ਅਮਨ ਅਰੋੜਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਸਕਿਲ ਅਤੇ ਹੈਲਥਕੇਅਰ ਨਾਲ ਸੰਬੰਧਿਤ ਚਾਰ ਅਹਿਮ ਪਹਿਲਕਦਮੀਆਂ ਦਾ ਉਦਘਾਟਨ
- ਹੈਲਥ ਕੇਅਰ ਸਕਿੱਲ ਐਕਸੀਲੈਂਸ ਪ੍ਰੋਗਰਾਮ ਸਿਹਤ ਸੰਭਾਲ ਲਈ ਮੀਲ ਪੱਥਰ ਸਾਬਿਤ ਹੋਵੇਗਾ- ਅਮਨ ਅਰੋੜਾ
- ਸਿਹਤ ਕਰਮਚਾਰੀਆਂ ਵਿੱਚ ਪੇਸ਼ਾਵਰ ਸਮਰੱਥਾ ਵਧੇਗੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ
-ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ
-ਹੈਲਥ ਕੇਅਰ ਸਕਿੱਲ ਐਕਸੀਲੈਂਸ ਪ੍ਰੋਗਰਾਮ ਤਹਿਤ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ -ਬਲਜੀਤ ਕੌਰ
ਫ਼ਰੀਦਕੋਟ 09 ਜਨਵਰੀ ( ਪਰਵਿੰਦਰ ਸਿੰਘ ਕੰਧਾਰੀ )
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਵਿਖੇ ਅੱਜ ਸਿਹਤ ਸਿੱਖਿਆ, ਸਕਿਲ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚਾਰ ਮਹੱਤਵਪੂਰਨ ਪਹਿਲਕਦਮੀਆਂ ਦਾ ਉਦਘਾਟਨ ਕੀਤਾ ਗਿਆ, ਜੋ ਯੂਨੀਵਰਸਿਟੀ ਦੇ ਇਤਿਹਾਸ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਇੱਕ ਅਹਿਮ ਮੀਲ ਦਾ ਪੱਥਰ ਸਾਬਤ ਹੋਵੇਗਾ । ਇਨ੍ਹਾਂ ਪ੍ਰੋਗਰਾਮਾਂ ਦਾ ਉਦਘਾਟਨ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ,ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਅਤੇ ਰੁਜਗਾਰ ਉਤਪਤੀ ਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਸ੍ਰੀ ਅਨੁਰਾਗ ਕੁੰਡੂ, ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ, ਵਿਧਾਇਕ ਸ੍ਰੀ ਗੁਰਦਿੱਤ ਸਿੰਘ ਸੇਖੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਚਾਰ ਪਹਿਲ ਕਦਮੀਆਂ ਵਿੱਚ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ਫਰੀਦਕੋਟ ਜੋ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਨਾਲ ਐਮ.ਓ.ਯੂ ਤਹਿਤ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਈ ਫਿਡੈਲਿਟੀ ਸਿਮੂਲੇਸ਼ਨ ਲੈਬ, ਪ੍ਰਧਾਨ ਮੰਤਰੀ ਵਿਕਾਸ ਯੋਜਨਾ ਅਧੀਨ ਉੱਦਮਤਾ ਵਿਕਾਸ ਪ੍ਰੋਗਰਾਮ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਅਧੀਨ ਹੈਲਥ ਅਤੇ ਡੋਮੇਸਟਿਕ ਵਰਕਰਜ਼ ਅਤੇ ਕੇਅਰ-ਗਿਵਿੰਗ ਸੈਕਟਰ ਆਦਿ ਸ਼ਾਮਲ ਹਨ।
ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਹੈਲਥਕੇਅਰ ਖੇਤਰ ਵਿੱਚ ਗੁਣਵੱਤਾ ਅਤੇ ਕੁਸ਼ਲਤਾ ਨੂੰ ਨਵੇਂ ਪੱਧਰ ‘ਤੇ ਲਿਜਾਣ ਲਈ ਹੈਲਥ ਕੇਅਰ ਸਕਿੱਲ ਐਕਸੀਲੈਂਸ ਪਹਿਲ ਤਹਿਤ ਅਹਿਮ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦਾ ਮਕਸਦ ਨਰਸਿੰਗ, ਪੈਰਾਮੈਡੀਕਲ, ਲੈਬ ਟੈਕਨੋਲੋਜੀ, ਐਮਰਜੈਂਸੀ ਕੇਅਰ ਅਤੇ ਹੋਰ ਸਹਾਇਕ ਸਿਹਤ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਕੇ ਮਰੀਜ਼ਾਂ ਦੀ ਸਿਹਤ ਅਤੇ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ।
ਉਨ੍ਹਾਂ ਦੱਸਿਆ ਕਿ ਹੈਲਥਕੇਅਰ ਸਕਿਲ ਐਕਸੀਲੈਂਸ ਪ੍ਰੋਗਰਾਮ ਹੇਠ ਹੱਥੀ ਕਿਰਤ ਟ੍ਰੇਨਿੰਗ, ਸਿਮੂਲੇਸ਼ਨ ਲੈਬਜ਼, ਡਿਜ਼ਿਟਲ ਹੈਲਥ ਟੂਲਜ਼ ਅਤੇ ਨਵੀਂ ਟੈਕਨੋਲੋਜੀ ਬਾਰੇ ਵਿਸਥਾਰਪੂਰਕ ਕੋਰਸ ਸ਼ਾਮਲ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਇੱਕ ਹੱਬ ਐਂਡ ਸਪੋਕ ਮਾਡਲ ਰਾਹੀਂ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਏਮਜ਼ ਬਠਿੰਡਾ ਨੋਡਲ ਸੈਂਟਰ ਵਜੋਂ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਹੱਬ ਵਜੋਂ ਸ਼ਾਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਦੇ ਵਸਨੀਕਾਂ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਸਰਕਾਰ 61 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮੁਹਈਆ ਕਰਵਾ ਚੁੱਕੀ ਹੈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਹੈਲਥ ਕੇਅਰ ਸਿੱਖਿਆ ਨੂੰ ਸਕਿਲ ਵਿਕਾਸ ਅਤੇ ਉੱਦਮਤਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ਅਤੇ ਹਾਈ ਫਿਡੈਲਿਟੀ ਸਿਮੂਲੇਸ਼ਨ ਲੈਬ ਨਾਲ ਵਿਹਾਰਕ ਟ੍ਰੇਨਿੰਗ, ਰੋਜ਼ਗਾਰ ਯੋਗਤਾ ਅਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ। ਇਹ ਵਿਕਾਸ ਯੋਜਨਾਵਾਂ ਨੌਜਵਾਨਾਂ, ਮਹਿਲਾਵਾਂ ਅਤੇ ਹਾਸੀਏ ‘ਤੇ ਰਹਿੰਦੇ ਵਰਗਾਂ ਲਈ ਨਵੇਂ ਮੌਕੇ ਪੈਦਾ ਕਰਨਗੀਆਂ।
ਵਿਧਾਇਕ ਸ.ਗੁਰਦਿੱਤ ਸਿੰਘ ਸੇਖੋ ਨੇ ਹੈਲਥ ਕੇਅਰ ਸਕਿੱਲ ਐਕਸੀਲੈਂਸ ਪਹਿਲ ਤਹਿਤ ਕੀਤੇ ਗਏ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਿਹਤ ਕਰਮਚਾਰੀਆਂ ਦੀ ਪੇਸ਼ਾਵਰ ਸਮਰੱਥਾ ਵਧੇਗੀ ਅਤੇ ਹਸਪਤਾਲਾਂ ਵਿੱਚ ਸੇਵਾਵਾਂ ਹੋਰ ਪ੍ਰਭਾਵਸ਼ਾਲੀ ਬਣਨਗੀਆਂ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਯੂਨੀਵਰਸਿਟੀ ਦੇ ਇਤਿਹਾਸ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਇੱਕ ਅਹਿਮ ਮੀਲ ਦਾ ਪੱਥਰ ਸਾਬਤ ਹੋਵੇਗੀ ।
ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਹੈਲਥ ਕੇਅਰ ਸਕਿੱਲ ਐਕਸੀਲੈਂਸ ਜਿਹੀਆਂ ਪਹਿਲਕਦਮੀਆਂ ਨਾਲ ਨਾ ਸਿਰਫ਼ ਸਿਹਤ ਸੇਵਾਵਾਂ ਦੀ ਗੁਣਵੱਤਾ ਸੁਧਰੇਗੀ, ਸਗੋਂ ਮਰੀਜ਼ਾਂ ਦਾ ਭਰੋਸਾ ਵੀ ਮਜ਼ਬੂਤ ਹੋਵੇਗਾ। ਇਹ ਕਦਮ ਭਵਿੱਖ ਦੇ ਹੈਲਥਕੇਅਰ ਸਿਸਟਮ ਲਈ ਇੱਕ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪੀ.ਐਮ. ਵਿਕਾਸ ਅਧੀਨ ਉੱਦਮਤਾ ਵਿਕਾਸ ਪ੍ਰੋਗਰਾਮ, ਸਵੈ-ਰੋਜ਼ਗਾਰ, ਮਹਿਲਾ ਕੇਂਦਰਿਤ ਉੱਦਮ ਅਤੇ ਸਕਿਲ ਆਧਾਰਿਤ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਯੂਨੀਵਰਸਿਟੀ ਹੈਲਥ ਕੇਅਰ ਅਤੇ ਸਕਿੱਲ ਡਿਵੈਲਪਮੈਂਟ ਦੇ ਖੇਤਰ ਵਿੱਚ ਹੱਬ ਵਜੋਂ ਉਭਰੇਗੀ।
ਇਸ ਮੌਕੇ ਡਾ. ਸੰਦੀਪ ਸਿੰਘ ਕੌੜਾ ਚਾਂਸਲਰ ਸ਼ਹੀਦ ਊਧਮ ਸਿੰਘ ਸਕਿੱਲ ਯੂਨੀਵਰਸਿਟੀ ,ਸ਼੍ਰੀ ਅਰਵਿੰਦ ਕੁਮਾਰ ਰਜਿਸਟਰਾਰ, ਪ੍ਰਿੰਸੀਪਲ ਡਾ.ਸੰਜੇ ਗੁਪਤਾ, ਡਾ ਜਸਬੀਰ ਕੌਰ, ਚੇਅਰਮੈਨ ਸ.ਅਮਨਦੀਪ ਸਿੰਘ ਬਾਬਾ , ਚੇਅਰਮੈਨ ਪਲਾਨਿੰਗ ਬੋਰਡ ਸ. ਗੁਰਤੇਜ ਸਿੰਘ ਖੋਸਾ, ਸ.ਗੁਰਸ਼ਰਨ ਸਿੰਘ ਬਰਾੜ ਸਰਪੰਚ ਕਾਬਲ ਵਾਲਾ, ਸ.ਸਰਬਜੀਤ ਸਿੰਘ ਬਰਾੜ ਬਲਾਕ ਸੰਮਤੀ ਮੈਂਬਰ, ਰਿੰਕੂ ਸਮਾਧਾਂ ਵਾਲਾ, ਜਗਮੋਹਨ ਸਿੰਘ ਲੱਕੀ ਯੂਥ ਪ੍ਰਧਾਨ, ਗੁਰਪ੍ਰੀਤ ਸਿੰਘ ਧਾਲੀਵਾਲ ਯੂਥ ਪ੍ਰਧਾਨ, ਐਮ.ਸੀ ਵਿਜੇ ਛਾਬੜਾ, ਐਮ.ਸੀ ਕਮਲਜੀਤ, ਰਵੀ ਬੁਗਰਾ, ਅਮਰਜੀਤ ਮਾਸਟਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।