ਮਨਰੇਗਾ ਨਹੀਂ, ਹੁਣ “ਜੀ ਰਾਮ ਜੀ ਯੋਜਨਾ”- ਜਗਰਾਉਂ ‘ਚ ਜਾਖੜ ਨੇ ਦਿੱਤਾ ਵਿਰੋਧ ਦਾ ਜਵਾਬ
ਬੀਜੇਪੀ ਦਾ ਅਭਿਆਨ ਬਣਿਆ ਹਾਈਲਾਈਟ: “ਕਿਸਾਨ–ਗਰੀਬ ਬਚਾਓ, ਪੰਜਾਬ ਬਚਾਓ” ਦਾ ਨਾਰਾ ਗੂੰਜਿਆ
ਜਗਰਾਉਂ, 9 ਜਨਵਰੀ (ਦੀਪਕ ਜੈਨ): ਮਨਰੇਗਾ ਦਾ ਨਾਮ ਬਦਲ ਕੇ “ਵੀ ਬੀ – ਜੀ ਰਾਮ ਜੀ ਯੋਜਨਾ” ਰੱਖਣ ਦੇ ਫੈਸਲੇ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਉਠ ਰਹੀਆਂ ਆਲੋਚਨਾਵਾਂ ਦਾ ਮੰਹਤੋੜ ਜਵਾਬ ਦੇਣ ਲਈ ਭਾਰਤੀ ਜਨਤਾ ਪਾਰਟੀ ਨੇ ਜਾਗਰੂਕਤਾ ਅਭਿਆਨ ਛੇੜਿਆ ਹੈ। ਅੱਜ ਇਹ ਅਭਿਆਨ ਜਗਰਾਉਂ ਪਹੁੰਚਿਆ, ਜਿੱਥੇ ਪੰਜਾਬ ਪ੍ਰਧਾਨ **ਸੁਨੀਲ ਜਾਖੜ** ਨੇ ਵੱਡੀ ਰੈਲੀ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਅਤੇ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਜਾਖੜ ਨੇ ਸਾਫ਼ ਕਿਹਾ ਕਿ ਬੀਜੇਪੀ ਦਾ ਮਕਸਦ ਕਿਸੇ ਨਾਮ ਤੋਂ ਰਾਜਨੀਤੀ ਨਹੀਂ, ਸਗੋਂ ਮਜ਼ਦੂਰ ਵਰਗ ਤੇ ਕਿਸਾਨਾਂ ਦੀ ਭਲਾਈ ਹੈ। ਉਨ੍ਹਾਂ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ – “ਕਾਂਗਰਸ ਕਹਿੰਦੀ ਹੈ ਜਾਨ ਬਚਾਓ, ਆਮ ਆਦਮੀ ਪਾਰਟੀ ਕਹਿੰਦੀ ਧਿਆਨ ਭਟਕਾਓ, ਤੇ ਬੀਜੇਪੀ ਕਹਿੰਦੀ ਗਰੀਬ ਤੇ ਕਿਸਾਨ ਬਚਾਓ, ਪੰਜਾਬ ਬਚਾਓ।”
ਰੈਲੀ ਦੌਰਾਨ ਗੇਜਾ ਰਾਮ ਵਾਲਮੀਕੀ ਤੇ ਐਡਵੋਕੇਟ ਵਿਕਰਮ ਸਿੱਧੂ ਨੇ ਵਿਰੋਧੀ ਪਾਰਟੀਆਂ ਦੇ “ਗਲਤ ਪ੍ਰਚਾਰ” ਦਾ ਜਵਾਬ ਦਿੰਦਿਆਂ ਕਿਹਾ ਕਿ “ਜੀ ਰਾਮ ਜੀ ਯੋਜਨਾ” ਮਜ਼ਦੂਰਾਂ ਨੂੰ ਹੋਰ ਮਜ਼ਬੂਤੀ ਦੇਵੇਗੀ।
ਪੱਤਰਕਾਰਾਂ ਨਾਲ ਗੱਲਬਾਤ 'ਚ ਸੁਨੀਲ ਜਾਖੜ ਨੇ ਪੰਜਾਬ ਸਰਕਾਰ ‘ਤੇ ਪ੍ਰਸ਼ਨ ਚੁੱਕਦਿਆਂ ਕਿਹਾ ਕਿ “ਪਿਛਲਾ ਬਜਟ 1320 ਕਰੋੜ ਦਾ ਸੀ, ਹੁਣ ਜੇ 2000 ਕਰੋੜ ਦਾ ਨਵਾਂ ਬਜਟ ਲਿਆਉਂਦੇ ਹੋ, ਮੈਂ ਖੁਦ ਤੁਹਾਡੇ ਨਾਲ ਖੜ੍ਹਾ ਹੋਵਾਂਗਾ। ਕੇਂਦਰ ਦਾ ਹਿੱਸਾ 1400 ਕਰੋੜ ਤੇ ਪੰਜਾਬ ਦਾ ਸਿਰਫ਼ 600 ਕਰੋੜ ਹੋਵੇ।”
ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਮਕਸਦ ਸਿਰਫ ਲੋਕਾਂ ਦਾ ਧਿਆਨ ਭਟਕਾਉਣਾ ਹੈ। ਦਿੱਲੀ ਦੀ ਮੰਤਰੀ ਆਤਸ਼ੀ ਦੇ ਗੁਰੂਆਂ ਪ੍ਰਤੀ ਦਿੱਤੇ ਮਾੜੇ ਬਿਆਨ ਤੋਂ ਉੱਠੇ ਵਿਰੋਧ ਨੂੰ ਥੰਢਾ ਕਰਨ ਲਈ ਇਹ ਸਕੀਮ ਰਾਜਨੀਤਿਕ ਮੁੱਦਾ ਬਣਾਈ ਜਾ ਰਹੀ ਹੈ। ਜਾਖੜ ਨੇ ਜੋੜ ਦਿੱਤਾ ਕਿ ਮਹਾਤਮਾ ਗਾਂਧੀ ਰਾਮਰਾਜ ਦੇ ਪ੍ਰੇਮੀ ਸਨ ਅਤੇ ਬੀਜੇਪੀ ਹਮੇਸ਼ਾਂ ਉਹਨਾਂ ਦੀ ਸਿੱਖਿਆ ਪ੍ਰਤੀ ਆਦਰ ਰੱਖਦੀ ਹੈ।
ਰੈਲੀ ਵਿੱਚ ਸ਼੍ਰੀ ਨਿਵਾਸ, ਡਾ. ਰਜਿੰਦਰ ਸ਼ਰਮਾ, ਕਰਨਲ ਇੰਦਰਜੀਤ ਸਿੰਘ, ਮੇਜਰ ਸਿੰਘ ਦੇਤਵਾਲ, ਆਸ਼ੀਸ਼ ਗੁਪਤਾ, ਸਤੀਸ਼ ਕੁਮਾਰ ਪੱਪੂ, ਟੋਨੀ ਵਰਮਾ, ਸ਼ਾਂਤੀ ਚੋਪੜਾ, ਸੁਮਿਤ ਅਰੋੜਾ, ਕੰਵਰ ਨਰਿੰਦਰ ਸਿੰਘ ਸਮੇਤ ਕਈ ਆਗੂ ਤੇ ਵਰਕਰ ਸ਼ਾਮਲ ਹੋਏ। ਇਸ ਰੈਲੀ ਨਾਲ ਬੀਜੇਪੀ ਨੇ ਸਪੱਸ਼ਟ ਕੀਤਾ ਕਿ ਉਹ ਵਿਰੋਧ ਦੇ ਸਾਮ੍ਹਣੇ ਡਟ ਕੇ ਆਪਣੀ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਏਗੀ।