ਗਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਨਾਲ ਰੂਬਰੂ ਅਤੇ ਸਨਮਾਨ
ਹਰਦਮ ਮਾਨ
ਸਰੀ, 10 ਜਨਵਰੀ 2026-ਗਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਦੋਹਾਂ ਵਿਦਵਾਨਾਂ ਨੇ ਆਪਣੇ ਜੀਵਨ ,ਅਧਿਆਪਨ ਸਫਰ ਅਤੇ ਜ਼ਿੰਦਗੀ ਦੇ ਤਜਰਬਿਆਂ ਬਾਰੇ ਵਿਆਖਿਆ ਸਾਹਿਤ ਗੱਲਬਾਤ ਕੀਤੀ।
ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਮਹਿਮਾਨਾਂ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਇਸ ਵਿਦਵਾਨ ਜੋੜੀ ਨੇ ਆਪਣੀਆਂ ਸੇਵਾਵਾਂ ਰਾਹੀਂ ਪੰਜਾਬੀ ਸਾਹਿਤਕ ਖੇਤਰ ਵਿਚ ਬੜਾ ਮਾਣਮੱਤਾ ਸਥਾਨ ਹਾਸਿਲ ਕੀਤਾ ਹੈ ।ਇਹਨਾਂ ਦੇ ਅਕਾਦਮਿਕ ਕਾਰਜਾਂ ਦਾ ਖੇਤਰ ਬੜਾ ਵਸੀਹ ਹੈ । ਡਾਕਟਰ ਰਾਜਿੰਦਰਪਾਲ ਬਰਾੜ ਯੂਨੀਵਰਸਿਟੀ ਵਿਖੇ ਊਚ ਅਹੁਦਿਆਂ ‘ਤੇ ਰਹਿਣ ਦੇ ਬਾਵਜੂਦ ਜ਼ਮੀਨ ਨਾਲ ਜੁੜੇ ਹੋਏ ਵਿਦਵਾਨ ਹਨ ।ਅਜ ਕੱਲ੍ਰ ਸੋਸ਼ਲ ਮੀਡੀਆ ਦੀ ਯੋਗ ਵਰਤੋਂ ਕਰ ਕੇ ਡਾ. ਚਰਨਜੀਤ ਬਰਾੜ ਤੇ ਡਾ. ਰਾਜਿੰਦਰ ਪਾਲ ਸਿੰਘ ਬਰਾੜ ਆਪਣਾ ਚੈਨਲ ਅਤੇ ਵਟਸਐਪ ਗਰੁੱਪ ਕਾਮਯਾਬੀ ਨਾਲ ਚਲਾ ਰਹੇ ਹਨ ਜਿੱਥੇ ਬੜੀਆਂ ਗੰਭੀਰ ਗੱਲਾਂ ਬਾਤਾਂ ਹੁੰਦੀਆਂ ਹਨ।
ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਪਰਿਵਾਰ ਵਿਚ ਸਾਹਿਤਕ ਮਾਹੌਲ ਮਿਲਿਆ। ਉਹਨਾਂ ਦੇ ਪਿਤਾ ਜੀ ਅਧਿਆਪਕ ਸਨ ।ਇਸ ਤਰ੍ਹਾਂ ਉਹਨਾਂ ਨੂੰ ਘਰ ਵਿਚ ਹੀ ਅਗਾਂਹਵਧੂ ਸਾਹਿਤ ਨਾਲ ਜੁੜਨ ਦਾ ਮੌਕਾ ਮਿਲਿਆ। ਬੀਐਸਸੀ ਮੈਡੀਕਲ ਤੱਕ ਪੜ੍ਹਾਈ ਕਰ ਕੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਚਲੇ ਗਏ ਅਤੇ ਮੈਡੀਕਲ ਲਾਈਨ ਛੱਡ ਕੇ ਪੰਜਾਬੀ ਭਾਸ਼ਾ ਵੱਲ ਆ ਗਏ। ਇਸ ਪੜ੍ਹਾਈ ਤੋਂ ਪਹਿਲਾਂ ਉਹਨਾਂ ਨੂੰ ਸਕੂਲ ਅਧਿਆਪਕ ਦੀ ਸਰਕਾਰੀ ਨੌਕਰੀ ਵੀ ਮਿਲ ਗਈ ਸੀ ਪਰ ਉਸ ਨੂੰ ਛੱਡ ਕੇ ਹੀ ਉਹਨਾਂ ਨੇ ਐਮ ਫਿਲ ਵਿੱਚ ਦਾਖਲਾ ਲੈ ਲਿਆ ਸੀ। ਉਹਨਾਂ ਆਪਣੀ ਲਗਨ ਤੇ ਮਿਹਨਤ ਨਾਲ ਪੀਐਚਡੀ ਕਰਕੇ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਵਜੋਂ ਨੌਕਰੀ ਹਾਸਿਲ ਕੀਤੀ। ਪੰਜਾਬੀ ਯੂਨੀਵਰਸਿਟੀ ਵਿੱਚ ਹੀ ਉਹਨਾਂ ਦੀ ਮੁਲਾਕਾਤ ਅਗਾਂਹਵਧੂ ਖਿਆਲਾਂ ਦੀ ਬੜੀ ਸੰਘਰਸ਼ਸ਼ੀਲ ਸ਼ਖਸ਼ੀਅਤ ਡਾ. ਚਰਨਜੀਤ ਕੌਰ ਨਾਲ ਹੋਈ ਅਤੇ ਉਹ ਵਿਆਹ ਦੇ ਬੰਧਨ ਵਿਚ ਬੱਝ ਗਏ। ਡਾ: ਚਰਨਜੀਤ ਕੌਰ ਬਰਾੜ ਨੇ ਵੀ ਇਸ ਮੌਕੇ ਆਪਣੇ ਜੀਵਨ ਦੇ ਦਿਲਚਸਪ ਬਿਰਤਾਂਤ ਸਾਂਝੇ ਕੀਤੇ ।ਉਨ੍ਹਾਂ ਯੂਨੀਵਰਸਿਟੀ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਘਰਸ਼ਾਂ ਵਿਚ ਪਾਏ ਆਪਣੇ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹਨਾ ਦੀਆਂ ਦੋ ਹੋਣਹਾਰ ਬੇਟੀਆਂ ਹਨ ਅਤੇ ਉਹ ਇੱਥੇ ਬੀ.ਸੀ. (ਕੈਨੇਡਾ) ਵਿਚ ਹੀ ਆਪਣੇ ਪਰਿਵਾਰਾਂ ਨਾਲ ਰਹਿ ਰਹੀਆਂ ਹਨ।
ਚਾਰ ਘੰਟੇ ਲਗਾਤਾਰ ਚੱਲੇ ਇਸ ਪ੍ਰੋਗਰਾਮ ਵਿੱਚ ਇਸ ਵਿਦਵਾਨ ਜੋੜੀ ਨੇ ਇੱਕ ਤਰ੍ਹਾਂ ਸਮਾਂ ਬੰਨ ਕੇ ਰੱਖ ਦਿੱਤਾ ਅਤੇ ਇਹ ਦਿਨ ਗ਼ਜ਼ਲ ਮੰਚ ਸਰੀ ਲਈ ਇਕ ਯਾਦਗਾਰੀ ਦਿਨ ਬਣਾ ਦਿੱਤਾ। ਗੱਲਬਾਤ ਤੋਂ ਬਾਅਦ ਕਵਿਤਾਵਾਂ, ਗਜ਼ਲਾਂ ਦਾ ਦੌਰ ਚੱਲਿਆ ਜਿਸ ਵਿੱਚ ਹਾਜ਼ਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫ਼ਿਰੋਜ਼, ਸੁਖਜੀਤ ਹੁੰਦਲ ਅਤੇ ਪ੍ਰੀਤ ਮਨਪ੍ਰੀਤ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਡਾ. ਜੋੜੀ ਨੇ ਵੀ ਇਨ੍ਹਾਂ ਰਚਨਾਵਾਂ ਦਾ ਬੜਾ ਅੱਛਾ ਪ੍ਰਭਾਵ ਕਬੂਲ ਕੀਤਾ ਅਤੇ ਉਹਨਾਂ ਨੇ ਮੰਨਿਆ ਕਿ ਪੰਜਾਬੀ ਵਿੱਚ ਜਿਹੜੀ ਖੂਬਸੂਰਤ ਗ਼ਜ਼ਲ ਸਰੀ ਦੇ ਵਿੱਚ ਰਚੀ ਜਾ ਰਹੀ ਹੈ ਉਸ ਦੇ ਵਿੱਚ ਗ਼ਜ਼ਲ ਮੰਚ ਸਰੀ ਦਾ ਬੜਾ ਵੱਡਾ ਨਾਂ ਅਤੇ ਵੱਡਾ ਯੋਗਦਾਨ ਹੈ। ਪ੍ਰੋਗਰਾਮ ਦੇ ਅੰਤ ਵਿੱਚ ਗ਼ਜ਼ਲ ਮੰਚ ਵੱਲੋਂ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਦਾ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨ ਕੀਤਾ ਗਿਆ। ਸਾਰਾ ਪ੍ਰੋਗਰਾਮ ਬਹੁਤ ਖੁਸ਼ਗਵਾਰ ਮਾਹੌਲ ਵਿੱਚ ਯਾਦਗਾਰੀ ਹੋ ਨਿਬੜਿਆ।