ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਸਕੂਲ ਆਫ ਐਮੀਨੈਂਸ ਦੀ ਉਸਾਰੀ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ
ਅਸ਼ੋਕ ਵਰਮਾ
ਬਰਨਾਲਾ, 9 ਜਨਵਰੀ 2026:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਾ ਕੇਵਲ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਤਹਿਤ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ ਬਲਕਿ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਢਾਂਚਾ ਦੇ ਕੇ ਸਕੂਲਾਂ ਦੀ ਨੁਹਾਰ ਵੀ ਬਦਲੀ ਹੈ।
ਮੈਂਬਰ ਪਾਰਲੀਮੈਂਟ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਵੀ ਅਣਗੌਲਾ ਕੀਤਾ ਜਿਸ ਦੇ ਸਿੱਟੇ ਵੱਜੋਂ ਸਾਡੇ ਬੱਚੇ ਸਕੂਲਾਂ 'ਚ ਸਾਫ਼ ਪੀਣ ਵਾਲੇ ਪਾਣੀ, ਟਾਇਲਟ, ਚੰਗੇ ਕਲਾਸ ਰੂਮ ਆਦਿ ਤੋਂ ਵੀ ਵਾਂਝੇ ਰਹਿ ਗਏ ਸਨ।
ਮੈਂਬਰ ਪਾਰਲੀਮੈਂਟ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਗੱਲ ਦਾ ਪ੍ਰਗਟਾਵਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿਖੇ ਸਕੂਲ ਆਫ਼ ਐਮੀਨੈਂਸ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਹਰ ਸਕੂਲ ਵਿੱਚ ਚਾਰਦੀਵਾਰੀ, ਵਿਦਿਆਰਥੀਆਂ ਲਈ ਪੀਣ ਵਾਲਾ ਪਾਣੀ, ਟਾਇਲਟ, ਚੰਗੇ ਅਤੇ ਸਮਾਰਟ ਕਲਾਸ ਰੂਮ ਆਦਿ ਹਨ । ਇਨ੍ਹਾਂ ਯਤਨਾਂ ਸਦਕਾ ਪੰਜਾਬ ਦੇ ਬੱਚਿਆਂ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਈਆਂ ਹਨ।
ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਪੜਾਈ ਅਤੇ ਚੰਗੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਮੀਤ ਹੇਅਰ ਨੇ ਸਕੂਲ ਆਫ ਐਮੀਨੈਂਸ ਦੀ ਨਵੀਂ ਇਮਾਰਤ ਦੀ ਉਸਾਰੀ ਲਈ 307.00 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕੇ ਉਸਾਰੀ ਦੇ ਪਹਿਲੇ ਪੜਾਅ ਤਹਿਤ ਇਮਾਰਤ ਦੀਆਂ 2 ਮੰਜ਼ਿਲਾਂ ਤਿਆਰ ਕੀਤੀਆਂ ਜਾਣੀਆਂ ਹਨ ਜਿਸਦੀ ਨੀਂਹ ਪੰਜ ਮੰਜ਼ਿਲਾਂ ਦੀ ਇਮਾਰਤ ਲਈ ਡਿਜ਼ਾਈਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ ਫ਼ਿਜ਼ਿਕਸ ਪ੍ਰਯੋਗਸ਼ਾਲਾ, ਕੈਮਿਸਟ੍ਰੀ ਪ੍ਰਯੋਗਸ਼ਾਲਾ, ਬਾਇਓਲੋਜੀ ਪ੍ਰਯੋਗਸ਼ਾਲਾ, ਕਲਾਸ ਰੂਮ, ਯੋਗਾ ਰੂਮ, ਟਾਇਲਟ ਬਲਾਕ ਆਦਿ ਬਣਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਹ ਕੰਮ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਰਾਮ ਤੀਰਥ ਮੰਨਾ, ਹਲਕਾ ਇੰਨਚਾਰਜ ਸ਼੍ਰੀ ਹਰਿੰਦਰ ਸਿੰਘ ਧਾਲੀਵਾਲ, ਓ ਐੱਸ ਡੀ ਸ਼੍ਰੀ ਹਸਨਪ੍ਰੀਤ ਭਾਰਦਵਾਜ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਸੁਨੀਤਇੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰ ਪਾਲ ਸਿੰਘ, ਐਕਸ. ਈ. ਐਨ. ਬੀ ਐਂਡ ਆਰ ਹਰਸ਼ ਗੋਇਲ ਅਤੇ ਹੋਰ ਲੋਕ ਹਾਜ਼ਰ ਸਨ।
ਮੈਂਬਰ ਪਾਰਲੀਮੈਂਟ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹੰਡਿਆਇਆ ਵਿਖੇ ਉਸਾਰੇ ਗਏ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਖੇ 5.40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਚਾਰਦੀਵਾਰੀ ਅਤੇ ਰਾਈਜ਼ਿੰਗ ਮੇਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਦੇ ਮੁਕੰਮਲ ਹੁੰਦਿਆਂ ਹੀ ਹੰਡਿਆਇਆ ਵਾਸੀਆਂ ਨੂੰ ਗੰਦੇ ਛੱਪੜਾਂ ਤੋਂ ਰਾਹਤ ਮਿਲੇਗੀ। 2.38 ਕਿਲੋਮੀਟਰ ਰਾਈਜ਼ਿੰਗ ਮੇਨ ਨਾਲ ਸੋਧਿਆ ਹੋਇਆ ਪਾਣੀ ਲਿਸਾੜਾ ਡ੍ਰੇਨ 'ਚ ਪਾ ਦਿੱਤਾ ਜਾਵੇਗਾ।