Babushahi Special ਵਿਸ਼ਵ ਰੰਗਮੰਚ ਦਿਵਸ: ਬਠਿੰਡਾ ’ਚ ਹਾਲੇ ਵੀ ਨਹੀਂ ‘ ਨਾਟਕਾਂ ਓਪੇਰਿਆਂ ’ ਦੇ ਸ਼ੈਦਾਈਆਂ ਦੀ ਘਾਟ
ਅਸ਼ੋਕ ਵਰਮਾ
ਬਠਿੰਡਾ , 27 ਮਾਰਚ 2026 : ਰੇਤੀਲੇ ਟਿੱਬਿਆਂ ਵਿੱਚ ਉੱਗਣ ਵਾਲੀਆਂ ਝਾੜੀਆਂ, ਸਰਕੰਡਿਆਂ, ਘੁੰਮਦੇ ਧਾੜਵੀਆਂ ਤੇ ਲੁਟੇਰਿਆਂ ਦੀ ਸ਼ਕਲ ਵਿੱਚ ਘੁੰਮਦੀ ਮੌਤ ਕਾਰਨ ਚਰਚਿਤ ਰਿਹਾ ਬਠਿੰਡਾ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਹੈ। ਕੱਕੇ ਰੇਤੇ ਦੀ ਪੱਸਰੀ ਚੁੱਪ ਦੀ ਥਾਂ ਹੁਣ ਦਿਓ ਕੱਦ ਏਮਜ਼ ਹਸਪਤਾਲ , ਸ਼ਾਪਿੰਗ ਮਾਲਾਂ, ਕੰਪਨੀਆਂ ਦੇ ਸ਼ੋਅ ਰੂਮਾਂ, 14 ਹਜ਼ਾਰ ਏਕੜ ਤੋਂ ਵੀ ਵੱਧ ਰਕਬੇ ’ਚ ਫੈਲੀ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ, ਏਅਰ ਫੋਰਸ ਸਟੇਸ਼ਨ, ਕੌਮੀ ਖਾਦ ਕਾਰਖਾਨੇ ਅਤੇ ਵੱਡੇ-ਵੱਡੇ ਸਿੱਖਿਆ ਅਦਾਰੇ ਨੇ ਲੈ ਲਈ ਹੈ। ਅਧੁਨਿਕਤਾ ਦੇ ਬਾਵਜੂਦ ਬਠਿੰਡਾ ਦੀ ਸਾਹਿਤ ਅਤੇ ਰੰਗਮੰਚ ਪ੍ਰਤੀ ਰੁਚੀ ਕੋਈ ਘਟੀ ਨਹੀਂ ਬਲਕਿ ਲੋਕ ਹੁਣ ਵੀ ਨਾਟਕ ਅਤੇ ਉਪੇਰੇ ਦੇਖਣ ਲਈ ਵਹੀਰਾਂ ਘੱਤਕੇ ਪੁੱਜਦੇ ਹਨ। ਸਿੱਧੇ ਸਾਧੇ ਸ਼ਬਦਾਂ ’ਚ ਕਹੀਏ ਤਾਂ ਰੰਗ ਮੰਚ ਦੇ ਸ਼ੈਦਾਈਆਂ ਦੀ ਕੋਈ ਘਾਟ ਨਹੀਂ ਹੈ। ਹੁਣ ਨਾਟੀਅਮ ਪੰਜਾਬ ਵੱਲੋਂ ਇਸ ਵਿਰਾਸਤੀ ਕਲਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਪੰਜਾਬੀ ਉਪੇਰੇ ਦੀ ਪਿਰਤ ਸੰਭਾਲ ਕੇ ਰੱਖਣ ਵਾਲਾ ਪੰਜਾਬ ਦਾ ਇੱਕੋ-ਇੱਕ ਸ਼ਹਿਰ ਬਠਿੰਡਾ ਹੀ ਹੈ । ਆਉਂਦੇ ਦਿਨੀਂ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਪੰਜਵਾਂ ਫਿਲਮ ਫੈਸਟੀਵਲ ਕਰਵਾਇਆ ਜਾਣਾ ਹੈ। ਪ੍ਰਧਾਨ ਕੇਵਲ ਬਾਂਸਲ ਦੀ ਅਗਵਾਈ ਹੇਠ ਨੋਰਾ ਰਿਚਰਡਜ਼ ਆਰਟ ਐਂਡ ਥਿਏਟਰ ਦੀ ਸਰਗਰਮੀਆਂ ਵੀ ਨਾਟਕਾਂ ਦੇ ਇਤਿਹਾਸ ’ਚ ਅਹਿਮ ਸਥਾਨ ਰੱਖਦੀਆਂ ਰਹੀਆਂ ਹਨ। ਰਤਾ ਪਿਛੋਕੜ ’ਚ ਜਾਈਏ ਤਾਂ ਸਾਹਮਣੇ ਆਉਂਦਾ ਹੈ ਕਿ ਇਹ ਸ਼ਹਿਰ ਬਾਹਰਲੇ ਜਗਤ ਨਾਲ ਤਾਂ ਰੇਲਵੇ ਰਾਹੀਂ 1890 ਅਤੇ ਸੜਕ ਰਾਹੀਂ 1952 ’ਚ ਜੁੜਿਆ ਪਰ ਕਲਾਕਾਰਾਂ ਦੀ ਬਦੌਲਤ ਇਹ ਵਿਸ਼ਵ ਨਾਲ ਪੁਰਾਣੇ ਵੇਲਿਆਂ ਤੋਂ ਹੀ ਜੁੜਿਆ ਚੱਲਿਆ ਆ ਰਿਹਾ ਹੈ । ਸਾਲ 1943 ’ਚ ਬਣੀ ਫਿਲਮ ‘ ਸੱਸੀ ਪੁੰਨੂ ’ ਦਾ ਸੰਗੀਤ ਨਿਰਦੇਸ਼ਕ ਧੁੰਮੇਖਾਨ ਅਤੇ ਮੰਗਤੀ ਦਾ ਸੰਗੀਤਕਾਰ ਗੋਬਿੰਦ ਰਾਮ ਬਠਿੰਡਵੀ ਇੱਥੋਂ ਦੇ ਹੀ ਸਨ। ਇੱਥੇ ਹੁਣ ਵੀ ਰਾਤਾਂ ਵੇਲੇ ਬਲਵੰਤ ਗਾਰਗੀ ਆਡੀਟੋਰੀਅਮ ’ਚ ਨਾਟਕਾਂ ਅਤੇ ਉਪੇਰਿਆਂ ਦੇ ਸ਼ੈਦਾਈਆਂ (ਸ਼ੌਕੀਨਾਂ) ਦੀਆਂ ਰੌਣਕਾਂ ਲੱਗਦੀਆਂ ਹਨ।
ਇਹ ਅਲਿਹਦਾ ਗੱਲ ਹੈ ਕਿ ਨਵੀਂ ਵਾਅ ਵਗਣ ਨਾਲ ਇੱਥੋਂ ਦੇ ਮਾਪੇ ਆਪਣੇ ਬੱਚਿਆਂ ਨੂੰ ਕਲਾਕਾਰ ਬਣਾਉਣ ਦੀ ਬਜਾਏ ਇੰਜਨੀਅਰ ਵਕੀਲ ਤੇ ਡਾਕਟਰ ਬਣਾਉਣ ਲਈ ਯਤਨਸ਼ੀਲ ਰਹਿੰਦੇ ਹਨ। ਪੰਜਾਬੀ ਸਾਹਿਤ ਦੇ ਪਾਠਕ ਬਠਿੰਡਾ ਨੂੰ ਬਲਵੰਤ ਗਾਰਗੀ ਕਾਰਨ ਯਾਦ ਕਰਦੇ ਹਨ ਜਦੋਂ ਕਿ ਪੰਜਾਬੀ ਫਿਲਮਾਂ ਦੇ ਦਰਸ਼ਕਾਂ ਦੇ ਜਿਹਨ ’ਚ ਇਹ ਬੂਟਾ ਸਿੰਘ ਸ਼ਾਦ ਅਤੇ ਮਿਹਰ ਮਿੱਤਲ ਕਾਰਨ ਵਸਿਆ ਹੋਇਆ ਹੈ। ਗਾਰਗੀ 4 ਦਿਸੰਬਰ 1916 ਨੂੰ ਬਠਿੰਡਾ ਜਿਲ੍ਹੇ ( ਉਦੋਂ ਇਕੱਠਾ ) ਦੇ ਪਿੰਡ ਸ਼ਹਿਣਾ ’ਚ ਜਨਮਿਆ ਸੀ। ਇੱਥੋਂ ਦੇ ਲੋਕਾਂ ਨੂੰ ਮਾਣ ਹੈ ਕਿ ਗਾਰਗੀ ਦਾ ਬਠਿੰਡਾ ਨਾਲ ਗੂੜ੍ਹਾ ਨਾਤਾ ਸੀ। ਉਨ੍ਹਾਂ ਬਾਰੇ ਕਹਾਵਤ ਪ੍ਰਸਿੱਧ ਸੀ ਕਿ ਸਹਿਣੇ ਦੇ ਬਾਣੀਆਂ ਦਾ ਮੁੰਡਾ ਜੱਟਾਂ ਨਾਲੋਂ ਵਧੀਆ ਪੰਜਾਬੀ ਲਿਖਦਾ ਹੈ। ਬਠਿੰਡਾ ਦਿਲ ’ਚ ਵਸਿਆ ਹੋਣ ਕਰਕੇ 22 ਅਪ੍ਰੈਲ 2003 ਨੂੰ ਗਾਰਗੀ ਦੇ ਫੌਤ ਹੋਣ ’ਤੇ ਉਨ੍ਹਾਂ ਦੀਆਂ ਅਸਥੀਆਂ ਥਰਮਲ ਦੀ ਝੀਲ ਦੇ ਲਾਗੇ ਨਹਿਰ ’ਚ ਵਿਸਰਜਿਤ ਕੀਤੀਆਂ ਗਈਆਂ ਸਨ।
ਇਸੇ ਲੜੀ ’ਚ ਜਨਵਰੀ 1958 ਦੀ 11 ਤਰੀਕ ਨੂੰ ਪ੍ਰਸਿੱਧ ਨਾਟਕਰਮੀ ਜਗਦੀਸ਼ ਫਰਿਆਦੀ ਦੇ ਘਰ ਜਨਮੇ ਟੋਨੀ ਬਾਤਿਸ਼ ਦਾ ਨਾਮ ਸ਼ਾਮਲ ਹੈ ਜਿਸ ਨੂੰ ਨਾਟਕ ਕਲਾ ਦਾ ਜੱਗਾ ਜੱਟ ਮੰਨਿਆ ਜਾਂਦਾ ਹੈ। ਪਿਤਾ ਕੋਲੋਂ ਵਿਰਸੇ ਵਿੱਚ ਮਿਲੀ ਕਲਾ ਨੂੰ ਅੱਗੇ ਵਧਾਉਂਦਿਆਂ 1975 ’ਚ ਉਹਨਾਂ ਥੀਏਟਰ ਵਿੱਚ ਪੈਰ ਧਰਿਆ। ਸਕੂਲੀ ਅਤੇ ਕਾਲਜ ਤੋਂ ਸਿੱਖਿਆ ਹਾਸਲ ਕਰਨ ਉਪਰੰਤ ਟੋਨੀ ਬਾਤਿਸ਼ ਮੁਕੰਮਲ ਤੌਰ ’ਤੇ ਥੀਏਟਰ ਨੂੰ ਸਮਰਪਿਤ ਹੋ ਗਏ। ਟੋਨੀ ਬਾਤਿਸ਼ ਨੇ ਵੀਨਸ ਆਰਟ ਥੀਏਟਰ ਬਠਿੰਡਾ ਦੀ ਸਥਾਪਨਾ ਕਰਕੇ ਸੈਂਕੜੇ ਨਾਟਕ ਖੇਡੇ ਅਤੇ ਸੈਂਕੜੇ ਹੀ ਨੌਜਵਾਨਾਂ ਨੂੰ ਪੰਜਾਬੀ ਥੀਏਟਰ ਨਾਲ ਜੋੜਿਆ। ਜਦੋਂ 2016 ’ਚ ਬਾਤਿਸ਼ ਦੀ ਮੌਤ ਪਿੱਛੋਂ ਤਾਂ ਇੰਜ ਜਾਪਿਆ ਜਿਵੇਂ ਰੰਗ ਮੰਚ ਦੀ ਦੁਨੀਆਂ ਇੱਕ ਤਰਾਂ ਨਾਲ ਸੁੰਨੀ ਹੋ ਗਈ ਹੋਵੇ। ਬਠਿੰਡਾ ’ਚ ਹਰ ਸਾਲ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੁਸਤਕ ਮੇਲਾ ਲਾਇਆ ਜਾਂਦਾ ਹੈ ਜਿੱਥੇ ਸਾਹਿਤਕਾਰ ਅਤੇ ਲੇਖਕ ਸਿਰ ਜੋੜਕੇ ਮਾਂ ਬੋਲੀ ਸਬੰਧੀ ਵਿਚਾਰਾਂ ਕਰਦੇ ਹਨ।

ਨਾਟਿਅਮ ਬਣਿਆ ਰਾਹ ਦਸੇਰਾ
ਸਾਲ 1985 ਤੋਂ ਰੰਗਮੰਚ ਦੇ ਖੇਤਰ ਵਿੱਚ ਸਰਗਰਮ ਨਾਟਿਅਮ ਦੇ ਸੰਸਥਾਪਕ ਪਾਲੀ ਭੁਪਿੰਦਰ ਸਿੰਘ ਹਨ ਜਿਸ ਨੂੰ ਹੁਣਕੀਰਤੀ ਕਿਰਪਾਲ ਬਠਿੰਡਾ ਤੋਂ ਚਲਾ ਰਹੇ ਹਨ। ਨਾਟਿਅਮ ਹੁਣ ਤੱਕ ਕਰੀਬ 6 ਦਰਜਨ ਨਾਟਕਾਂ ਦੀਆਂ ਲੱਗਭਗ 1500 ਪੇਸ਼ਕਾਰੀਆਂ ਕਰ ਚੁੱਕਿਆ ਹੈ। ਨਾਟਿਅਮ ਵੱਲੋਂ ਪੰਜਾਬ ਦਾ ਸਭ ਤੋਂ ਲੰਬਾ ਚੱਲਣ ਵਾਲਾ ਨਾਟ-ਮੇਲਾ 15 ਰੋਜ਼ਾ “ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ” ਕਰਵਾਇਆ ਜਾਂਦਾ ਹੈ। ਇਸ ਮੌਕੇ ਮੁਲਕ ਦੀਆਂ ਸਿਰਮੌਰ ਟੀਮਾਂ ਆਪਣੇ ਨਾਟਕਾਂ ਦਾ ਮੰਚਨ ਕਰਦੀਆਂ ਹਨ। ਬਲਵੰਤ ਗਾਰਗੀ ਦੀ ਯਾਦ ਵਿੱਚ ਅਤਿਆਧੁਨਿਕ ਆਡੀਟੋਰੀਅਮ ਬਨਵਾਉਣਾ ਨਾਟਿਅਮ ਦੀ ਵੱਡੀ ਪ੍ਰਾਪਤੀ ਹੈ। ਕੀਰਤੀ ਕਿਰਪਾਲ ਦਾ ਕਹਿਣਾ ਸੀ ਕਿ ਨਾਟਿਅਮ ਨੂੰ ਬਲਵੰਤ ਗਾਰਗੀ , ਜਗਦੀਸ਼ ਫਰਿਆਦੀ ਤੇ ਟੋਨੀ ਬਾਤਿਸ਼ ਵੱਲੋਂ ਸ਼ੁਰੂ ਕੀਤੀ ਥੀਏਟਰ ਲਹਿਰ ਨੂੰ ਨਿਰੰਤਰ ਜਾਰੀ ਰੱਖਣ ਦਾ ਮਾਣ ਹੈ।
ਟੀਚਰਜ਼ ਹੋਮ ਸਾਹਿਤ ਦਾ ਮੱਕਾ
ਬਠਿੰਡਾ ਦਾ ਟੀਚਰਜ਼ ਹੋਮ ਸਾਹਿਤਕਾਰਾਂ ਲਈ ਮੱਕਾ ਬਣ ਗਿਆ ਹੈ ਜਿੱਥੇ ਸਾਹਿਤਕ ਮਹਿਫਲਾਂ ਜੰਮਦੀਆਂ ਹਨ। ਪੰਜਾਬੀ ਸਾਹਿਤ ਸਭਾ ਬਠਿੰਡਾ ਨਾਲ ਜੁੜੇ ਸਾਹਿਤਕਾਰ ਜਸਪਾਲ ਮਾਨਖੇੜਾ , ਸੁਰਿੰਦਰਪ੍ਰੀਤ ਘਣੀਆ, ਅਮਨ ਦਾਤੇਵਾਸੀਆ, ਮੀਤ ਬਠਿੰਡਾ, ਤਰਸੇਮ ਨਰੂਲਾ ,ਅਮਰਜੀਤ ਕੌਰ ਅਤੇ ਬਲਵਿੰਦਰ ਭੁੱਲਰ ਸਮੇਤ ਦਰਜਨਾਂ ਦੀ ਗਿਣਤੀ ’ਚ ਲੇਖਕ ਆਪਣੀਆਂ ਪੇਸ਼ਕਾਰੀਆਂ ਦਿੰਦੇ ਹਨ। ਵੱਡੀ ਗੱਲ ਇਹ ਹੈ ਕਿ ਕਈ ਲੇਖਕਾਂ ਦੀ ਉਮਰ ਬਹੁਤੀ ਜਿਆਦਾ ਨਹੀਂ ਹੈ ਜੋ ਸਹਿਤ ਦੇ ਪੱਖ ਤੋਂ ਸ਼ਭ ਸ਼ਗਨ ਹੈ।
Click to Follow Babushahi Facebook page →