Crime Special ਦਵਿੰਦਰਪਾਲ ਨੱਤ ਖੁਦਕਸ਼ੀ : ਆਪੇ ਪੂੰਝ ਲੈ ਅੱਖਾਂ ਦੇ ਅੱਥਰੂ, ਦਿਲਾ ਵੇ ਤੇਰਾ ਕਿਹੜਾ ਦਰਦੀ
ਅਸ਼ੋਕ ਵਰਮਾ
ਬਠਿੰਡਾ, 23 ਅਪ੍ਰੈਲ 2026 : ਵਿਧਾਨ ਸਭਾ ਹਲਕਾ ਮੌੜ ਦੇ ਮਰਹੂਮ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਦਵਿੰਦਰਪਾਲ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਤਿੰਨ ਹਫ਼ਤੇ ਤੋਂ ਵੱਧ ਦਾ ਸਮਾਂ ਬੀਤਣ ਮਗਰੋਂ ਵੀ ਮੁਲਜ਼ਮ ਬਿਲਡਰ ਗ੍ਰਿਫ਼ਤਾਰੀ ਤੋਂ ਦੂਰ ਹਨ। ਡੀਆਈਜੀ ਬਠਿੰਡਾ ਰੇਂਜ ਨੇ ਮ੍ਰਿਤਕ ਦੀ ਮਾਂ ਅਤੇ ਪ੍ਰੀਵਾਰ ਨੂੰ ਮੁਲਜਮਾਂ ਦੀ ਜਲਦੀ ਗ੍ਰਿਫਤਾਰੀ ਦੇ ਭਰੋਸੇ ਨਾਲ ਦਵਿੰਦਰਪਾਲ ਦਾ ਅੰਤਿਮ ਸਸਕਾਰ ਕਰਵਾ ਦਿੱਤਾ ਸੀ ਜਦੋਂਕਿ ਪ੍ਰੀਵਾਰ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਿਨਾਂ ਆਖਰੀ ਰਸਮਾਂ ਨਾਂ ਕਰਨ ’ਤੇ ਅੜਿਆ ਹੋਇਆ ਸੀ। ਬਠਿੰਡਾ ਦੇ 34 ਸਾਲਾ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੇ 29 ਮਾਰਚ ਨੂੰ ਆਪਣੀ ਰਿਹਾਇਸ਼ ’ਤੇ ਖ਼ੁਦ ਨੂੰ ਗੋਲੀ ਮਾਰ ਲਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਸੁਸ਼ਮਾ ਬਿਲਡਟੈੱਕ ਲਿਮਟਿਡ, ਚੰਡੀਗੜ੍ਹ ਨਾਲ ਸਬੰਧਤ ਬਿੰਦਰ ਪਾਲ ਮਿੱਤਲ ਅਤੇ ਉਸ ਦੇ ਪੁੱਤਰਾਂ ਪ੍ਰਤੀਕ ਮਿੱਤਲ ਤੇ ਭਰਤ ਮਿੱਤਲ ਵਿਰੁੱਧ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਮੁਲਜਮਾਂ ਦੀ ਗ੍ਰਿਫਤਾਰੀ ਨਾਂ ਹੋਣ ਕਾਰਨ ਦਵਿੰਦਰ ਪਾਲ ਆਤਮਹੱਤਿਆ ਮਾਮਲਾ ਨਾਂ ਕੇਵਲ ਗੰਭੀਰ ਹੁੰਦਾ ਜਾ ਰਿਹਾ ਹੈ ਬਲਕਿ ਇਕਲੌਤੇ ਪੁੱਤ ਦੇ ਇੰਜ ਬੇਵਕਤੇ ਚਲੇ ਜਾਣ ਦਾ ਦਰਦ ਹੰਢਾ ਰਹੀ ਮਾਂ ਪਰਮਿੰਦਰ ਕੌਰ ਦੀ ਪੀੜਾ ਦਿਨ ਬਦਿਨ ਵਧਦੀ ਹੀ ਜਾ ਰਹੀ ਹੈ। ਖ਼ੁਦਕੁਸ਼ੀ ਵਰਗਾ ਖ਼ੌਫ਼ਨਾਕ ਕਦਮ ਚੁੱਕਣ ਤੋਂ ਪਹਿਲਾਂ ਦਵਿੰਦਰਪਾਲ ਸਿੰਘ ਨੇ ਇੱਕ ਵੀਡੀਓ ਰਿਕਾਰਡ ਕੀਤੀ ਸੀ ਅਤੇ ਸੁਸਾਈਡ ਨੋਟ ਵੀ ਛੱਡਿਆ ਸੀ। ਨੋਟ ਵਿੱਚ ਇਲਜ਼ਾਮ ਲਾਇਆ ਸੀ ਕਿ ਉਸ ਨੇ ਆਪਣੇ 4 ਕਰੋੜ ਰੁਪਏ ਅਤੇ ਦੋਸਤਾਂ ਦੇ ਕਰੀਬ 6-7 ਕਰੋੜ ਰੁਪਏ (ਕੁੱਲ 10 ਕਰੋੜ) ਇੰਨ੍ਹਾਂ ਬਿਲਡਰਾਂ ਕੋਲ ਨਿਵੇਸ਼ ਕੀਤਾ ਸੀ, ਜੋ ਵਾਪਸ ਨਹੀਂ ਕੀਤਾ ਜਾ ਰਿਹਾ ਹੈ। ਇਸੇ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਸੂਤਰ ਦੱਸਦੇ ਹਨ ਕਿ ਮੁਲਜਮ ਕਾਫੀ ਰਸੂਖਵਾਨ ਹਨ ਜਿਸ ਕਰਕੇ ਪੁਲਿਸ ਵੱਲੋਂ ਕਾਨੂੰਨੀ ਦਾਅ ਪੇਚ ਵਰਤਕੇ ਅਗਾਊਂ ਜਮਾਨਤ ਕਰਵਾਉਣ ਲਈ ਸਮਾਂ ਦਿੱਤਾ ਜਾ ਰਿਹਾ ਹੈ।
ਦਿਲਚਸਪ ਪਹਿਲੂ ਇਹ ਵੀ ਹੈ ਕਿ ਬਿਲਡਰ ਬਿੰਦਰ ਪਾਲ ਮਿੱਤਲ ਵੀ ਪਿਛੋਕੜ ’ਚ ਪਿੰਡ ਨੱਤ ਦਾ ਹੀ ਰਹਿਣ ਵਾਲਾ ਸੀ ਜਿਸ ਦੇ ਮਰਹੂਮ ਸੁਖਰਾਜ ਸਿੰਘ ਨੱਤ ਨਾਲ ਪ੍ਰੀਵਾਰਕ ਸਬੰਧ ਰਹੇ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਦਵਿੰਦਰਪਾਲ ਬਿਲਡਰ ਬਿੰਦਰ ਪਾਲ ਮਿੱਤਲ ਨੂੰ ਚਾਚਾ ਆਖਿਆ ਕਰਦਾ ਸੀ ਪਰ ਮਾਇਆ ਦੇ ਇਸ ਜਾਲ ਨੇ ਦੋ ਪ੍ਰੀਵਾਰਾਂ ’ਚ ਅਜਿਹੀ ਤਰੇੜ ਪਾਈ ਕਿ ਜਿੰਦਗੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਇੱਕ ਕੜੀ ਵਰਗਾ ਗੱਭਰੂ ਉਸ ਰਾਹ ਪੈ ਗਿਆ ਜਿੱਥੋਂ ਕੋਈ ਵਾਪਿਸ ਮੁੜਕੇ ਨਹੀਂ ਆਉਂਦਾ ਹੈ।
ਕਰੀਬ ਛੇ ਸਾਲ ਪਹਿਲਾਂ ਪਤੀ ਚਲਾ ਗਿਆ ਤਾਂ ਪਰਮਿੰਦਰ ਕੌਰ ਨੂੰ ਪੁੱਤ ਦਾ ਧਰਵਾਸ ਸੀ। ਹੁਣ ਜਦੋਂ ਪੁੱਤ ਹੀ ਮੋਹ ਅਤੇ ਜਿੰਦਗੀ ਦੀਆਂ ਤੰਦਾਂ ਤੋੜ ਗਿਆ ਹੈ ਤਾਂ ਉਹ ਕਿਹੜੇ ਧਰਵਾਸਿਆਂ ਸਹਾਰੇ ਉਮਰ ਦਾ ਆਖਰੀ ਪੈਂਡਾ ਤੈਅ ਕਰੇਗੀ ਵੱਡਾ ਸਵਾਲ ਬਣਿਆ ਹੋਇਆ ਹੈ। ਹੁਣ ਇਸ ਬਿਰਧ ਕੋਲ ਪੁੱਤ ਦੀਆਂ ਕਸੈਲੀਆਂ ਯਾਦਾਂ ਅਤੇ ਤਸਵੀਰਾਂ ਹੀ ਬਾਕੀ ਬਚੀਆਂ ਹਨ।
ਕਾਸ਼ ਇਹ ਤਸਵੀਰਾਂ ਬੋਲਦੀਆਂ ਹੁੰਦੀਆਂ ਤਾਂ ਪਰਮਿੰਦਰ ਕੌਰ ਆਪਣਾ ਦਰਦ ਸਾਂਝਾ ਕਰ ਲੈਂਦੀ। ਉਸ ਦੇ ਦੁੱਖ ਵੱਡੇ ਹਨ ਪਰ ਕੁਦਰਤ ਨੇ ਓਨਾ ਵੱਡਾ ਜਿਗਰਾ ਨਹੀਂ ਦਿੱਤਾ ਹੈ। ਹੁਣ ਤਾਂ ਪਰਮਿੰਦਰ ਕੌਰ ਦੀ ਇੱਛਾ ਆਪਣੇ ਪੁੱਤ ਦੀ ਮੌਤ ਲਈ ਕਥਿਤ ਤੌਰ ’ਤੇ ਕਸੂਰਵਾਰ ਲੋਕਾਂ ਨੂੰ ਸਲਾਖਾਂ ਪਿੱਛੇ ਦੇਖਣ ਦੀ ਹੈ ਜੋ ਪੁਲਿਸ ਕਦੋਂ ਪੂਰੀ ਕਰਦੀ ਹੈ ਇਸ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਪ੍ਰੀਵਾਰ ਨੂੰ ਇਸ ਗੱਲ ਦਾ ਹਮੇਸ਼ਾ ਮਲਾਲ ਰਹੇਗਾ ਕਿ ਜਿਸ ਬਿੰਦਰ ਪਾਲ ’ਤੇ ਦਵਿੰਦਰ ਰੱਬ ਜਿੱਡਾ ਮਾਣ ਕਰਦਾ ਸੀ ਉਹੀ ਉਸ ਨਾਲ ਕਥਿਤ ਠੱਗੀ ਕਰ ਗਿਆ। ਐੱਸ.ਪੀ. (ਸਿਟੀ) ਬਠਿੰਡਾ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਮੁਲਜ਼ਮਾਂ ਵਿਰੁੱਧ ਲੁੱਕ-ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਲਜਮਾਂ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਟੀਮਾਂ ਮੁਲਜ਼ਮਾਂ ਦੀ ਤਲਾਸ਼ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਜਲਦੀ ਗ੍ਰਿਫਤਾਰੀ ਦੇ ਹੁਕਮ: ਡੀਆਈਜੀ
ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਟੀਮਾਂ ਵੱਲੋਂ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੀੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਨ੍ਹਾਂ ਨੇ ਜਿਲ੍ਹਾ ਪੁਲਿਸ ਨੂੰ ਮੁਲਜਮਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਮੁਲਜਮ ਬਿਲਡਰ ਹੁਣ ਛੇਤੀ ਹੀ ਪੁਲਿਸ ਦੇ ਸ਼ਿਕੰਜੇ ’ਚ ਹੋਣਗੇ। ਉਨ੍ਹਾਂ ਇੰਨ੍ਹਾਂ ਚਰਚਿਆਂ ਨੂੰ ਸਿਰੇ ਤੋਂ ਰੱਦ ਕੀਤਾ ਕਿ ਪੁਲਿਸ ਮੁਲਜਮਾਂ ਦੀ ਸਹਾਇਤਾ ਕਰ ਰਹੀ ਹੈ।
ਮੁਲਜਮਾਂ ਖਿਲਾਫ ਪੁਲਿਸ ਕੇਸ ਦਰਜ
ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਦਵਿੰਦਰ ਪਾਲ ਖੁਦਕਸ਼ੀ ਮਾਮਲੇ ’ਚ ਬਿਲਡਰ ਬਿੰਦਰ ਪਾਲ ਮਿੱਤਲ , ਉਸ ਦੇ ਦੋ ਪੁੱਤਰਾਂ ਪ੍ਰਤੀਕ ਮਿੱਤਲ ਅਤੇ ਭਰਤ ਮਿੱਤਲ ਖਿਲਾਫ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਕੀਤਾ ਸੀ। ਇਸ ਦੀ ਖਬਰ ਸਾਹਮਣੇ ਆਉਂਦਿਆਂ ਹੀ ਮੁਲਜਮ ਫਰਾਰ ਹੋ ਗਏ ਸਨ ਜਿੰਨ੍ਹਾਂ ਨੂੰ ਹਾਲੇ ਤੱਕ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਹੈ। ਡੀਆਈਜੀ ਬਠਿੰਡਾ ਦੇ ਭਰੋਸੇ ਤੇ ਪ੍ਰੀਵਾਰ ਨੇ ਅੰਤਿਮ ਸਸਕਾਰ ਕਰ ਦਿੱਤਾ ਸੀ ਜਦੋਂਕਿ ਪਹਿਲਾਂ ਪ੍ਰੀਵਾਰ ਮੁਲਜਮਾਂ ਦੀ ਗ੍ਰਿਫਤਾਰੀ ’ਤੇ ਅੜਿਆ ਹੋਇਆ ਸੀ।
Click to Follow Babushahi Facebook page →