ਤਰਨਤਾਰਨ 'ਚ ਗੁੰਡਾਗਰਦੀ; ਮੈਡੀਕਲ ਸਟੋਰ 'ਚ ਵੜ ਕੇ ਮਾਰੀਆਂ ਗੋਲੀਆਂ; ਡਾਕਟਰ ਦਾ ਪੁੱਤ ਹਸਪਤਾਲ ਦਾਖ਼ਲ
ਅਣਪਛਾਤੇ ਹਮਲਾਵਰਾਂ ਨੇ ਮੈਡੀਕਲ ਸਟੋਰ 'ਤੇ ਚਲਾਈਆਂ ਗੋਲੀਆਂ, ਡਾਕਟਰ ਦਾ ਬੇਟਾ ਗੰਭੀਰ ਜ਼ਖ਼ਮੀ
ਬਲਜੀਤ ਸਿੰਘ, ਅਮਰਕੋਟ/ਤਰਨਤਾਰਨ:
ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਅਮਰਕੋਟ ਵਿੱਚ ਅੱਜ ਦਿਨ-ਦਿਹਾੜੇ ਗੋਲੀਆਂ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਅਣਪਛਾਤੇ ਹਮਲਾਵਰਾਂ ਨੇ 'ਜੱਜ ਮੈਡੀਕਲ ਸਟੋਰ' ਨੂੰ ਨਿਸ਼ਾਨਾ ਬਣਾਉਂਦਿਆਂ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿੱਚ ਡਾ. ਜੱਜਪਾਲ ਦੇ ਬੇਟੇ ਸੁਨੀਲ ਨੂੰ ਗੋਲੀਆਂ ਲੱਗੀਆਂ ਹਨ।
ਪ੍ਰਤੱਖ ਦਰਸ਼ੀਆਂ ਅਨੁਸਾਰ, ਹਮਲਾਵਰਾਂ ਨੇ ਦੁਕਾਨ 'ਤੇ ਲਗਭਗ ਚਾਰ ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਕਾਰਨ ਸੁਨੀਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਭਿਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪਤਾ ਲੱਗਿਆ ਹੈ ਕਿ ਇਸ ਪਰਿਵਾਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਫਿਰੌਤੀ (Extortion) ਲਈ ਧਮਕੀਆਂ ਭਰੀਆਂ ਕਾਲਾਂ ਆ ਰਹੀਆਂ ਸਨ। ਡਾ. ਜੱਜਪਾਲ ਦੇ ਭਤੀਜੇ ਡਾ. ਅਜੇ ਨੂੰ ਲਗਾਤਾਰ ਫਿਰੌਤੀ ਲਈ ਤੰਗ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਅੱਜ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦਾ ਪਿਛੋਕੜ ਕਾਫ਼ੀ ਦਰਦਨਾਕ ਰਿਹਾ ਹੈ। ਸਾਲ 1984 ਦੇ ਦੌਰਾਨ ਜਦੋਂ ਅਮਰਕੋਟ ਵਿੱਚ ਹਿੰਦੂ ਦੁਕਾਨਦਾਰਾਂ 'ਤੇ ਵੱਡਾ ਹਮਲਾ ਹੋਇਆ ਸੀ, ਉਸ ਸਮੇਂ ਡਾ. ਜੱਜਪਾਲ ਦੇ ਚਾਚਾ ਮਨੋਹਰ ਲਾਲ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹੁਣ ਦਹਾਕਿਆਂ ਬਾਅਦ ਇੱਕ ਵਾਰ ਫਿਰ ਪਰਿਵਾਰ 'ਤੇ ਹੋਏ ਇਸ ਹਮਲੇ ਨੇ ਪੁਰਾਣੇ ਜ਼ਖ਼ਮ ਹਰੇ ਕਰ ਦਿੱਤੇ ਹਨ।
ਇਸ ਵਾਰਦਾਤ ਤੋਂ ਬਾਅਦ ਅਮਰਕੋਟ ਅੱਡੇ ਅਤੇ ਆਲੇ-ਦੁਆਲੇ ਦੇ ਬਾਜ਼ਾਰਾਂ ਵਿੱਚ ਸਹਿਮ ਦਾ ਮਾਹੌਲ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਫਿਰੌਤੀ ਦੀਆਂ ਕਾਲਾਂ ਬਾਰੇ ਪਹਿਲਾਂ ਹੀ ਸੂਚਨਾ ਸੀ, ਤਾਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ।
Click to Follow Babushahi Facebook page →