ਗੁਰਦਾਸਪੁਰ ਪੁਲਿਸ ਕਤਲ ਕਾਂਡ: ਸੀਮਾ ਪਾਰੋਂ ਰਚੀ ਗਈ ਸੀ ਸਾਜ਼ਿਸ਼; 19 ਸਾਲਾ ਨੌਜਵਾਨ ਨੂੰ ਮਿਲਿਆ ਸੀ 'ਕਿੱਲਿੰਗ ਟਾਸਕ'
ਰੋਹਿਤ ਗੁਪਤਾ
ਗੁਰਦਾਸਪੁਰ 24 ਫਰਵਰੀ 2026- ਗੁਰਦਾਸਪੁਰ ਦੇ ਪਿੰਡ ਆਦੀਆਂ ਪੁਲਿਸ ਚੌਂਕੀ ਵਿੱਚ 2 ਪੁਲਿਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਵਾਰਦਾਤ ਨੂੰ ਪੁਲਿਸ ਨੇ ਲਗਭਗ ਸੁਲਝਾ ਲਿਆ ਹੈ। ਮਾਮਲੇ ਦੇ ਤਾਰ ਸੀਮਾ ਪਾਰ ਨਾਲ ਜੁੜਦੇ ਨਜ਼ਰ ਆ ਰਹੇ ਹਨ। ਡੀਆਈਜੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਮਾਮਲੇ ਵਿੱਚ ਤਿੰਨ ਦੋਸ਼ੀਆਂ ਦੀ ਪਹਿਚਾਨ ਕੀਤੀ ਜਾ ਚੁੱਕੀ ਹੈ। ਜਿਨਾਂ ਵਿੱਚੋਂ ਇੱਕ ਦਿਲਾਵਰ ਸਿੰਘ ਪਿੰਡ ਆਲੀ ਨੰਗਲ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਵਾਰਦਾਤ ਵਿਚ ਦਿਲਾਵਰ ਸਿੰਘ ਦਾ ਹੀ ਮੋਟਰਸਾਈਕਲ ਵਰਤਿਆ ਗਿਆ ਸੀ। ਜਦਕਿ ਇਸਨੇ ਪੁਲਿਸ ਮੁਲਾਜ਼ਮਾਂ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਪਿੰਡ ਆਦੀਆਂ ਨੂੰ ਰਾਤ ਆਪਣੇ ਘਰ ਵਿੱਚ ਸ਼ਰਨ ਵੀ ਦਿੱਤੀ ਸੀ।
ਪੁਲਿਸ ਵੱਲੋਂ ਇੱਕ ਦੋਸ਼ੀ ਰਣਜੀਤ ਸਿੰਘ ਜੋ ਫਰਾਰ ਚੱਲ ਰਿਹਾ ਸੀ ਉਸ ਦਾ ਇਨਕਾਊਂਟਰ ਵੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਾਊਂਟਰ ਦੌਰਾਨ ਰਣਜੀਤ ਸਿੰਘ ਦੀ ਮੌਤ ਹੋ ਗਈ ਹੈ। ਸੀਆਈਏ ਸਟਾਫ ਦੇ ਇੰਚਾਰਜ ਗੁਰਮੀਤ ਸਿੰਘ ਵੀ ਇਸ ਮੁੱਠਭੇੜ ਦੌਰਾਨ ਜ਼ਖਮੀ ਹੋਏ ਹਨ। ਜਦ ਕਿ ਇੱਕ ਹੋਰ ਪੁਲਿਸ ਮੁਲਾਜ਼ਮ ਦੇ ਮੁਠਭੇੜ ਦੌਰਾਨ ਗੋਲੀ ਲੱਗੀ ਪਰ ਉਹ ਬੁਲੇਟ ਪ੍ਰੂਫ ਜੈਕਟ ਪਾਈ ਹੋਣ ਕਰਨ ਬਚ ਗਿਆ। ਡੀਆਈਜੀ ਨੇ ਦੱਸਿਆ ਕਿ ਮੁਕਾਬਲੇ ਵਿੱਚ ਮਾਰੇ ਗਏ ਦੋਸ਼ੀ ਰਣਜੀਤ ਸਿੰਘ ਦੀ ਉਮਰ 19 ਸਾਲ ਹੈ ਜਦਕਿ ਫਰਾਰ ਦੋਸ਼ੀ ਇੰਦਰਜੀਤ ਸਿੰਘ 21 ਸਾਲ ਦਾ ਹੈ। ਤੀਸਰੇ ਦੋਸ਼ੀ ਦਿਲਾਵਰ ਸਿੰਘ ਦੀ ਵੀ ਉਮਰ 22 ਸਾਲ ਦੇ ਕਰੀਬ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਲਗਾਤਾਰ ਲਾਲਚ ਦੇਖ ਕੇ ਨੌਜਵਾਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
Click to Follow Babushahi Facebook page →