ਐੱਸ ਅਸ਼ੋਕ ਭੌਰਾ ਦੀ ਪੁਸਤਕ ਪੰਜਾਬ ਚੇਤਕ ਮੰਚ ਵੱਲੋਂ ਲੋਕ ਅਰਪਣ
ਫਗਵਾੜਾ, 25 ਫਰਵਰੀ 2026- ਪ੍ਰਸਿੱਧ ਅੰਤਰਰਾਸ਼ਟਰੀ ਪੱਤਰਕਾਰ ਅਤੇ ਲੇਖਕ ਐੱਸ ਅਸ਼ੋਕ ਭੌਰਾ ਦੀ ਪੁਸਤਕ “ਪੰਜਾਬੀ ਰੂਟਸ ਅਮੈਰੀਕਨ ਡਰੀਮਜ਼” ਦਾ ਰਿਲੀਜ਼ ਸਮਾਰੋਹ ਪੰਜਾਬ ਚੇਤਨਾ ਮੰਚ, ਵੱਲੋਂ ਜਲੰਧਰ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਪੱਤਰਕਾਰ ਤੇ ਸਾਹਿਤਕਾਰ ਸਤਨਾਮ ਸਿੰਘ ਮਾਣਕ, ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਲੇਖਕ ਅਸ਼ੋਕ ਭੌਰਾ ਜੀ ਸ਼ਾਮਲ ਸਨ। ਸਮਾਰੋਹ ਵਿੱਚ ਮੈਂਬਰ ਪਾਰਲੀਮੈਂਟ, ਚੰਡੀਗੜ੍ਹ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
ਸਮਾਰੋਹ ਵਿੱਚ ਸ੍ਰੀ ਦੀਪਕ ਬਾਲੀ, ਬਹਾਦਰ ਸਿੰਘ, ਅਮੋਲਕ ਸਿੰਘ ਗਾਖਲ ਅਤੇ ਹੋਰ ਪ੍ਰਮੁੱਖ ਮਹਿਮਾਨ ਵੀ ਸ਼ਾਮਲ ਸਨ। ਪੰਜਾਬ ਚੇਤਨਾ ਮੰਚ ਵੱਲੋਂ ਅਸ਼ੋਕ ਭੌਰਾ ਦਾ ਉਹਨਾਂ ਦੀਆਂ ਸਾਹਿੱਤਕ ਤੇ ਪੱਤਰਕਾਰੀ ਖੇਤਰ ‘ਚ ਪ੍ਰਾਪਤੀਆਂ ਲਈ ਸਨਮਾਨ ਕੀਤਾ ਗਿਆ। ਕਮਲੇਸ਼ ਸੰਧੂ ਵੱਲੋਂ ਮਾਣ ਪੱਤਰ ਪੜ੍ਹਿਆ ਗਿਆ ਅਤੇ ਸਟੇਜ ਸੰਚਾਲਨ ਗੁਰਮੀਤ ਸਿੰਘ ਪਲਾਹੀ ਨੇ ਬਾਖ਼ੂਬੀ ਕੀਤਾ।
ਭੌਰਾ ਜੀ ਨੇ ਪੁਸਤਕ ਬਾਰੇ ਕਿਹਾ ਕਿ ਇਹ ਕਿਤਾਬ ਪੰਜਾਬੀਆਂ ਦੀਆਂ ਵਿਸ਼ਵ ਪੱਧਰੀ ਪ੍ਰਾਪਤੀਆਂ ਦਾ ਵਿਸ਼ਾਲ ਦਸਤਾਵੇਜ਼ ਹੈ ਅਤੇ 50 ਪ੍ਰਮੁੱਖ ਪੰਜਾਬੀਆਂ ਦੇ ਉੱਚੇ ਅਹੁਦਿਆਂ ਅਤੇ ਉਪਲਬਧੀਆਂ ਦਾ ਜ਼ਿਕਰ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਿਰਫ਼ ਸੰਗ੍ਰਹਿ ਨਹੀਂ, ਸਗੋਂ ਪੰਜਾਬੀ ਕੌਮ ਦੇ ਮਾਣਯੋਗ ਇਤਿਹਾਸ ਦੀ ਇੱਕ ਮਹੱਤਵਪੂਰਨ ਕੜੀ ਹੈ, ਜੋ ਕੇਂਦਰ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਵੱਲੋਂ ਇੱਕ ਪ੍ਰਮਾਣਿਕ ਰੈਫਰੈਂਸ ਵਜੋਂ ਵਰਤੀ ਜਾ ਸਕਦੀ ਹੈ।
ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਇਹ ਪੁਸਤਕ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਮਿਹਨਤ, ਲਗਨ ਅਤੇ ਇਮਾਨਦਾਰੀ ਦੀ ਤਾਕਤ ਨੂੰ ਰੌਸ਼ਨ ਕਰਦੀ ਹੈ। ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਆਪਣੇ ਸੰਬੋਧਨ ਵਿੱਚ ਪੁਸਤਕ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੀ ਤਰੱਕੀ ਤੇ ਸਮਾਜਿਕ ਜਾਗਰੂਕਤਾ ਬਾਰੇ ਸਵਾਲ ਉਠਾਏ। ਕਹਾਣੀਕਾਰ ਵਰਿਆਮ ਸੰਧੂ ਨੇ ਯੁਵਕਾਂ ਨੂੰ ਆਪਣੇ ਸੱਭਿਆਚਾਰ, ਭਾਸ਼ਾ ਅਤੇ ਮੂਲ ਸਿੱਖ ਸੰਦੇਸ਼ਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਅਮੋਲਕ ਸਿੰਘ ਗਾਖਲ ਯੂ.ਐੱਸ.ਏ., ਐੱਸ. ਪੀ. ਸਿੰਘ ਓਬਰਾਏ, ਬਹਾਦਰ ਸਿੰਘ ਯੂ.ਐੱਸ.ਏ., ਸ਼ਿੰਗਾਰਾ ਸਿੰਘ, ਕਰਨੈਲ ਸਿੰਘ, ਨੱਥਾ ਸਿੰਘ ਗਾਖਲ ਅਤੇ ਹੋਰ ਕਈ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਭਾਰੀ ਗਿਣਤੀ ਵਿੱਚ ਸਾਹਿਤ, ਕਲਾ ਅਤੇ ਪੱਤਰਕਾਰਤਾ ਦੇ ਪ੍ਰਸਿੱਧ ਵਿਅਕਤੀ ਹਾਜ਼ਰ ਸਨ।
Click to Follow Babushahi Facebook page →