਰੀ ਰੋਸ
ਵਾਰਡ ਨੰਬਰ 9 ਦੇ ਲੋਕਾਂ ਨੇ ਇਕੱਠ ਕਰਕੇ ਠੇਕੇ ਖਿਲਾਫ਼ ਨਾਅਰੇਬਾਜ਼ੀ ਕੀਤੀ
ਵਿਦਿਆਰਥੀਆਂ 'ਤੇ ਬੁਰਾ ਪ੍ਰਭਾਵ ਪੈਣਾ ਲਾਜ਼ਮੀ
ਮਲਕੀਤ ਸਿੰਘ ਮਲਕਪੁਰ
ਲਾਲੜੂ, 4 ਜੂਨ 2026: ਧਰਮਗੜ੍ਹ ਸੰਪਰਕ ਸੜਕ 'ਤੇ ਵਾਰਡ ਨੰਬਰ 9 ਵਿੱਚ ਰਿਹਾਇਸ਼ੀ ਖੇਤਰ ਵਿੱਚ ਸ਼ਰਾਬ ਦਾ ਠੇਕਾ ਖੋਲਣ ਨੂੰ ਲੈ ਕੇ ਵਾਰਡ ਵਾਸੀਆਂ ਦਰਮਿਆਨ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਖਿਲਾਫ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ । ਵਾਰਡ ਨੰਬਰ 9 ਦੇ ਵਾਸੀ ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਰਾਜੂ, ਦਲਬੀਰ ਸਿੰਘ, ਪ੍ਰਤਾਪ ਸਿੰਘ, ਮੋਹਿੰਦਰ ਕੁਮਾਰ, ਰਣਜੋਧ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਮਨੋਜ ਕੁਮਾਰ, ਇਕਬਾਲ ਸਿੰਘ, ਜਗਦੀਪ ਸ਼ਰਮਾ,ਅਮਿਤ, ਅੰਮ੍ਰਿਤਪਾਲ ਸਿੰਘ, ਰਾਜਬੀਰ ਸਿੰਘ, ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਔਰਤਾਂ ਨੇ ਧਰਮਗੜ੍ਹ ਰੋਡ 'ਤੇ ਖੋਲੇ ਗਏ ਠੇਕੇ ਨੂੰ ਨਜਾਇਜ਼ ਕਰਾਰ ਦਿੰਦਿਆਂ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਦੱਸਿਆ। ਇਸ ਸਬੰਧੀ ਇੱਕ ਮੰਗ ਪੱਤਰ ਥਾਣਾ ਮੁੱਖੀ ਲਾਲੜੂ ਨੂੰ ਵੀ ਦਿੱਤਾ ਗਿਆ , ਜਿਸ ਵਿੱਚ ਵਾਰਡ ਵਾਸੀਆਂ ਨੇ ਕਿਹਾ ਕਿ ਲਾਲੜੂ-ਧਰਮਗੜ੍ਹ ਸੰਪਰਕ ਸੜਕ 'ਤੇ ਜਿਥੇ 9 ਅਤੇ 10 ਨੰਬਰ ਵਾਰਡ ਸਮੇਤ ਅੱਧੀ ਦਰਜਨ ਪਿੰਡ ਪੈਂਦੇ ਹਨ ਉੱਥੇ ਹੀ ਰੋਜ਼ਾਨਾ ਵੱਡੀ ਗਿਣਤੀ ਲੋਕ ਇਸ ਰਾਹ ਨੂੰ ਵਰਤਦੇ ਹਨ। ਇਸ ਸੰਪਰਕ ਸੜਕ ਤੇ ਅੱਧੀ ਦਰਜਨ ਤੋਂ ਵੱਧ ਸਕੂਲ ਤੇ ਕੋਚਿੰਗ ਸੈਂਟਰ ਪੈਂਦੇ ਹਨ । ਇਸ ਸੜਕ ਰਾਹੀਂ ਸਵੇਰ ਤੋਂ ਲੈ ਕੇ ਸਾਮ ਤੱਕ ਵਿਦਿਆਰਥੀਆਂ ਖਾਸ ਕਰ ਕੇ ਲੜਕੀਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਜਿਸ ਦਾ ਵਿਦਿਆਰਥੀਆਂ ਉੱਤੇ ਮਾੜਾ ਪ੍ਰਭਾਵ ਪੈਣਾ ਲਾਜ਼ਮੀ ਹੈ, ਕਿਉਂਕਿ ਵਿਦਿਆਰਥੀ ਉਕਤ ਦਿਸ਼ਾ ਵੱਲ ਆਕਰਸ਼ਿਤ ਵੀ ਜਲਦੀ ਹੁੰਦੇ ਹਨ ਜਦਕਿ ਲੜਕੀਆਂ ਦੇਰ ਰਾਤ ਤੱਕ ਕੋਚਿੰਗ ਪੜ੍ਹ ਕੇ ਪੈਦਲ ਤੇ ਸਾਇਕਲ ਰਾਹੀਂ ਘਰ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਦੋ ਤਿੰਨ ਸਕੂਲ ਤਾਂ ਠੇਕੇ ਦੇ ਬਿਲਕੁਲ ਪੰਜਾਹ ਮੀਟਰ ਤੱਕ ਨੇੜੇ ਹਨ,ਜੋ ਸਿੱਖਿਆ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਹੈ । ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਯੁੱਧ -ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ, ਦੂਜੇ ਪਾਸੇ ਸ਼ਰ੍ਹੇਆਮ ਰਿਹਾਇਸ਼ੀ ਖੇਤਰ ਦੀਆਂ ਸੰਪਰਕ ਸੜਕਾਂ 'ਤੇ ਸ਼ਰਾਬ ਦੇ ਠੇਕੇ ਖੋਲ ਰਹੀ ਹੈ, ਜੋ ਕਿ ਨਸ਼ਿਆਂ ਨੂੰ ਖੁੱਲ੍ਹਾ ਬੜਾਵਾ ਦੇਣ ਵਾਲੀ ਗੱਲ ਹੈ। । ਉਨ੍ਹਾਂ ਕਿਹਾ ਕਿ ਸ਼ਾਮ ਵੇਲੇ ਠੇਕੇ 'ਤੇ ਪੀਣ ਵਾਲਿਆਂ ਦਾ ਹਜੂਮ ਲੱਗੇਗਾ ਅਤੇ ਸੈਰ ਕਰਨ ਵਾਲੀਆਂ ਔਰਤਾਂ ਅਤੇ ਧੀਆਂ-ਭੈਣਾਂ ਨੂੰ ਜਾਣਾ ਔਖਾ ਹੋਵਗਾ। ਇਸ ਲਈ ਵਾਰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਠੇਕੇ ਨੂੰ ਇਥੋਂ ਦੂਰ ਥਾਂ 'ਤੇ ਤਬਦੀਲ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਸ਼ਰਾਬ ਦਾ ਠੇਕਾ ਨਾ ਚੁੱਕਿਆ ਗਿਆ ਤਾਂ ਵਾਰਡ ਵਾਸੀ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਪ੍ਰਦਰਸ਼ਨ ਕਰਗੇ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਦੀ ਹੀ ਹੋਵੇਗੀ। ਸੰਪਰਕ ਕਰਨ 'ਤੇ ਆਬਕਾਰੀ ਵਿਭਾਗ ਮੋਹਾਲੀ ਦੇ ਇੰਸਪੈਕਟਰ ਕੁਲਵਿੰਦਰ ਰਾਏ ਨੇ ਕਿਹਾ ਕਿ ਸੰਪਰਕ ਸੜਕ ਉਤੇ ਅਤੇ ਰਿਹਾਇਸ਼ੀ ਖੇਤਰ ਵਿੱਚ ਠੇਕਾ ਖੁੱਲ ਸਕਦਾ ਹੈ, ਜੋ ਗੈਰਕਾਨੂੰਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰੇ ਹੀ ਠੇਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਆਉਂਣਗੇ ਤੇ ਜੇਕਰ ਠੇਕਾ ਸਕੂਲ ਅਤੇ ਧਾਰਮਿਕ ਸਥਾਨ ਦੇ 50 ਮੀਟਰ ਘੇਰੇ ਵਿੱਚ ਆਉਂਦਾ ਹੈ ਤਾਂ ਉਸ ਥਾਂ 'ਤੇ ਸਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਠੇਕਾ 50 ਮੀਟਰ ਦੇ ਘੇਰੇ ਵਿੱਚ ਆਉਂਦਾ ਹੋਇਆ ਤਾਂ ਉਹ ਇਸ ਠੇਕੇ ਨੂੰ ਬੰਦ ਕਰਵਾ ਦੇਣਗੇ।
- Download Babushahi App
-
-