ਸੁਖਜਿੰਦਰ ਰੰਧਾਵਾ ਦਾ 'ਪੰਜਾਬ ਕਾਂਗਰਸ ਇੱਕ' ਦਾ ਦਾਅਵਾ ਖੋਖਲਾ, ਉਨ੍ਹਾਂ ਨੇ ਖੁਦ ਮੰਨਿਆ ਕਿ ਉਹ ਸੂਬਾ ਪ੍ਰਧਾਨ ਵੀ ਬਣਨਾ ਚਾਹੁੰਦੇ ਹਨ ਅਤੇ CM ਵੀ: ਕੁਲਦੀਪ ਸਿੰਘ ਧਾਲੀਵਾਲ
*ਜਿਹੜਾ ਆਗੂ ਖੁਦ ਆਪਣੀਆਂ ਇੱਛਾਵਾਂ ਨੂੰ ਨਹੀਂ ਦਬਾ ਪਾ ਰਿਹਾ, ਉਹ ਏਕਤਾ ਦੀ ਗੱਲ ਕਿਸ ਮੂੰਹ ਨਾਲ ਕਰ ਰਿਹਾ ਹੈ:ਧਾਲੀਵਾਲ*
*ਕਾਂਗਰਸੀ ਆਗੂਆਂ ਦੀ ਕੁਰਸੀ ਦੀ ਭੁੱਖ ਨੇ ਪੰਜਾਬ ਨੂੰ ਬਰਬਾਦ ਕੀਤਾ, ਹੁਣ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ: ਧਾਲੀਵਾਲ*
*ਰਾਜਾ ਵੜਿੰਗ, ਚੰਨੀ, ਬਾਜਵਾ ਅਤੇ ਰਾਣਾ ਗੁਰਜੀਤ ਦੇ ਆਪਣੇ-ਆਪਣੇ ਗੁੱਟ, ਕਾਂਗਰਸ ਸਿਰਫ਼ ਗੁੱਟਬੰਦੀ ਦਾ ਅਖਾੜਾ: ਧਾਲੀਵਾਲ*
*ਭਗਵੰਤ ਮਾਨ ਸਰਕਾਰ ਦੇ ਲੋਕ-ਪੱਖੀ ਕੰਮਾਂ ਦੇ ਦਮ 'ਤੇ 2027 ਵਿੱਚ ਫਿਰ 'ਆਪ' ਦੀ ਸਰਕਾਰ ਬਣੇਗੀ:ਧਾਲੀਵਾਲ*
ਚੰਡੀਗੜ੍ਹ 9 ਜਨਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨਾਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ 'ਏਕਤਾ' ਦੀਆਂ ਗੱਲਾਂ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਲਈ ਹਨ, ਜਦਕਿ ਸੱਚਾਈ ਇਹ ਹੈ ਕਿ ਪੂਰੀ ਪੰਜਾਬ ਕਾਂਗਰਸ ਗੁੱਟਬੰਦੀ ਅਤੇ ਆਪਸੀ ਕਲੇਸ਼ ਕਾਰਨ ਧੜਿਆਂ ਵਿੱਚ ਵੰਡੀ ਹੋਈ ਹੈ।
ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਰੰਧਾਵਾ ਜੀ ਬੜੇ ਮਾਣ ਨਾਲ ਕਹਿ ਰਹੇ ਹਨ ਕਿ ਪੰਜਾਬ ਕਾਂਗਰਸ ਵਿੱਚ ਕੋਈ ਫੁੱਟ ਨਹੀਂ ਹੈ ਅਤੇ ਰਾਹੁਲ ਗਾਂਧੀ ਜਾਂ ਇੰਚਾਰਜ ਭੁਪੇਸ਼ ਬਘੇਲ ਜਿਸ ਨੂੰ ਵੀ ਸੀਐਮ ਦਾ ਚਿਹਰਾ ਚੁਣਨਗੇ ਸਾਨੂੰ ਸਵੀਕਾਰ ਹੋਵੇਗਾ। ਪਰ ਕੁਝ ਦਿਨ ਪਹਿਲਾਂ ਇੱਕ ਟੀਵੀ ਇੰਟਰਵਿਊ ਵਿੱਚ ਇਹੀ ਰੰਧਾਵਾ ਜੀ ਕਹਿ ਰਹੇ ਸਨ ਕਿ ਉਹ ਸੂਬਾ ਪ੍ਰਧਾਨ ਵੀ ਬਣਨਾ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਵੀ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਖੁਦ ਆਪਣੀਆਂ ਇੱਛਾਵਾਂ ਨੂੰ ਨਹੀਂ ਦਬਾ ਪਾ ਰਿਹਾ, ਉਹ ਏਕਤਾ ਦੀ ਗੱਲ ਕਿਸ ਮੂੰਹ ਨਾਲ ਕਰ ਰਿਹਾ ਹੈ?
ਧਾਲੀਵਾਲ ਨੇ ਕਿਹਾ ਕਿ ਗੱਲ ਸਿਰਫ਼ ਰਾਹੁਲ ਗਾਂਧੀ ਜਾਂ ਬਘੇਲ ਦੇ ਫੈਸਲੇ ਦੀ ਨਹੀਂ ਹੈ। ਪੰਜਾਬ ਕਾਂਗਰਸ ਦੇ ਹਰ ਵੱਡੇ ਆਗੂ ਚਾਹੇ ਉਹ ਰਾਜਾ ਵੜਿੰਗ ਹੋਣ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਜਾਂ ਰਾਣਾ ਗੁਰਜੀਤ ਹੀ ਕਿਉਂ ਨਾ ਹੋਣ, ਇਹ ਸਭ 'ਕੁਰਸੀ ਦੇ ਭੁੱਖੇ' ਹਨ। ਇਨ੍ਹਾਂ ਸਭ ਦਾ ਆਪਣਾ-ਆਪਣਾ ਧੜਾ ਹੈ। ਇਹ ਸਾਰੇ ਖੁਦ ਨੂੰ ਮੁੱਖ ਮੰਤਰੀ ਅਤੇ ਪ੍ਰਧਾਨ ਦੇ ਅਹੁਦੇ 'ਤੇ ਦੇਖਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਅੱਜ ਦਰਜਨਾਂ ਧੜਿਆਂ ਵਿੱਚ ਵੰਡੀ ਹੋਈ ਹੈ ਅਤੇ ਇਹ ਲੋਕ ਸਿਰਫ਼ ਆਪਣੀਆਂ ਨਿੱਜੀ ਲੜਾਈਆਂ ਲੜ ਰਹੇ ਹਨ।
ਆਪ ਆਗੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੇ ਪਤਨ ਦੇ ਜ਼ਿੰਮੇਵਾਰ ਇਹੀ ਆਗੂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਚਾਹੇ ਕਿੰਨਾ ਵੀ ਜ਼ੋਰ ਲਗਾ ਲਵੇ, ਉਹ ਪੰਜਾਬ ਵਿੱਚ ਦੁਬਾਰਾ ਸੱਤਾ ਵਿੱਚ ਨਹੀਂ ਆਵੇਗੀ। ਇਨ੍ਹਾਂ ਦਾ 50 ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਕਾਂਗਰਸ ਵਿੱਚ ਸਿਰਫ਼ ਗੁੱਟਬੰਦੀ ਅਤੇ ਆਪਸੀ ਕਲੇਸ਼ ਹੀ ਹੋਇਆ ਹੈ।
ਉਨ੍ਹਾਂ ਰੰਧਾਵਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਰੰਧਾਵਾ ਜੀ ਨੂੰ ਪੰਜਾਬ ਨਾਲ ਪਿਆਰ ਹੈ, ਤਾਂ ਖੁੱਲ੍ਹ ਕੇ ਕਹਿਣ ਕਿ ਪਾਰਟੀ ਜਿਸ ਨੂੰ ਵੀ ਸੀਐਮ ਉਮੀਦਵਾਰ ਬਣਾਏਗੀ, ਉਹ ਬਿਨਾਂ ਕਿਸੇ ਸ਼ਰਤ ਦੇ ਉਸ ਨੂੰ ਸਵੀਕਾਰ ਕਰਨਗੇ।
ਧਾਲੀਵਾਲ ਨੇ ਭਰੋਸਾ ਜਤਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ 'ਆਪ' ਸਰਕਾਰ ਨੇ ਪਿਛਲੇ ਸਾਲਾਂ ਵਿੱਚ ਇਤਿਹਾਸਕ ਲੋਕ-ਪੱਖੀ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਬਾਕੀ ਬਚੇ ਇੱਕ ਸਾਲ ਵਿੱਚ ਅਸੀਂ ਹੋਰ ਵੀ ਵੱਡੇ ਵਿਕਾਸ ਕਾਰਜ ਕਰਾਂਗੇ। 2027 ਵਿੱਚ ਕਾਂਗਰਸ ਦੇ ਇਹ ਗੁੱਟ ਚਾਹੇ ਇੱਕ ਹੋ ਜਾਣ ਜਾਂ ਵੱਖ, ਪੰਜਾਬ ਦੀ ਜਨਤਾ ਇਨ੍ਹਾਂ ਨੂੰ ਨਕਾਰ ਚੁੱਕੀ ਹੈ। ਕੰਮ ਦੇ ਆਧਾਰ 'ਤੇ ਪੰਜਾਬ ਵਿੱਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।