ਗੁਰਦਾਸਪੁਰ: ਹਾਰਡਵੇਅਰ ਦੀ ਦੁਕਾਨ ਸੜ ਕੇ ਸੁਆਹ, ਹੋਇਆ ਲੱਖਾਂ ਦਾ ਨੁਕਸਾਨ
ਲੱਖਾਂ ਦਾ ਹੋਇਆ ਨੁਕਸਾਨ, ਦੁਕਾਨਦਾਰ ਨੇ ਪਾਵਰ ਕੌਮ ਨੂੰ ਠਹਿਰਾਇਆ ਜਿੰਮੇਦਾਰ
ਰੋਹਿਤ ਗੁਪਤਾ
ਗੁਰਦਾਸਪੁਰ, 27 ਮਈ 2026- ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਸਥਿਤ ਹਾਰਡਵੇਅਰ ਦੀ ਇੱਕ ਦੁਕਾਨ ਨੂੰ ਦੁਕਾਨ ਦੇ ਬਾਹਰ ਤੋਂ ਗੁਜਰਦੀਆਂ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ ਨੇ ਸਾੜ ਕੇ ਪੂਰੀ ਤਰ੍ਹਾਂ ਨਾਲ ਸੁਆਹ ਕਰ ਦਿੱਤਾ। ਅੱਧੀ ਰਾਤ ਨੂੰ ਕਰੀਬ 2 ਵਜੇ ਬਿਜਲੀ ਦੀਆਂ ਤਾਰਾਂ ਨੂੰ ਸ਼ਾਰਟ ਸਰਕਟ ਕਰਨ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਪੂਰੀ ਦੁਕਾਨ ਨੂੰ ਲਪੇਟ ਵਿੱਚ ਲੈ ਲਿਆ । ਦੁਕਾਨ ਦੇ ਅੰਦਰ ਰੱਖਿਆ ਕੈਮੀਕਲ ,ਫੈਵੀਕੋਲ ਅਤੇ ਪਲਾਈ ਵੁਡ ਦੇਖਦੇ ਹੀ ਦੇਖਦੇ ਧੂ ਧੂ ਕਰਕੇ ਸੜਨ ਲੱਗ ਪਏ।
ਹਾਲਾਂਕਿ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ ਤੇ ਤੁਰੰਤ ਫਾਇਰ ਬ੍ਰਿਗੇਡ ਪਹੁੰਚ ਗਈ ਅਤੇ ਤੁਰੰਤ ਅੱਗ ਬੁਝਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਪਰ ਕੈਮੀਕਲ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਫਾਇਰ ਬਰਿਗੇਡ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੁਕਾਨ ਨੂੰ ਸੜਨ ਤੋਂ ਬਚਾਇਆ ਨਹੀਂ ਜਾ ਸਕਿਆ। ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਅਤੇ ਨਜ਼ਦੀਕ ਦੀਆਂ ਦੁਕਾਨਾਂ ਤੇ ਰਿਹਾਇਸ਼ਾਂ ਦਾ ਨੁਕਸਾਨ ਹੋਣ ਤੋਂ ਬਚਾਅ ਲਿਆ। ਦੁਕਾਨਦਾਰ ਅਨੁਸਾਰ ਉਸਦਾ 30 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਪਰ ਦੁਕਾਨਦਾਰ ਨੂੰ ਦੋਸ਼ ਹੈ ਕਿ ਪਾਵਰ ਕੌਮ ਨੂੰ ਸੂਚਿਤ ਕਰਨ ਦੇ ਬਾਵਜੂਦ ਡੇਢ ਘੰਟੇ ਤੱਕ ਸਪਲਾਈ ਬੰਦ ਨਹੀਂ ਕੀਤੀ ਗਈ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ । ਜੇਕਰ ਸਮੇਂ ਸਿਰ ਸਪਲਾਈ ਬੰਦ ਕਰ ਦਿੱਤੀ ਜਾਂਦੀ ਤਾਂ ਤਾਰਾਂ ਤੇ ਲੱਗੀ ਅੱਗ ਜਿਆਦਾ ਨਹੀਂ ਫੈਲਣੀ ਸੀ ।
ਦੁਕਾਨਦਾਰ ਰਾਹੁਲ ਅਨੁਸਾਰ ਉਹਨਾਂ ਦੀ ਰਮਨ ਪਲਾਈ ਵੁਡ ਨਾਮ ਦੀ ਗੀਤਾ ਭਵਨ ਰੋਡ ਤੇ ਹਾਰਡਵੇਅਰ ਅਤੇ ਪਲਾਈ ਵੂਡ ਦੀ ਦੁਕਾਨ ਹੈ ਅਤੇ ਉਨਾਂ ਦੀ ਰਿਹਾਇਸ਼ ਵੀ ਦੁਕਾਨ ਦੇ ਉੱਪਰ ਹੀ ਹੈ। ਰਾਤ 2 ਵਜੇ ਦੇ ਕਰੀਬ ਉਹਨਾਂ ਨੂੰ ਅਚਾਨਕ ਮਹਿਸੂਸ ਹੋਇਆ ਕਿ ਕੁਝ ਸੜ ਰਿਹਾ ਹੈ ਤੇ ਜਦੋਂ ਦੁਕਾਨ ਦੇ ਅੰਦਰੋਂ ਧੂਆਂ ਉਠਦਾ ਦੇਖਿਆ ਤਾਂ ਉਹ ਤੁਰੰਤ ਬਾਹਰ ਆਏ ਅਤੇ ਦੇਖਿਆ ਕਿ ਦੁਕਾਨ ਦੇ ਬਾਹਰ ਦੋ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਹੈ।
ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪਾਵਰ ਕੌਮ ਨੂੰ ਸੂਚਿਤ ਕੀਤਾ । ਫਾਇਰ ਬ੍ਰਿਗੇਡ ਤਾਂ ਮੌਕੇ ਤੇ ਪਹੁੰਚ ਗਈ ਪਰ ਪਾਵਰ ਕੌਮ ਦੇ ਕਿਸੇ ਅਧਿਕਾਰੀ ਨੇ ਇਸ ਵੱਲ ਧਿਆਨ ਨਾ ਦਿੱਤਾ ਜਿਸ ਕਾਰਨ ਤਾਰਾਂ ਦੀ ਅੱਗ ਕਾਰਨ ਦੇਖਦੇ ਹੀ ਦੇਖਦੇ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ । ਉਹਨਾਂ ਦੱਸਿਆ ਕਿ ਉਹਨਾਂ ਦਾ 30 ਲੱਖ ਰੁਪਏ ਦੇ ਕਰੀਬ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਤੇ ਦੁਕਾਨ ਦੀ ਇਮਾਰਤ ਦਾ ਜੋ ਨੁਕਸਾਨ ਹੋਇਆ ਹੈ ਉਹ ਵੱਖਰਾ ਹੈ ਅਤੇ ਇਸ ਦਾ ਸਾਰੇ ਦਾ ਸਾਰਾ ਜਿੰਮੇਦਾਰ ਪਾਵਰ ਕੌਮ ਹੈ।
ਉੱਥੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਕੈਮੀਕਲ ਅਤੇ ਫੈਵੀਕੋਲ ਹੋਣ ਕਾਰਨ ਦੁਕਾਨ ਨੂੰ ਲੱਗੀ ਅੱਗ ਤੇਜ਼ੀ ਨਾਲ ਫੈਲੀ ਸੀ ਇਸ ਕਾਰਨ ਸਮਾਨ ਤਾਂ ਬਚਾਇਆ ਨਹੀਂ ਜਾ ਸਕਿਆ ਪਰ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਕੇ ਨਜ਼ਦੀਕ ਦੇ ਰਿਹਾਇਸ਼ੀ ਇਲਾਕੇ ਅਤੇ ਦੁਕਾਨਾਂ ਨੂੰ ਸੜਨ ਤੋਂ ਬਚਾ ਲਿਆ ਹੈ।
- Download Babushahi App
-
-