ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਗੁਰੂ ਰਵਿਦਾਸ ਭਵਨ ਵਿਖੇ ਮੱਥਾ ਟੇਕਿਆ
ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਕਪੂਰਥਲਾ 2 ਫਰਵਰੀ
ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਗੁਰੂ ਰਵਿਦਾਸ ਭਵਨ, ਕਪੂਰਥਲਾ ਵਿਖੇ ਪਹੁੰਚ ਕੇ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਜੀ ਦਾ ਸੰਦੇਸ਼ ਸਮਾਨਤਾ, ਅਤੇ ਮਨੁੱਖਤਾ ਦੀ ਭਲਾਈ ਲਈ ਅੱਜ ਵੀ ਉਤਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਸਮਾਜ ਵਿੱਚ ਫੈਲੀ ਅਸਮਾਨਤਾ, ਭੇਦਭਾਵ ਅਤੇ ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਦਾ ਮਾਰਗ ਦਿਖਾਇਆ।
ਵਿਧਾਇਕ ਨੇ ਅਰਦਾਸ ਕਰਦਿਆਂ ਪੰਜਾਬ ਦੀ ਤਰੱਕੀ, ਲੋਕਾਂ ਦੀ ਖੁਸ਼ਹਾਲੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਸੋਚ ਅਤੇ ਫ਼ਲਸਫ਼ਾ ਸਾਨੂੰ ਸਮਾਜਿਕ ਸਾਂਝ, ਨਿਆਂ ਅਤੇ ਬਰਾਬਰੀ ਦੇ ਸਿਧਾਂਤਾਂ ’ਤੇ ਸਥਿਰ ਰਹਿਣ ਦੀ ਪ੍ਰੇਰਣਾ ਦਿੰਦੇ ਹਨ।