Babushahi Special ਪੰਜਾਬ ’ਚ ਹੁੰਦੀ ਗੋਲੀਆਂ ਦੀ ‘ਅੱਥਰੀ ਠਾਹ ਠਾਹ’ ਕਾਰਨ ਬਣੀ ਦਹਿਸ਼ਤ ਪੁਲਿਸ ਲਈ ਚੁਣੌਤੀ
ਅਸ਼ੋਕ ਵਰਮਾ
ਬਠਿੰਡਾ , 23 ਫਰਵਰੀ 2026: ਪੰਜਾਬ ਵਿੱਚ ਪਿਛਲੇ ਕੁੱਝ ਸਮੇਂ ਤੋਂ ਚੱਲਣ ਲੱਗੀਆਂ ਗੋਲੀਆਂ ਕਾਰਨ ਦਿਨ-ਦਿਹਾੜੇ ਹੋਣ ਲੱਗੇ ਕਤਲਾਂ ਕਾਰਨ ਅਮਨ ਕਾਨੂੰਨ ਦੀ ਸਥਿਤੀ ਤੇ ਕਾਬੂ ਪਾਉਣਾ ਪੰਜਾਬ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ। ਗੁਰਦਾਸਪੁਰ ਜਿਲ੍ਹੇ ’ਚ ਪੁਲਿਸ ਦੇ ਥਾਣੇਦਾਰ ਅਤੇ ਹੋਮ ਗਾਰਡ ਦਾ ਕਤਲ ਹੋਵੇ ਜਾਂ ਫਿਰ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਹੱਤਿਆ, ਇਸ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ ਹੈ। ਅਜਿਹੇ ਹਾਲਾਤਾਂ ਦਰਮਿਆਨ ਦਹਿਸ਼ਤ ਦੇ ਸਾਏ ਹੇਠ ਜਿਉਂਦੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਾਲਾਂਕਿ ਡੀਜੀਪੀ ਗੌਰਵ ਯਾਦਵ ਆਖਦੇ ਹਨ ਕਿ ਪੁਲਿਸ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਵੱਡੀ ਗਿਣਤੀ ਅਪਰਾਧੀ ਗ੍ਰਿਫਤਾਰ ਵੀ ਕੀਤੇ ਹਨ ਪਰ ਦਿਨ ਬਦਿਨ ਹੁੰਦੀਆਂ ਵਾਰਦਾਤਾਂ ਕਾਰਨ ਲੋਕਾਂ ਨੂੰ ਧਰਵਾਸ ਨਹੀਂ ਬੱਝ ਰਿਹਾ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੰਜਾਬ ਸਰਕਾਰ ਨੇ ਗੈਂਗਸਟਰਾਂ ਤੇ ਵਾਰ ਪ੍ਰੋਗਰਾਮ ਸ਼ੁਰੂ ਕੀਤਾ ਹੈ ਪਰ ਹਕੀਕਤ ਇਹ ਹੈ ਕਿ ਠਾਹ ਠਾਹ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਜੋ ਇੱਕ ਵੱਡੇ ਵਿਗਾੜ ਵੱਲ ਇਸ਼ਾਰਾ ਕਰਦੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ 2023 ਦੌਰਾਨ ਪੰਜਾਬ ’ਚ ਕਤਲ ਦੇ 681 ਮਾਮਲੇ ਦਰਜ ਹੋਏ ਜਿੰਨ੍ਹਾਂ ’ਚ 718 ਵਿਅਕਤੀਆਂ ਦੀ ਜਾਨ ਗਈ ਸੀ । ਇਹ ਔਸਤ 2.2 ਫੀਸਦੀ ਬਣਦੀ ਹੈ ਜੋਕਿ ਕੌਮੀ ਔਸਤ ( 2 ਫੀਸਦੀ) ਤੋਂ ਵੱਧ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਹਾਲਾਤਾਂ ਦੀ ਗੰਭੀਰਤਾ ਬਿਆਨ ਕਰਨ ਲਈ ਕਾਫੀ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਦੀਆਂ ਚੈੱਕ ਪੋਸਟ ’ਤੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦੀਆਂ ਗੋਲੀਆਂ ਨਾਲ ਵਿੰਨੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਕਤਲਾਂ ਦੀ ਜਿੰਮੇਵਾਰੀ ਲੈਣ ਵਾਲੀਆਂ ਪੋਸਟਾਂ ਮੁਤਾਬਕ ਦਹਿਸ਼ਤਗਰਦੀ ਹੱਥ ਸਾਹਮਣੇ ਆ ਰਿਹਾ ਹੈ।
ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਨੂੰ ਇੱਕ ਵਿਆਹ ਸਮਾਗਮ ਦੌਰਾਨ ਦੋ ਹਮਲਾਵਰਾਂ ਨੇ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲੀਸ ਮੁਤਾਬਕ ਇਸ ਵਾਰਦਾਤ ਵਿੱਚ ਏਕੇ-47 ਰਾਈਫਲ ਦੀ ਵਰਤੋਂ ਕੀਤੀ ਗਈ ਹੈ। ਲਖਬੀਰ ਲੰਡਾ ਗਿਰੋਹ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕਰੀਬ ਇੱਕ ਮਹੀਨਾ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਵਲਟੋਹਾ ਦੇ ’ਆਪ’ ਸਰਪੰਚ ਝਰਮਲ ਸਿੰਘ ਦਾ ਵੀ ਵਿਆਹ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਤਰਨਤਾਰਨ ਦੇ ਇੱਕ ਕਾਲਜ ’ਚ 9 ਫਰਵਰੀ ਨੂੰ ਵਿਦਿਆਰਥੀ ਪ੍ਰਿੰਸਰਾਜ ਸਿੰਘ ਨੇ ਸਹਿਪਾਠੀ ਲੜਕੀ ਨੂੰ ਗੋਲੀ ਮਾਰੀ ਅਤੇ ਗੋਲੀ ਮਾਰਕੇ ਖੁਦ ਨੂੰ ਵੀ ਖਤਮ ਕਰ ਲਿਆ । ਜਲੰਧਰ ’ਚ ‘ਆਪ’ ਆਗੂ ਲੱਕੀ ਉਬਰਾਏ ਦੀ ਗੋਲੀਆਂ ਮਾਰਕੇ ਹੱਤਿਆ ਹੋਈ ਸੀ। ਗੜ੍ਹਸ਼ੰਕਰ ਦੇ ਪਿੰਡ ਮਹਿੰਦਵਾਲੀ ਗੁਜਰਾਂ ’ਚ ਰਚਨਾ ਦੇਵੀ (62) ਨੂੰ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ।
ਤਰਨਤਾਰਨ ਦੇ ਪੱਟੀ ’ਚ 21ਫਰਵਰੀ ਨੂੰ ਅਣਪਛਾਤੇ ਨੌਜਵਾਨ ਨੇ ਨਵਵਿਆਹੁਤਾ ਰੂਬੀ ਪਤਨੀ ਅੰਸ਼ ਗਰੋਵਰ ਨੂੰ ਗੋਲੀ ਮਾਰ ਦਿੱਤੀ ਸੀ। ਗੰਭੀਰ ਜ਼ਖਮੀ ਲੜਕੀ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸੇ ਤਰਾਂ ਹੀ ਤਰਨਤਾਰਨ ਦੇ ਪਿੰਡ ਜੌਹਲ ਰਾਜੂ ਸਿੰਘ ਵਿੱਚ ਹਿੱਕ ਵਿਅਕਤੀ ਨੇ ਪਿੰਡ ਦੇ ਹੀ ਇੱਕ ਘਰ ’ਚ ਲੜਕੀ ਨੂੰ ਗੋਲੀ ਮਾਰਕੇ ਜ਼ਖ਼ਮੀ ਕਰ ਦਿੱਤਾ ਅਤੇ ਗੋਲੀਆਂ ਚਲਾਉਂਦਾ ਹੋਇਆ ਭੱਜ ਗਿਆ। ਜ਼ਖ਼ਮੀ ਲੜਕੀ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਰਨਤਾਰਨ ਦੇ ਪਿੰਡ ਚੀਮਾ ਖੁਰਦ ’ਚ ਤੇਜਧਾਰ ਹਥਿਆਰਾਂ ਨਾਲ ਸਰਪੰਚ ਗੁਰਭੇਜ ਸਿੰਘ ਨੂੰ ਕਤਲ ਕੀਤਾ ਗਿਆ । ਨਾਭਾ ’ਚ ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਨਾਲ ਪੁਲਿਸ ਮੁਲਾਜਮ ਅਮਨਦੀਪ ਸਿੰਘ ਦੀ ਹੱਤਿਆ ਕੀਤੀ ਸੀ। ਇਹ ਮਿਸਾਲਾਂ ਹਨ ਜਦੋਂਕਿ ਅਜਿਹੀਆਂ ਵਾਰਦਾਤਾਂ ਦੀ ਸੂਚੀ ਕਾਫੀ ਲੰਬੀ ਹੰਦੀ ਜਾ ਰਹੀ ਹੈ।
ਪਾਕਿ ਸਰਹੱਦ ਬਣੀ ਚੁਣੌਤੀ
ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 553 ਕਿੱਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਹੈ। ਸਰਹੱਦੀ ਜਿਲਿ੍ਹਆਂ ’ਚ ਡੋਰੋਨ ਰਾਹੀਂ ਹਥਿਆਰ ਅਤੇ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਬੀਐਸਐਫ ਨੇ 2025 ਦੌਰਾਨ 380 ਕਿੱਲੋ ਤੋਂ ਵੱਧ ਹੈਰੋਇਨ , 200 ਤੋਂ ਵੱਧ ਹਥਿਆਰ ਅਤੇ 278 ਡਰੋਨ ਜਬਤ ਕਰਨ ਤੋਂ ਇਲਾਵਾ 53 ਪਾਕਿਸਤਾਨੀ ਘੁਸਪੈਠੀਆਂ ਜਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਏਕੇ 47 ਅਤੇ ਏਕੇ 56 ਅਸਾਲਟ ਰਾਈਫਲਾਂ ਦੀ ਬਰਾਮਦਗੀ ਫਿਕਰਮੰਦ ਕਰਦੀ ਹੈ।
ਪੰਜਾਬ ਲਈ ਚਿੰਤਾ ਦਾ ਵਿਸ਼ਾ
ਪੰਜਾਬ ਲਈ ਇਹ ਸਥਿਤੀ ਚਿੰਤਾ ਵਾਲੀ ਹੈ ਜਿਸ ਨੇ ਲੰਮਾ ਸਮਾਂ ਅੱਤਵਾਦ ਝੱਲਿਆ ਹੈ। ਨੌਜਵਾਨਾਂ ’ਚ ਬੇਰੁਜ਼ਗਾਰੀ, ਬੰਦੂਕ ਸੱਭਿਆਚਾਰ ਦੀ ਮਹਿਮਾ ਅਤੇ ਜਲਦੀ ਅਮੀਰ ਹੋਣ ਦਾ ਲਾਲਚ ਗੈਂਗਸਟਰਵਾਦ ਦੇ ਉਭਾਰ ਦਾ ਕਾਰਨ ਹੈ। ਹਾਲਾਂਕਿ ਪੁਲੀਸ ਨੇ ਕਈ ਮਾਮਲਿਆਂ ’ਚ ਸਫਲਤਾ ਹਾਸਲ ਕੀਤੀ ਹੈ ਪਰ ਇਹ ਦਰ ਵਧਾਉਣ ਲਈ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ। ਸੂਬਾਈ ਸਰਕਾਰ ਨੂੰ ਅਮਨ ਕਾਨੂੰਨ ਦੀ ਕਾਇਮੀ ਯਕੀਨੀ ਬਣਾਉਣੀ ਚਾਹੀਦੀ ਹੈ।
ਕਾਰਵਾਈਆਂ ਤੇਜੀ ਨਾਲ ਜਾਰੀ
ਡੀਜੀਪੀ ਪੰਜਾਬ ਗੌਰਵ ਯਾਦਵ ਦਾ ਕਹਿਣਾ ਸੀ ਕਿ ਪੁਲਿਸ ਨੇ 80 ਤੋਂ ਵੱਧ ਮਾਮਲਿਆਂ ’ਚ ਸ਼ਾਮਲ 216 ਸ਼ੂਟਰਾਂ ਦੀ ਪਛਾਣ ਕੀਤੀ ਸੀ ਜਿੰਨ੍ਹਾਂ ਚੋ 160 ਨੂੰ ਕਾਬੂ ਕਰ ਲਿਆ ਹੈ ਜਦੋਂਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਤੇਜੀ ਨਾਲ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ 10 ਹਜ਼ਾਰ ਤੋਂ ਵੱਧ ਅਪਰਾਧੀ ਗ੍ਰਿਫਤਾਰ ਕੀਤੇ ਜਾ ਰਹੇ ਹਨ। ਉਨ੍ਹਾਂ ਅਮਨ ਕਾਨੂੰਨ ਬਣਾਕੇ ਰੱਖਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਪ੍ਰਗਟਾਈ ਹੈ।
Click to Follow Babushahi Facebook page →