ਅਕਾਲੀ ਏਕਤਾ ਅਤੇ ਅਕਾਲੀ-ਭਾਜਪਾ ਗੱਠਜੋੜ ਬਾਰੇ ਮਜੀਠੀਆ ਦਾ ਵੱਡਾ ਬਿਆਨ, ਕਿਹਾ- ਮੈਂ ਤਾਂ ਕੰਮ ਸ਼ੁਰੂ ਕਰ ਦਿੱਤਾ
ਭਾਜਪਾ ਨਾਲ ਗਠਜੋੜ 'ਤੇ ਬੋਲੇ ਮਜੀਠੀਆ: "ਸੱਚ ਨੂੰ ਪ੍ਰਮਾਣ ਦੀ ਲੋੜ ਨਹੀਂ, ਫੈਸਲਾ ਸੀਨੀਅਰ ਲੀਡਰਸ਼ਿਪ ਕਰੇਗੀ"
ਮਜੀਠੀਆ ਦੀ ਹੁੰਕਾਰ: "ਪੰਜਾਬ ਦੇ ਪਾਣੀਆਂ ਅਤੇ ਕਿਸਾਨੀ ਨੂੰ ਬਚਾਉਣ ਲਈ ਅਕਾਲੀ ਦਲ ਦਾ ਇਕੱਠਾ ਹੋਣਾ ਜ਼ਰੂਰੀ।"
ਚੰਡੀਗੜ੍ਹ 9 ਫਰਵਰੀ 2026: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟਾਈ ਅਤੇ ਅਕਾਲੀ ਦਲ ਦੀ ਇਕਜੁੱਟਤਾ ਸਮੇਤ ਭਾਜਪਾ ਨਾਲ ਗਠਜੋੜ ਦੇ ਸੰਕੇਤਾਂ 'ਤੇ ਖੁੱਲ੍ਹ ਕੇ ਚਰਚਾ ਕੀਤੀ। ਮਜੀਠੀਆ ਨੇ ਸਾਫ਼ ਕਿਹਾ ਕਿ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ, ਉਨ੍ਹਾਂ ਨੂੰ ਨਿੱਜੀ ਮਤਭੇਦ ਭੁਲਾ ਕੇ ਪੰਜਾਬ ਖ਼ਾਤਰ ਇੱਕ ਮੰਚ 'ਤੇ ਆਉਣਾ ਪਵੇਗਾ।
ਮਜੀਠੀਆ ਨੇ ਅਕਾਲੀ ਦਲ ਦੇ ਵੱਖ ਹੋਏ ਧੜਿਆਂ ਨੂੰ ਇਕੱਠਾ ਕਰਨ ਦੀ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਲੀਡਰਸ਼ਿਪ ਨੇ ਇਸ ਦਾ ਸਵਾਗਤ ਵੀ ਕੀਤਾ ਹੈ। ਉਨ੍ਹਾਂ ਕਿਹਾ, "ਮੇਰੀ ਗੱਡੀ ਬਰਨਾਲਾ ਸਾਹਿਬ ਚਲਾ ਰਹੇ ਨੇ, ਮੈਂ ਪੰਜਾਬ ਦੇ ਹਿੱਤਾਂ ਲਈ ਲਗਾਤਾਰ ਯਤਨਸ਼ੀਲ ਹਾਂ। ਜਦੋਂ ਪੰਜਾਬ ਦੀ ਕਿਸਾਨੀ, ਨੌਕਰੀਆਂ ਅਤੇ ਕਾਨੂੰਨ ਵਿਵਸਥਾ ਖ਼ਤਰੇ ਵਿੱਚ ਹੋਵੇ, ਤਾਂ ਪੰਜਾਬ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਦਾ ਇਕੱਠਾ ਹੋਣਾ ਲਾਜ਼ਮੀ ਹੈ।"
ਭਾਜਪਾ (BJP) ਨਾਲ ਮੁੜ ਸਮਝੌਤੇ ਬਾਰੇ ਪੁੱਛੇ ਗਏ ਸਵਾਲ 'ਤੇ ਮਜੀਠੀਆ ਨੇ ਕਿਹਾ ਕਿ ਅਜਿਹੇ ਫੈਸਲੇ ਸੜਕਾਂ 'ਤੇ ਨਹੀਂ ਦੱਸੇ ਜਾਂਦੇ, ਪਰ ਇਤਿਹਾਸ ਗਵਾਹ ਹੈ ਕਿ 1997, 2007 ਅਤੇ 2012 ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਮਿਲ ਕੇ ਸਰਕਾਰਾਂ ਚਲਾਈਆਂ ਹਨ। ਉਨ੍ਹਾਂ ਕਿਹਾ, "ਸੱਚ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਅਸੀਂ ਪਹਿਲਾਂ ਵੀ ਇਕੱਠੇ ਕੰਮ ਕੀਤਾ ਹੈ, ਪਰ ਭਵਿੱਖ ਵਿੱਚ ਇਕੱਠੇ ਹੋਣਾ ਹੈ ਜਾਂ ਨਹੀਂ, ਇਸ ਦਾ ਅੰਤਿਮ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੀ ਕਰੇਗੀ।"
ਮੌਜੂਦਾ 'ਆਪ' ਸਰਕਾਰ ਨੂੰ ਘੇਰਦਿਆਂ ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਉਨ੍ਹਾਂ ਡੀ.ਜੀ.ਪੀ. 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ "ਇੱਕ ਟੈਂਪਰੇਰੀ ਡੀ.ਜੀ.ਪੀ. ਸਿਰਫ਼ ਆਪਣੀ ਕੁਰਸੀ ਬਚਾਉਣ ਵਿੱਚ ਲੱਗਿਆ ਹੋਇਆ ਹੈ।" "ਲੋਕ ਆਪਣੇ ਘਰਾਂ ਵਿੱਚ ਵੀ ਮਹਿਫੂਜ਼ ਨਹੀਂ ਹਨ, ਕਿਉਂਕਿ ਪ੍ਰਸ਼ਾਸਨ ਦਾ ਧਿਆਨ ਜਨਤਾ ਦੀ ਸੁਰੱਖਿਆ ਵੱਲ ਨਹੀਂ, ਸਗੋਂ ਆਪਣੀਆਂ ਪਦਵੀਆਂ ਬਚਾਉਣ ਵੱਲ ਹੈ।"