ਗੁਰਦਾਸਪੁਰ ਪੁਲਿਸ ਮੁਲਾਜ਼ਮ ਕਤਲ ਕਾਂਡ: ਮਾਸਟਰਸਾਈਂਡ ਦੀ ਐਨਕਾਊਂਟਰ ਦੌਰਾਨ ਮੌਤ- CIA ਇੰਚਾਰਜ ਦੇ ਵੀ ਮੋਢੇ 'ਤੇ ਲੱਗੀ ਗੋਲੀ
ਸ਼ਹੀਦ ਬੀਬੀ ਸੁੰਦਰੀ ਗੁਰਦੁਆਰਾ ਸਾਹਿਬ ਦੇ ਨੇੜੇ ਹੋਈ ਮੁੱਠਭੇੜ; ਪੁਲਿਸ ਮੁਲਾਜ਼ਮਾਂ ਦੇ ਕਾਤਲਾਂ 'ਤੇ ਵੱਡੀ ਕਾਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ 25 ਫਰਵਰੀ 2026: ਗੁਰਦਾਸਪੁਰ ਦੇ ਪਿੰਡ ਆਦੀਆਂ ਦੀ ਪੁਲਿਸ ਚੌਂਕੀ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਮੁੱਖ ਦੋਸ਼ੀ ਰਣਜੀਤ ਸਿੰਘ ਨੂੰ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਹੈ। ਇਸ ਮੁੱਠਭੇੜ ਦੌਰਾਨ ਸੀਆਈਏ (CIA) ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ ਵੀ ਗੰਭੀਰ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਣਜੀਤ ਸਿੰਘ ਸ਼ਹੀਦ ਬੀਬੀ ਸੁੰਦਰੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲੁਕਿਆ ਹੋਇਆ ਹੈ। ਜਦੋਂ ਪੁਲਿਸ ਟੀਮ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਰਣਜੀਤ ਸਿੰਘ ਨੇ ਪੁਲਿਸ ਪਾਰਟੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਰਣਜੀਤ ਸਿੰਘ ਮਾਰਿਆ ਗਿਆ।
ਗੋਲੀਬਾਰੀ ਦੌਰਾਨ ਸੀਆਈਏ ਇੰਚਾਰਜ ਗੁਰਮੀਤ ਸਿੰਘ ਦੇ ਮੋਢੇ ਵਿੱਚ ਗੋਲੀ ਲੱਗੀ ਜੋ ਆਰ-ਪਾਰ ਹੋ ਗਈ। ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਇਸ ਹੱਤਿਆਕਾਂਡ ਵਿੱਚ ਤਿੰਨ ਦੋਸ਼ੀਆਂ ਦੀ ਪਛਾਣ ਕੀਤੀ ਸੀ। ਰਣਜੀਤ ਸਿੰਘ (ਪਿੰਡ ਆਦੀਆਂ) ਐਨਕਾਊਂਟਰ ਵਿੱਚ ਮਾਰਿਆ ਗਿਆ। ਦਿਲਾਵਰ ਸਿੰਘ (ਪਿੰਡ ਆਲੀ ਨੰਗਲ) ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ 'ਤੇ ਦੋਸ਼ੀਆਂ ਨੂੰ ਆਪਣੇ ਘਰ ਵਿੱਚ ਪਨਾਹ ਦੇਣ ਦਾ ਇਲਜ਼ਾਮ ਹੈ। ਇਸ ਤੋਂ ਇਲਾਵਾ ਇੰਦਰਜੀਤ ਸਿੰਘ (ਪਿੰਡ ਆਦੀਆਂ) ਫਿਲਹਾਲ ਫਰਾਰ ਹੈ ਅਤੇ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਜਿਕਰਯੋਗ ਹੈ ਕਿ ਪਿੰਡ ਆਦੀਆਂ ਦੀ ਪੁਲਿਸ ਚੌਂਕੀ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ, ਜਿੱਥੇ ਡਿਊਟੀ 'ਤੇ ਤਾਇਨਾਤ ਦੋ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਬਹੁਤ ਤੇਜ਼ੀ ਨਾਲ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ-ਅੰਦਰ ਮਾਮਲੇ ਨੂੰ ਸੁਲਝਾਉਣ ਵੱਲ ਵੱਡੇ ਕਦਮ ਚੁੱਕੇ ਹਨ।
Click to Follow Babushahi Facebook page →