ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਿਕ ਮੀਟਿੰਗ: ਸਾਹਿਤਕ ਰਚਨਾਵਾਂ ਅਤੇ ਇਤਿਹਾਸਕ ਚਰਚਾ ਨਾਲ ਭਰਪੂਰ ਰਹੀ ਮਹਿਫ਼ਲ
ਹਰਦਮ ਮਾਨ
ਕੈਲਗਰੀ, 23 ਅਪ੍ਰੈਲ 2026-ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮਾਸਿਕ ਮੀਟਿੰਗ ਸਾਹਿਤਕ ਰੰਗਾਂ, ਇਤਿਹਾਸਕ ਚੇਤਨਾ ਅਤੇ ਭਾਵਪੂਰਤ ਸ਼ਰਧਾਂਜਲੀਆਂ ਦੇ ਸੰਗਮ ਨਾਲ ਯਾਦਗਾਰੀ ਰਹੀ। ਕੋਸੋ ਹਾਲ ਵਿਖੇ ਹੋਈ ਇਸ ਇਕੱਤਰਤਾ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਸਵੰਤ ਰਾਏ ਸ਼ਰਮਾ ਅਤੇ ਸੁਖਪਾਲਵੀਰ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ।
ਸਮਾਗਮ ਦੀ ਸ਼ੁਰੂਆਤ ਵਿੱਚ ਸਾਹਿਤਕ ਜਗਤ ਦੀਆਂ ਦੋ ਅਹਿਮ ਹਸਤੀਆਂ—ਅਮਰ ਕੋਮਲ ਅਤੇ ਲਾਲ ਸਿੰਘ—ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਲਾਲ ਸਿੰਘ ਦੇ ਸਪੁੱਤਰ ਸੁਖਪਾਲਵੀਰ ਸਿੰਘ ਨੇ ਉਨ੍ਹਾਂ ਦੇ ਸਾਹਿਤਕ ਸਫ਼ਰ ਅਤੇ ਜੀਵਨ ਦੇ ਅਹਿਮ ਪਹਿਲੂਆਂ ਨੂੰ ਸਾਂਝਾ ਕਰਦਿਆਂ ਭਾਵੁਕ ਯਾਦਾਂ ਤਾਜ਼ਾ ਕੀਤੀਆਂ।
ਸਭਾ ਦੀ ਸਕੱਤਰ ਬਲਜਿੰਦਰ ਕੌਰ (ਸੋਨੀ) ਮਾਂਗਟ ਨੇ ਵਿਸਾਖੀ, ਖਾਲਸਾ ਸਾਜਨਾ ਦਿਵਸ, ਜੱਲ੍ਹਿਆਂਵਾਲਾ ਬਾਗ ਦੇ ਸਾਕੇ ਅਤੇ ਸਿੱਖ ਵਿਰਾਸਤ ਮਹੀਨੇ ਦੀ ਇਤਿਹਾਸਕ ਮਹੱਤਤਾ ’ਤੇ ਚਾਨਣਾ ਪਾਇਆ। ਪਰਮਜੀਤ ਭੰਗੂ ਨੇ ਖਾਲਸਾ ਸਾਜਨਾ ਨੂੰ ਸਮਰਪਿਤ ਵਾਰ ਪੇਸ਼ ਕਰਕੇ ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ।
ਮੀਟਿੰਗ ਦੌਰਾਨ ਚੱਲੇ ਸਾਹਿਤਕ ਰਚਨਾਵਾਂ ਦੇ ਦੌਰ ਵਿੱਚ ਡਾ. ਮਨਮੋਹਨ ਬਾਠ, ਹਰਮਿੰਦਰਪਾਲ ਸਿੰਘ, ਗਿੱਲ ਸੁਖਮੰਦਰ ਅਤੇ ਸੁਖਵਿੰਦਰ ਤੂਰ ਨੇ ਆਪਣੀਆਂ ਗੀਤਕਾਰੀ ਰਾਹੀਂ ਸੰਗੀਤਕ ਮਾਹੌਲ ਸਿਰਜਿਆ। ਸੋਹਣ ਸਿੰਘ ਭੁੱਚੋ, ਦਰਸ਼ਨ ਬਰਾੜ ਅਤੇ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਦੇ ਨਿਵੇਕਲੇ ਅੰਦਾਜ਼ ਅਤੇ ਛੰਦਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਜਸਵੀਰ ਸਿਹੋਤਾ, ਗੁਰਚਰਨ ਕੌਰ ਥਿੰਦ, ਚਰਨਦੀਪ ਕੌਰ ਅਤੇ ਜਗਦੇਵ ਸਿੱਧੂ ਨੇ ਸਮਾਜਿਕ ਸਰੋਕਾਰਾਂ, ਸਿੱਖ ਇਤਿਹਾਸ ਅਤੇ ਮਨੁੱਖੀ ਹੋਂਦ ਨਾਲ ਜੁੜੀਆਂ ਕਵਿਤਾਵਾਂ ਪੇਸ਼ ਕੀਤੀਆਂ।
ਜਰਨੈਲ ਤੱਗੜ ਨੇ ਜਲੰਧਰ ਵਿਖੇ ਹੋਏ ਗਦਰੀ ਬਾਬਿਆਂ ਦੇ ਮੇਲੇ ਦੇ ਅੱਖੀਂ ਦੇਖੇ ਹਾਲ ਸਾਂਝੇ ਕੀਤੇ। ਪ੍ਰਕਾਸ਼ ਕੌਰ ਅਤੇ ਬਲਵਿੰਦਰ ਸਿੰਘ ਮਾਨ ਨੇ ਗੁਰਬਾਣੀ ਦੇ ਹਵਾਲੇ ਨਾਲ ਜੀਵਨ-ਜਾਚ ਦੇ ਨੁਕਤੇ ਪੇਸ਼ ਕੀਤੇ। ਜਸਵੰਤ ਰਾਏ ਸ਼ਰਮਾ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਦੇ ਤਿਲਕ-ਜੰਝੂ ਦੇ ਇਤਿਹਾਸਕ ਸੰਕਲਪ ਨੂੰ ਬੜੇ ਤਰਕਪੂਰਨ ਢੰਗ ਨਾਲ ਬਿਆਨ ਕੀਤਾ। ਇਸ ਤੋਂ ਇਲਾਵਾ ਸਤਨਾਮ ਸ਼ੇਰਗਿੱਲ ਨੇ ਇੰਗਲੈਂਡ ਦੀਆਂ ਇਤਿਹਾਸਕ ਯਾਦਗਾਰਾਂ ਬਾਰੇ ਅਨੁਭਵ ਸਾਂਝੇ ਕੀਤੇ।
ਇਸ ਮੌਕੇ ਤੇਲੂ ਰਾਮ ਕੋਹਾੜਾ ਦੀ ਪੁਸਤਕ 'ਭੁਲੱਕੜਨਾਮਾ' ਅਤੇ ਗਿੱਲ ਸੁਖਮੰਦਰ ਦੀ ਨਵੀਂ ਰਚਨਾ 'ਖ਼ਾਕ ਤੋਂ ਖ਼ਾਕ ਤੱਕ' ਅਰਪਨ ਲਿਖਾਰੀ ਸਭਾ ਨੂੰ ਭੇਟ ਕੀਤੀਆਂ ਗਈਆਂ। ਸੋਨੀ ਮਾਂਗਟ ਨੇ ਆਪਣੀਆਂ ਟਿੱਪਣੀਆਂ ਨਾਲ ਸਮਾਗਮ ਦੀ ਕਾਰਵਾਈ ਨੂੰ ਬੇਹੱਦ ਰੌਚਕ ਬਣਾਈ ਰੱਖਿਆ। ਸਤਨਾਮ ਢਾਅ ਨੇ ਸਭਾ ਦੀਆਂ ਗਤੀਵਿਧੀਆਂ 'ਤੇ ਤਸੱਲੀ ਪ੍ਰਗਟਾਈ, ਜਦਕਿ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਮੂਹ ਸ਼ਾਮਲ ਹੋਣ ਵਾਲੇ ਸਾਹਿਤ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ।
ਮੀਟਿੰਗ ਵਿੱਚ ਗੁਰਦੀਪ ਸਿੰਘ, ਮਹਿੰਦਰ ਕੌਰ ਕਾਲੀਰਾਏ, ਚਰਨਜੀਤ ਕੌਰ ਸੰਧੂ, ਬੇਅੰਤ ਕੌਰ ਭੱਠਲ਼, ਸੁਖਦੇਵ ਕੌਰ ਢਾਅ, ਸੁਖਵਿੰਦਰ ਸਿੰਘ ਥਿੰਦ, ਭੂਪਿੰਦਰ ਸਿੰਘ, ਜੈ ਸਿੰਘ ਉੱਪਲ, ਬਲਕਾਰ ਸਿੰਘ ਦਿਉਲ ਅਤੇ ਮੁਖਿੰਦਰਪਾਲ ਸਿੰਘ ਉੱਪਲ ਸਮੇਤ ਕਈ ਹੋਰ ਸਾਹਿਤ ਪ੍ਰੇਮੀਆਂ ਨੇ ਵਿਚਾਰ-ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
Click to Follow Babushahi Facebook page →