ਰਾਜਾ ਵੜਿੰਗ ਨੇ PSERC 'ਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ
ਕਿਹਾ: ਆਪ ਨੇ ਬੇਸ਼ਰਮੀ ਨਾਲ ਪੰਜਾਬੀਆਂ ਦਾ ਅਪਮਾਨ ਕੀਤਾ
ਆਪ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਕੰਮ ਕਰ ਰਹੀ ਹੈ
ਚੰਡੀਗੜ੍ਹ, 4 ਜੂਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਂਗ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ਪੰਜਾਬ ਸਟੇਟ ਇਲੇਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ (ਪੀਐੱਸਈਆਰਸੀ) ਦੇ ਚੇਅਰਮੈਨ ਵਜੋਂ ਇੱਕ ਬਾਹਰੀ ਵਿਅਕਤੀ ਦੀ ਨਿਯੁਕਤੀ ਕਰਨ ਸਬੰਧੀ ਆਪ ਸਰਕਾਰ ਦੇ ਫ਼ੈਸਲੇ ਦੀ ਨਿੰਦਾ ਕੀਤੀ।
ਇਸ ਲੜੀ ਹੇਠ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਸੰਜੇ ਗੁਪਤਾ ਨੂੰ ਪੀਐੱਸਈਆਰਸੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਆਪ ਪੰਜਾਬੀਆਂ ਦਾ ਬੇਸ਼ਰਮੀਪੂਰਵਕ ਅਪਮਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਅਹੁਦਿਆਂ ‘ਤੇ ਪੰਜਾਬੀਆਂ ਦਾ ਹੱਕ ਬਣਦਾ ਹੈ, ਉੱਥੇ ਬਾਹਰੀ ਲੋਕਾਂ ਨੂੰ ਬਿਠਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਹੁਣ ਇਹ ਜਗ ਜਾਹਿਰ ਹੋ ਚੁੱਕਾ ਹੈ ਕਿ ਆਪ ਨੇ ਪੂਰੀ ਸਰਕਾਰ ਦਾ ਸੰਚਾਲਨ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ। ਕੌਮੀ ਰਾਜਧਾਨੀ ਤੋਂ ਆਏ ਲੋਕ ਵੱਖ-ਵੱਖ ਵਿਭਾਗਾਂ ਨੂੰ ਚਲਾ ਰਹੇ ਹਨ ਅਤੇ ਇਹ ਤਾਜ਼ਾ ਨਿਯੁਕਤੀ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਰਗੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਆਪ ਨੂੰ ਪੀਐੱਸਈਆਰਸੀ ਦੀ ਅਗਵਾਈ ਲਈ ਪੰਜਾਬ ਵਿੱਚੋਂ ਕੋਈ ਯੋਗ ਵਿਅਕਤੀ ਨਹੀਂ ਮਿਲਿਆ ਸੀ?
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਪ ਸਰਕਾਰ ਵੱਲੋਂ ਵੱਖ-ਵੱਖ ਬੋਰਡਾਂ ਅਤੇ ਨਿਗਮਾਂ ਦੇ ਚੇਅਰਪਰਸਨ ਬਾਹਰਲੇ ਸੂਬਿਆਂ ਤੋਂ ਨਿਯੁਕਤ ਕੀਤੇ ਗਏ ਸਨ, ਖ਼ਾਸ ਕਰਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਵਿੱਚ ਬਾਹਰੀ ਲੋਕਾਂ ਦੀ ਨਿਯੁਕਤੀ ਕੀਤੀ ਗਈ ਹੈ।
ਵੜਿੰਗ ਨੇ ਜ਼ਿਕਰ ਕੀਤਾ ਕਿ ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਯਾਦ ਦਿਵਾਉਂਦਾ ਹੈ, ਜੋ ਭਾਰਤ ਨੂੰ ਲੁੱਟਣ ਲਈ ਬ੍ਰਿਟੇਨ ਤੋਂ ਆਪਣੇ ਅਧਿਕਾਰੀ ਇੱਥੇ ਨਿਯੁਕਤ ਕਰਦੀ ਸੀ। ਆਪ ਵੀ ਬਿਲਕੁਲ ਉਹੀ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਦੌਲਤ ਨੂੰ ਖਾਲੀ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਦੂਜੇ ਸੂਬਿਆਂ ਵੱਲ ਮੋੜਿਆ ਜਾ ਰਿਹਾ ਹੈ, ਤਾਂ ਜੋ ਆਪ ਦੀ ਲਾਲਚ ਅਤੇ ਸਿਆਸੀ ਚਾਹਤਾਂ ਨੂੰ ਪੂਰਾ ਕੀਤਾ ਜਾ ਸਕੇ।
- Download Babushahi App
-
-