ਸੁਰ ਸਿੰਘ 'ਚ ਸਨਸਨੀ: 5 ਸਾਲਾ ਬੱਚੀ ਨੂੰ ਅਗਵਾ ਕਰਕੇ ਵੇਚਣ ਦੀ ਕੋਸ਼ਿਸ਼, ਪੁਲਿਸ ਵੱਲੋਂ ਦੋ ਮਹਿਲਾਵਾਂ ਗ੍ਰਿਫ਼ਤਾਰ
Baljit Singh
ਭਿੱਖੀਵਿੰਡ/ਸੁਰ ਸਿੰਘ, 23 ਅਪ੍ਰੈਲ, 2026- ਥਾਣਾ ਭਿੱਖੀਵਿੰਡ ਦੇ ਅਧੀਨ ਆਉਂਦੇ ਕਸਬਾ ਸੁਰ ਸਿੰਘ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪੰਜ ਸਾਲ ਦੀ ਇੱਕ ਮਾਸੂਮ ਬੱਚੀ ਨੂੰ ਦਿਨ-ਦਿਹਾੜੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਬੱਚੀ ਨੂੰ ਬਰਾਮਦ ਕਰ ਲਿਆ ਅਤੇ ਇਸ ਘਿਨਾਉਣੀ ਸਾਜ਼ਿਸ਼ ਵਿੱਚ ਸ਼ਾਮਲ ਦੋ ਮਹਿਲਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਬੱਚੀ ਦੇ ਪਿਤਾ ਚਰਨਜੀਤ ਸਿੰਘ ਅਤੇ ਮਾਤਾ ਕਾਜਲ ਨੇ ਭਰੇ ਮਨ ਨਾਲ ਦੱਸਿਆ ਕਿ ਦੁਪਹਿਰ ਕਰੀਬ 1 ਵਜੇ ਉਨ੍ਹਾਂ ਦੀ ਬੱਚੀ ਅਚਾਨਕ ਘਰ ਦੇ ਬਾਹਰੋਂ ਲਾਪਤਾ ਹੋ ਗਈ। ਪਰਿਵਾਰ ਵੱਲੋਂ ਜਦੋਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ, ਤਾਂ ਉਸ ਵਿੱਚ ਇੱਕ ਅਣਪਛਾਤੀ ਮਹਿਲਾ ਬੱਚੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਜਾਂਦੀ ਸਾਫ਼ ਦਿਖਾਈ ਦਿੱਤੀ।
ਪੀੜਤ ਪਰਿਵਾਰ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਤਕਨੀਕੀ ਮਾਹਿਰਾਂ ਦੀ ਮਦਦ ਅਤੇ ਲੋਕਾਂ ਦੀ ਜਾਣਕਾਰੀ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਪਹਿਲੀ ਸ਼ੱਕੀ ਮਹਿਲਾ ਨੂੰ ਬੱਚੀ ਸਮੇਤ ਕਾਬੂ ਕਰ ਲਿਆ।
ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਇਆ ਕਿ ਇਸ ਮਹਿਲਾ ਨੇ ਬੱਚੀ ਨੂੰ ਅੱਗੇ ਕਿਸੇ ਦੂਜੀ ਮਹਿਲਾ ਨੂੰ ਵੇਚ ਦਿੱਤਾ ਸੀ। ਪੁਲਿਸ ਨੇ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਉਸ ਦੂਜੀ ਮਹਿਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਤੇ ਬੱਚੀ ਨੂੰ ਖਰੀਦਣ ਦਾ ਕਥਿਤ ਦੋਸ਼ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਮਹਿਲਾਵਾਂ ਕਿਸੇ ਵੱਡੇ ਬੱਚਾ-ਅਗਵਾਕਾਰ ਗਿਰੋਹ ਦਾ ਹਿੱਸਾ ਹਨ। ਫਿਲਹਾਲ ਪੁਲਿਸ ਨੇ ਦੋਵਾਂ ਮਹਿਲਾਵਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਮਾਪਿਆਂ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।
Click to Follow Babushahi Facebook page →