ਪ੍ਰੋ.ਰਾਜ ਕੁਮਾਰ ਹੰਸ ਦੀ ਪੁਸਤਕ ਪੰਜਾਬ ਦੇ ਇਨਕਲਾਬ -ਸਿੱਖੀ ਅਤੇ ਦਲਿਤ ਸਾਹਿਤਕਾਰੀ 'ਤੇ ਗੋਸ਼ਟੀ
ਅਸ਼ੋਕ ਵਰਮਾ
ਮਾਨਸਾ, 2 ਫਰਵਰੀ 2026: ਸਾਡੇ ਸਮਾਜ ਅਤੇ ਸਾਹਿਤ ਦਾ ਇਤਿਹਾਸ ਲਿਖਣ ਵਾਲਿਆਂ ਤੋਂ ਅਸੀਂ ਪੂਰਨ ਨਿਰਪੱਖਤਾ ਨਾਲ ਖੋਜ ਅਤੇ ਲੇਖਣੀ ਦੀ ਤਵੱਕੋ ਰੱਖਦੇ ਹਾਂ, ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਅਤੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਵਾਲੇ ਅਨੇਕਾਂ ਵਿਦਵਾਨਾਂ ਨੇ ਦਲਿਤ ਵਰਗ 'ਚ ਜਨਮੇ ਬਹਾਦਰ ਯੋਧਿਆਂ ਅਤੇ ਉੱਚਪਾਏ ਦੇ ਚਿੰਤਕਾਂ ਤੇ ਲੇਖਕਾਂ ਨੂੰ ਅਪਣੀਆਂ ਲਿਖਤਾਂ ਵਿੱਚ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ ।ਇਹ ਟਿੱਪਣੀ ਪ੍ਰੋਫ਼ੈਸਰ ਰਾਜ ਕੁਮਾਰ ਹੰਸ ਨੇ ਇਥੇ ਉਨ੍ਹਾਂ ਦੇ ਖੋਜ ਭਰਪੂਰ ਲੇਖਾਂ ਦੀ ਕਿਤਾਬ 'ਪੰਜਾਬ ਦੇ ਇਨਕਲਾਬ - ਸਿੱਖੀ ਅਤੇ ਦਲਿਤ ਸਾਹਿਤਕਾਰੀ' ਬਾਰੇ ਕੋਈ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਕਹੀ।
ਮਹਾਨ ਕ੍ਰਾਂਤੀਕਾਰੀ ਸੰਤ ਗੁਰੂ ਰਵਿਦਾਸ ਜੀ ਦੇ 649 ਜਨਮ ਦਿਵਸ ਮੌਕੇ ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਕਾਰਵਾਈ ਗਈ ਇਸ ਗੋਸ਼ਟੀ ਦੀ ਸ਼ੁਰੂਆਤ ਰੈਡੀਕਲ ਫੋਰਮ ਦੇ ਕਨਵੀਨਰ ਸੁਖਦਰਸ਼ਨ ਨੱਤ ਵਲੋਂ ਸਾਰੇ ਵਿਦਵਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿਣ ਨਾਲ ਹੋਈ। ਚਰਚਾ ਅਧੀਨ ਪੁਸਤਕ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਜਿਥੇ ਸਿੱਖਾਂ ਵਿੱਚ ਬੀਤੇ ਸੌ ਸਾਲ ਤੋਂ ਦਲਿਤ ਭਾਈਚਾਰੇ ਦੇ ਯੋਗਦਾਨ ਨੂੰ ਅਣਵੇਖਿਆ ਕਰਨ ਦਾ ਮਾੜਾ ਰੁਝਾਨ ਸ਼ੁਰੂ ਹੋਇਆ ਜੋ ਕਿ ਖਤਮ ਹੋਣ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ, ।
ਉਹਨਾਂ ਕਿਹਾ ਕਿ ਜਦੋਂ ਕਿ ਦੇਸ਼ ਦੇ ਕਮਿਉਨਿਸਟ ਮਜ਼ਦੂਰਾਂ ਲਈ ਲੜਾਈ ਲੜਦਿਆਂ ਵੀ ਅਪਣੀ ਗਲਤ ਸਮਝਦਾਰੀ ਕਾਰਨ ਆਰੰਭ ਵਿੱਚ ਜਾਤ ਪਾਤ ਦੇ ਸੁਆਲ ਦੀ ਗਹਿਰਾਈ ਤੇ ਦਰਦ ਨੂੰ ਸਮਝਣ ਤੋਂ ਅਸਮਰਥ ਰਹੇ, ਪਰ ਬੀਤੇ ਚਾਰ ਪੰਜ ਦਹਾਕਿਆਂ ਤੋਂ ਲਿਬਰੇਸ਼ਨ ਸਮੇਤ ਇਸ ਲਹਿਰ ਦਾ ਕਾਫੀ ਹਿੱਸਾ ਅਪਣੀ ਇਸ ਗਲਤੀ ਨੂੰ ਦਰੁਸਤ ਕਰਕੇ ਜਾਤੀ ਜਬਰ ਦੇ ਖਿਲਾਫ ਅਤੇ ਦਲਿਤਾਂ ਔਰਤਾਂ ਦੇ ਮਾਨ ਸਨਮਾਨ ਦੀ ਬਹਾਲੀ ਲਈ ਸਮਝੌਤਾ ਹੀਣ ਲੜਾਈ ਲੜਦਾ ਆ ਰਿਹਾ ਹੈ। ਵਿਚਾਰ ਅਧੀਨ ਪੁਸਤਕ ਬਾਰੇ ਪੇਪਰ ਪੜ੍ਹਦਿਆਂ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੀ ਪ੍ਰੋ. ਅਤੇ ਸ਼ਾਇਰਾ ਨੀਤੂ ਅਰੋੜਾ ਨੇ ਕਿਹਾ ਕਿ ਦੁਨੀਆ ਭਰ ਵਿੱਚ ਜਮਾਤੀ ਸੰਘਰਸ਼ ਅਤੇ ਪਛਾਣ ਦੀਆਂ ਲੜਾਈਆਂ ਇਕ ਦੂਜੇ ਦੇ ਸਾਹਮਣੇ ਖੜੀਆਂ ਹਨ। ਜ਼ਾਹਰ ਹੈ ਕਿ ਸਿਰਫ਼ ਜਮਾਤੀ ਸ਼ੋਸ਼ਣ ਹੀ ਸ਼ੋਸ਼ਣ ਦਾ ਇਕੋ ਇਕ ਰੂਪ ਨਹੀਂ ਹੈ, ਜਾਤ, ਧਰਮ ਅਤੇ ਲਿੰਗ ਦੇ ਅਧਾਰ 'ਤੇ ਹੋ ਰਹੇ ਵਿਤਕਰੇ ਤੇ ਦਮਨ ਵੀ ਉਨ੍ਹਾਂ ਹੀ ਅਸਹਿਣਯੋਗ ਹੈ।
ਉਨ੍ਹਾਂ ਪ੍ਰੋਫ਼ੈਸਰ ਹੰਸ ਵਲੋਂ ਅਪਣੇ ਵਿਸ਼ੇ ਬਾਰੇ ਲਿਖਣ ਲਈ ਕੀਤੀ ਇਤਿਹਾਸ ਦੀ ਡੂੰਘੀ ਖੋਜ ਪੜਤਾਲ ਦੀ ਸ਼ਲਾਘਾ ਕਰਦਿਆਂ ਪੁਸਤਕ ਵਿਚਲੇ ਕੁਝ ਸੰਕਲਪਾਂ ਤੇ ਧਾਰਨਾਵਾਂ ਬਾਰੇ ਸੁਆਲ ਵੀ ਖੜ੍ਹੇ ਕੀਤੇ। ਖੂਬਸੂਰਤ ਢੰਗ ਨਾਲ ਗੋਸ਼ਟੀ ਦਾ ਪ੍ਰਬੰਧ ਅਮੋਲਕ ਡੇਲੂਆਣਾ ਨੇ ਅਤੇ ਸੰਚਾਲਨ ਡਾ. ਸੰਦੀਪ ਸਿੰਘ ਨੇ ਕੀਤਾ।ਪੜ੍ਹੇ ਗਏ ਪੇਪਰ, ਪੁਸਤਕ ਅਤੇ ਇੰਨਾਂ ਵਿਚੋਂ ਉਠਦੇ ਸੁਆਲਾਂ ਬਾਰੇ ਪੰਜਾਬੀ ਦੇ ਲੇਖਕ ਤੇ ਆਲੋਚਕ ਨਿਰੰਜਨ ਬੋਹਾ, ਸ਼ਾਇਰ ਬਲਵੰਤ ਭਾਟੀਆ, ਮਾਸਟਰ ਪਰਮਿੰਦਰ ਸਿੰਘ, ਆਤਮਾ ਸਿੰਘ ਪਮਾਰ, ਕਾਮਰੇਡ ਕਸ਼ਮੀਰ ਸਿੰਘ, ਬਹਾਲ ਸਿੰਘ ਬੇਨੜਾ, ਸੁਖਜੀਤ ਚੀਮਾ, ਕੁਲਦੀਪ ਘਰਾਗਣਾ ਨੇ ਅਪਣੇ ਵਿਚਾਰ ਸਾਂਝੇ ਕੀਤੇ ਅਤੇ ਕੁਝ ਸੁਆਲ ਉਠਾਏ। ਪ੍ਰੋ਼. ਹੰਸ ਵਲੋਂ ਇੰਨਾਂ ਸੁਆਲਾਂ ਦੇ ਢੁੱਕਵੇਂ ਉੱਤਰ ਦਿੱਤੇ ਗਏ।
ਅਖੀਰ ਵਿੱਚ ਸ਼ਾਇਰ ਰਾਜਵਿੰਦਰ ਮੀਰ ਨੇ ਅਨੁਵਾਦਕ ਦਾ ਨਾਂ ਕਿਤਾਬ ਦੇ ਸਵਰਕ ਉਤੇ ਨਾ ਛਪੇ ਜਾਣ ਸਮੇਤ ਅਪਣੇ ਕੁਝ ਹੋਰ ਨੁਕਤੇ ਉਠਾਏ।ਉਨ੍ਹਾਂ ਰੈਡੀਕਲ ਫੋਰਮ ਤੇ ਜੁਟਾਨ ਵਲੋਂ ਭੱਖਵੇਂ ਸਮਕਾਲੀ ਮੁੱਦਿਆਂ ਬਾਰੇ ਚਰਚਾ ਤੇ ਗੋਸ਼ਟ ਦੀ ਇਹ ਪ੍ਰੰਪਰਾ ਜਾਰੀ ਰੱਖਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਉਤੇ ਵੀ ਜ਼ੋਰ ਦਿੱਤਾ ਅਤੇ ਸਾਰੇ ਪਹੁੰਚੇ ਹੋਏ ਸੱਜਣਾਂ ਦਾ ਧੰਨਵਾਦ ਕੀਤਾ।
ਇਸ ਗੋਸ਼ਟੀ ਵਿੱਚ ਮੰਡੀ ਮੁੱਲਾਂਪੁਰ ਤੋਂ ਪੰਜਾਬੀ ਕਵੀ ਕੇ. ਸਾਧੂ ਸਿੰਘ, ਬਠਿੰਡਾ ਤੋਂ ਰਣਜੀਤ ਗੌਰਵ ਤੇ ਚਰਨਜੀਤ ਸ਼ਰਮਾ, ਸਿਰਸਾ ਤੋਂ ਬਿੱਟੂ ਮਲਿਕਪੁਰ, ਜਸਬੀਰ ਕੌਰ ਨੱਤ, ਸੁਖਜੀਤ ਰਾਮਾਨੰਦੀ, ਕਾਮਰੇਡ ਰਾਜਵਿੰਦਰ ਰਾਣਾ, ਕਹਾਣੀਕਾਰ ਦਰਸ਼ਨ ਜੋਗਾ, ਧੰਨਾ ਮੱਲ ਗੋਇਲ, ਹਰਭਗਵਾਨ ਭੀਖੀ, ਜਸਪਾਲ ਖੋਖਰ, ਜਸਵੀਰ ਸਿੰਘ ਭੰਮਾ, ਗੁਰਸੇਵਕ ਮਾਨ, ਬਿੱਟੂ ਖੋਖਰ, ਸੇਬੀ ਖੰਡੇਬਾਦ, ਹਰਗਿਆਨ ਢਿੱਲੋਂ, ਲੈਕਚਰਾਰ ਕੁਲਦੀਪ ਚੌਹਾਨ, ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਬਲਰਾਜ ਸਿੰਘ ਗਰੇਵਾਲ ਅਤੇ ਜਗਜੀਵਨ ਸਿੰਘ ਆਲੀਕੇ ਵੀ ਸ਼ਾਮਲ ਸਨ।