"ਮੈਂ ਤਾਂ ਅਫ਼ਸਰੀ ਸਰਵਿਸ ਵੇਲੇ ਵੀ ਨਹੀਂ ਕੀਤੀ"- ਅਕਾਲੀ ਦਲ 'ਚ ਸ਼ਾਮਲ ਹੋਏ ਸਾਬਕਾ IAS ਕੇ.ਜੇ.ਐਸ. ਚੀਮਾ ਦੇ ਬੇਬਾਕ ਬੋਲ (ਵੇਖੋ ਬਾਬੂਸ਼ਾਹੀ ਦੇ ਐਡੀਟਰ ਬਲਜੀਤ ਬੱਲੀ ਨਾਲ ਵਿਸ਼ੇਸ਼ ਇੰਟਰਵਿਊ)
ਫ਼ੌਜੀ, IAS ਅਤੇ ਹੁਣ ਸਿਆਸਤਦਾਨ: ਕੇ.ਜੇ.ਐਸ. ਚੀਮਾ ਨੇ ਦੱਸਿਆ ਕਿਉਂ ਫੜਿਆ ਅਕਾਲੀ ਦਲ ਦਾ ਪੱਲਾ
ਚੰਡੀਗੜ੍ਹ, 26 ਮਾਰਚ 2026: ਅਕਾਲੀ ਦਲ ਵਿੱਚ ਹਾਲ ਹੀ 'ਚ ਸ਼ਾਮਲ ਹੋਏ ਸਾਬਕਾ ਸੀਨੀਅਰ IAS ਅਧਿਕਾਰੀ ਕੇ.ਜੇ.ਐਸ. ਚੀਮਾ ਨੇ ਬਾਬੂਸ਼ਾਹੀ ਨੈੱਟਵਰਕ ਦੇ ਐਡੀਟਰ ਬਲਜੀਤ ਬੱਲੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ, ਫ਼ੌਜ ਤੋਂ ਸਿਵਲ ਸੇਵਾਵਾਂ ਅਤੇ ਹੁਣ ਸਿਆਸਤ ਤੱਕ ਦੇ ਸਫ਼ਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਬੰਗਾਲੀ ਭਾਸ਼ਾ ਵਿੱਚ ਮੁਹਾਰਤ ਰੱਖਣ ਵਾਲੇ ਚੀਮਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਨਜ਼ਰ ਕਿਸੇ ਅਹੁਦੇ 'ਤੇ ਨਹੀਂ, ਸਗੋਂ ਲੋਕ ਸੇਵਾ 'ਤੇ ਹੈ।
ਫ਼ੌਜ ਤੋਂ IAS ਅਤੇ ਬੰਗਾਲੀ ਨਾਲ ਸਾਂਝ
ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਫ਼ੌਜ ਵਿੱਚੋਂ IAS ਬਣਨ ਦਾ ਸੁਪਨਾ ਵੇਖਿਆ ਅਤੇ ਆਈਏਐਸ ਬਣੇ ਵੀ। ਉਨ੍ਹਾਂ ਨੇ ਪੱਛਮੀ ਬੰਗਾਲ ਕੇਡਰ ਵਿੱਚ ਲੰਬਾ ਸਮਾਂ ਸੇਵਾ ਨਿਭਾਈ, ਜਿਸ ਕਾਰਨ ਉਹ ਬੰਗਾਲੀ ਭਾਸ਼ਾ ਬੜੀ ਵਧੀਆ ਬੋਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਰਵਿਸ ਦੌਰਾਨ ਉਨ੍ਹਾਂ ਨੇ ਕਈ ਵੱਡੀਆਂ ਸ਼ਖ਼ਸੀਅਤਾਂ ਨਾਲ ਕੰਮ ਕੀਤਾ, ਪਰ ਉਨ੍ਹਾਂ ਨੇ ਕਦੇ ਵੀ 'ਅਫ਼ਸਰੀ' ਵਾਲੀ ਫੀਲਿੰਗ ਨਹੀਂ ਰੱਖੀ।
ਸਿਆਸਤ ਵਿੱਚ ਆਉਣ ਦਾ ਕਾਰਨ
ਜਦੋਂ ਬੱਲੀ ਨੇ ਪੁੱਛਿਆ ਕਿ ਅਚਾਨਕ ਸਿਆਸਤ ਵਿੱਚ ਛੜੱਪਾ ਕਿਉਂ ਮਾਰਿਆ, ਤਾਂ ਚੀਮਾ ਨੇ ਕਿਹਾ, "ਸਿਆਸਤ ਵਿੱਚ ਆਉਣ ਦਾ ਮਕਸਦ ਪਬਲਿਕ ਲਾਈਫ ਲਈ ਬਣੀਆਂ ਸਕੀਮਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕਰਨਾ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ।" ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੇ ਲੰਬੇ ਕੰਮਕਾਜੀ ਤਜ਼ਰਬੇ ਨੂੰ ਸਾਂਝਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਸਿਆਸਤ ਵਿੱਚ ਇੱਕ ਬਹੁਤ ਹੀ ਬਾਰੀਕ ਨੁਕਤੇ ਦਾ ਫ਼ਰਕ ਹੁੰਦਾ ਹੈ, ਜਿਸ ਨੂੰ ਸਮਝਣਾ ਜ਼ਰੂਰੀ ਹੈ।
ਚੋਣ ਲੜਨ ਦੇ ਸਵਾਲ 'ਤੇ ਉਨ੍ਹਾਂ ਸਪੱਸ਼ਟ ਕੀਤਾ, "ਚੋਣ ਲੜਨੀ ਹੈ ਜਾਂ ਨਹੀਂ ਅਤੇ ਕਿੱਥੋਂ ਲੜਨੀ ਹੈ, ਇਹ ਸਭ ਪਾਰਟੀ ਪ੍ਰਧਾਨ ਦਾ ਅਧਿਕਾਰ ਹੈ। ਮੇਰਾ ਕੋਈ ਨਿੱਜੀ ਟਾਰਗੇਟ ਨਹੀਂ ਹੈ, ਮੈਂ ਪਾਰਟੀ ਦੇ ਹੁਕਮਾਂ ਅਨੁਸਾਰ ਕੰਮ ਕਰਾਂਗਾ।" ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਪੁੱਛੇ ਜਾਣ 'ਤੇ ਚੀਮਾ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਇੱਕ ਅਜਿਹੇ ਲੀਡਰ ਹਨ ਜੋ ਬਹੁਤ ਅੱਗੇ ਦੀ ਸੋਚ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਮੌਜੂਦਾ ਸਥਿਤੀ ਬਾਰੇ ਹੀ ਨਹੀਂ, ਸਗੋਂ ਭਵਿੱਖ ਦੇ ਵਿਕਾਸ ਬਾਰੇ ਵੱਡੇ ਵਿਜ਼ਨ ਨਾਲ ਚੱਲਦੇ ਹਨ।
Click to Follow Babushahi Facebook page →