ਮਜੀਠੀਆ ਨਾਲ ਡੇਰਾ ਮੁਖੀ ਦੀ ਮੁਲਾਕਾਤ! ਬੰਟੀ ਰੋਮਾਣਾ ਨੇ ਕਿਹਾ- 'ਬਾਬਾ ਜੀ' ਦਾ ਬਿਆਨ 100% ਸੱਚ
Babushahi Network
ਚੰਡੀਗੜ੍ਹ, 2 ਫਰਵਰੀ 2026- ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਡੇਰਾ ਬਿਆਸ ਮੁਖੀ ਵੱਲੋਂ ਦਿੱਤੇ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬੰਟੀ ਰੋਮਾਣਾ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਗੱਲ ਅਕਾਲੀ ਦਲ ਲੰਬੇ ਸਮੇਂ ਤੋਂ ਕਹਿ ਰਿਹਾ ਸੀ, ਅੱਜ ਉਸ 'ਤੇ ਮੋਹਰ ਲੱਗ ਗਈ ਹੈ।
ਬੰਟੀ ਰੋਮਾਣਾ ਨੇ ਕਿਹਾ ਕਿ ਬਿਕਰਮ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ਸਿਰਫ਼ 'ਪੋਲੀਟੀਕਲ ਵੈਂਡੇਟਾ' (ਸਿਆਸੀ ਬਦਲਾਖੋਰੀ) ਹੈ। ਉਨ੍ਹਾਂ ਨੇ ਕਾਨੂੰਨੀ ਨੁਕਤਿਆਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਨਸ਼ੇ ਦਾ ਰੌਲਾ ਪਾ ਕੇ ਦਰਜ ਕੀਤੀ ਗਈ FIR ਵਿੱਚ ਨਸ਼ੇ ਦੀ ਕੋਈ ਰਿਕਵਰੀ ਹੀ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੇਲੇ ਦਰਜ ਕੀਤੇ ਪਰਚੇ ਨੂੰ 5 ਸਾਲ ਹੋ ਚੁੱਕੇ ਹਨ, ਪਰ ਅਜੇ ਤੱਕ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ ਗਿਆ, ਜੋ ਸਾਬਤ ਕਰਦਾ ਹੈ ਕਿ ਸਬੂਤਾਂ ਦੀ ਕਮੀ ਹੈ। ਰੋਮਾਣਾ ਨੇ ਯਾਦ ਕਰਵਾਇਆ ਕਿ ਇਸੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਪਹਿਲਾਂ ਲਿਖਤੀ ਮਾਫ਼ੀ ਮੰਗੀ ਸੀ।
ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਮਜੀਠੀਆ ਪੰਜਾਬ ਦੇ ਲੋਕਾਂ ਦੇ ਮੁੱਦੇ ਉਠਾ ਰਹੇ ਸਨ ਅਤੇ ਸਰਕਾਰ ਦੇ ਖ਼ਿਲਾਫ਼ ਬੋਲ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਆਵਾਜ਼ ਨੂੰ 'ਸਾਈਲੈਂਸ' (ਖ਼ਾਮੋਸ਼) ਕਰਨ ਲਈ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਬਾਬਾ ਜੀ ਦਾ ਬਿਆਨ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ।
ਨੀਲ ਗਰਗ ਬਨਾਮ ਬੰਟੀ ਰੋਮਾਣਾ: ਸਿਆਸੀ ਜੰਗ ਤੇਜ਼
ਇੱਕ ਪਾਸੇ ਜਿੱਥੇ 'ਆਪ' ਆਗੂ ਨੀਲ ਗਰਗ ਨੇ ਡੇਰਾ ਮੁਖੀ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ, ਉੱਥੇ ਹੀ ਬੰਟੀ ਰੋਮਾਣਾ ਨੇ ਇਸ ਨੂੰ ਸੱਚਾਈ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਿਆਸੀ ਟਕਰਾਅ ਆਉਣ ਵਾਲੇ ਦਿਨਾਂ ਵਿੱਚ ਕੀ ਮੋੜ ਲੈਂਦਾ ਹੈ?