ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਲੋਹੜ੍ਹੀ ਧੀਆਂ ਦੀ'' ਮੇਲੇ ਦੌਰਾਨ 41 ਧੀਆਂ ਦਾ ਸਨਮਾਨ
ਅਸ਼ੋਕ ਵਰਮਾ
ਮਾਨਸਾ, 10 ਜਨਵਰੀ 2026:ਅੱਜ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਤੋਂ ਵਧ ਕੇ ਹਰ ਖੇਤਰ ਵਿਚ ਤਰੱਕੀਆਂ ਕਰ ਰਹੀਆਂ ਹਨ, ਲੋੜ ਹੈ ਓਨ੍ਹਾਂ ਨੂੰ ਮੌਕਾ ਪ੍ਰਦਾਨ ਕਰਨ ਦੀ।
ਇਹ ਪ੍ਰਗਟਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇਥੇ ਕੀਤਾ। ਉਹ ਇਥੇ 21ਵੇਂ ਲੋਹੜੀ ਧੀਆਂ ਦੀ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਕਿਹਾ ਕਿ ਹਰੇਕ ਧੀ ਵਿਚ ਵਿਲੱਖਣ ਹੁਨਰ ਹੁੰਦਾ ਹੈ, ਲੋੜ ਹੁੰਦੀ ਹੈ ਉਸ ਨੂੰ ਮੌਕਾ ਪ੍ਰਦਾਨ ਕਰਨ ਦੀ। ਉਨ੍ਹਾਂ ਕਿਹਾ ਕਿ ਅੱਜ ਦੇ ਮਾਪੇ ਜਾਗਰੂਕ ਹੋ ਚੁੱਕੇ ਹਨ ਜੋ ਆਪਣੀਆਂ ਬੇਟੀਆਂ ਨੂੰ ਮੁੰਡਿਆਂ ਦੇ ਬਰਾਬਰ ਉੱਚ ਸਿੱਖਿਆ ਪ੍ਰਦਾਨ ਕਰਵਾ ਰਹੇ ਹਨ ਜਿਸ ਕਾਰਨ ਹਰੇਕ ਖੇਤਰ ਵਿਚ ਹੁਣ ਕੁੜੀਆਂ ਦੀ ਸ਼ਮੂਲੀਅਤ ਵਿਚ ਵਾਧਾ ਹੋ ਰਿਹਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ।
ਸੱਭਿਆਚਾਰ ਚੇਤਨਾ ਮੰਚ (ਰਜਿ) ਮਾਨਸਾ ਵੱਲੋਂ ਸਥਾਨਕ ਖਾਲਸਾ ਹਾਈ ਸਕੂਲ ਵਿਖੇ ਮੰਚ ਦੇ ਮੈਂਬਰ ਨਾਟਕਕਾਰ ਬਲਰਾਜ ਮਾਨ ਅਤੇ ਜਸ਼ਨਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ 21ਵੇਂ ਲੋਹੜੀ ਧੀਆਂ ਦੀ ਮੇਲੇ ਦੌਰਾਨ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ 41 ਧੀਆਂ ਦਾ ਸਨਮਾਨ ਕੀਤਾ ਗਿਆ ਜਿਸ ਵਿਚ ਪੁੱਜ ਕੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਧੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਧੀਆਂ ਹੁਣ ਮੁੰਡਿਆਂ ਦੇ ਬਰਾਬਰ ਹਨ, ਬਲਕਿ ਹਰ ਖੇਤਰ ਵਿਚ ਅੱਵਲ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਜੋ ਵੱਡੇ ਪੱਧਰ 'ਤੇ ਧੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਨੇਕ ਕਾਰਜ ਹੈ ਜਿਸ ਨਾਲ ਧੀਆਂ ਨੂੰ ਉਤਸ਼ਾਹ ਅਤੇ ਬਲ ਮਿਲਦਾ ਹੈ। ਉਨ੍ਹਾਂ ਸਾਰੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਵੀ ਮੰਚ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਣਹਾਰ ਧੀਆਂ ਦੇ ਸਨਮਾਨ ਤੋਂ ਇਲਾਵਾ ਗਿੱਧਾ, ਭੰਗੜਾ ਅਤੇ ਵੱਖ ਵੱਖ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਪ੍ਰੀਤ ਸਿੰਘ ਭੁੱਚਰ, ਐਸ.ਡੀ.ਐੱਮ ਮਾਨਸਾ ਕਾਲਾ ਰਾਮ ਕਾਂਸਲ, ਡਾ. ਨਿਸ਼ਾਨ ਸਿੰਘ, ਡਾ. ਜਨਕ ਰਾਜ, ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ, ਪ੍ਰਧਾਨ ਸੱਭਿਆਚਾਰ ਚੇਤਨਾ ਮੰਚ ਹਰਿੰਦਰ ਸਿੰਘ ਮਾਨਸ਼ਾਹੀਆ, ਹਰਦੀਪ ਸਿੰਘ ਸਿੱਧੂ, ਪ੍ਰਿਤਪਾਲ ਸਿੰਘ, ਬਲਰਾਜ ਨੰਗਲ, ਸਰਬਜੀਤ ਕੌਸ਼ਲ, ਰਾਜ ਜੋਸ਼ੀ, ਦਰਸ਼ਨ ਜਿੰਦਲ, ਡਾਇਰੈਕਟਰ ਕਮਲਜੀਤ ਮਾਲਵਾ, ਸੱਭਿਆਚਾਰਕ ਸਕੱਤਰ ਅਸ਼ੋਕ ਬਾਂਸਲ, ਕੇਵਲ ਸਿੰਘ, ਨਰਿੰਦਰ ਸ਼ਰਮਾ, ਹਰਜੀਵਨ ਸਰਾਂ, ਪ੍ਰਧਾਨ ਖਾਲਸਾ ਹਾਈ ਸਕੂਲ ਮੱਘਰ ਸਿੰਘ ਸਿੱਧੂ, ਡਾਇਰੈਕਟਰ ਖਾਲਸਾ ਹਾਈ ਸਕੂਲ ਦਰਸ਼ਨ ਸਿੰਘ, ਰੰਗਕਰਮੀ ਤੇ ਫਿਲਮੀ ਅਦਾਕਾਰ ਸ੍ਰੀਮਤੀ ਮਨਜੀਤ ਕੌਰ ਔਲਖ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਐਡਵੋਕੇਟ ਵਿਜੈ ਸਿੰਗਲਾ ਤੇ ਹੋਰ ਪਤਵੰਤੇ ਮੌਜੂਦ ਸਨ।