ਪੱਤਰਕਾਰਾਂ ਅਤੇ ਆਰਟੀਆਈ ਕਾਰਕੁੰਨ 'ਤੇ ਕੇਸ ਦਰਜ ਕਰਨ ਖਿਲਾਫ ਪ੍ਰਦਰਸ਼ਨ 24 ਨੂੰ
ਅਸ਼ੋਕ ਵਰਮਾ
ਬਠਿੰਡਾ, 7 ਜਨਵਰੀ 2026: ਪਿਛਲੇ ਦਿਨੀਂ ਲੁਧਿਆਣਾ ਵਿੱਚ 10 ਯੂ-ਟਿਊਬ ਪੱਤਰਕਾਰਾਂ ’ਤੇ ਦਰਜ ਹੋਏ ਇੱਕ ਪੁਲੀਸ ਕੇਸ ਨੂੰ ਰੱਦ ਕਰਾਉਣ ਲਈ ਵੱਖ-ਵੱਖ ਜਥੇਬੰਦੀਆਂ ਨੇ 24 ਜਨਵਰੀ ਨੂੰ ਬਠਿੰਡਾ ਸਥਿਤ ਡੀ ਸੀ ਦਫ਼ਤਰ ਅੱਗੇ ਰੋਸ ਰੈਲੀ ਅਤੇ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।
ਇਸ ਸਬੰਧ ’ਚ ਇਨ੍ਹਾਂ ਸੰਗਠਨਾਂ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਦਰਜ ਕੇਸ ਨੂੰ ਲੋਕਤੰਤਰਿਕ ਅਧਿਕਾਰਾਂ ’ਤੇ ਹਮਲਾ ਕਰਾਰ ਦਿੰਦਿਆਂ, ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜੇ ਇਸ ਵਰਤਾਰੇ ਖ਼ਿਲਾਫ਼ ਖ਼ਾਮੋਸ਼ੀ ਧਾਰਨ ਕੀਤੀ ਗਈ, ਤਾਂ ਭਵਿੱਚ ’ਚ ਹੋਰਨਾਂ ਸੰਘਰਸ਼ੀ ਲਹਿਰਾਂ ਨੂੰ ਵੀ ਦਬਾਉਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਵਿਆਪਕ ਅੰਦੋਲਨ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਮੌਕੇ ਸੰਘਰਸ਼ ਲਈ ਇੱਕ ਕਮੇਟੀ ਵੀ ਗਠਿਤ ਕੀਤੀ ਗਈ।
ਮਾਲਵੇ ਦੇ ਸ਼ਹਿਰ ਬਠਿੰਡਾ ਵਾਂਗ ਹੀ ਮਾਝਾ ਅਤੇ ਦੁਆਬਾ ਖੇਤਰਾਂ ’ਚ ਵੀ ਪ੍ਰਦਰਸ਼ਨ ਕਰਨ ਦਾ ਨਿਰਣਾ ਕਰਦਿਆਂ, ਇਨ੍ਹਾਂ ਬਾਰੇ ਤਾਰੀਖ਼ਾਂ ਦਾ ਐਲਾਨ ਬਾਅਦ ’ਚ ਕਰਨ ਦੀ ਗੱਲ ਕਹਿੰਦਿਆਂ, ਸੰਘਰਸ਼ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ।
ਮੀਟਿੰਗ ’ਚ ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਭਾਕਿਯੂ (ਉਗਰਾਹਾਂ), ਨੌਜਵਾਨ ਭਾਰਤ ਸਭਾ, ਪੀਐਸਯੂ (ਲਲਕਾਰ), ਪੀਐਸਯ (ਸ਼ਹੀਦ ਰੰਧਾਵਾ), ਭਾਕਿਯੂ (ਕ੍ਰਾਂਤੀਕਾਰੀ), ਕੁੱਲ ਹਿੰਦ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ (ਅਜ਼ਾਦ), ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਬੇਰੁਜ਼ਗਾਰ ਸਾਂਝਾ ਮੋਰਚਾ, ਡੀਟੀਐਫ, ਟੀਐਸਯੂ, ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਅਧਿਆਪਕ ਦਲ, ਮੈਰੀਟੋਰੀਅਸ ਟੀਚਰ ਯੂਨੀਅਨ, ਪ੍ਰੋਫੈਸਰ ਲਾਇਬ੍ਰੇਰੀਅਨ ਫਰੰਟ, ਜਮਹੂਰੀ ਅਧਿਕਾਰ ਸਭਾ, ਲੋਕ ਅਧਿਕਾਰ ਲਹਿਰ, ਪੰਜਾਬ ਰੋਡਵੇਜ਼ ਵਰਕਰ ਯੂਨੀਅਨ, ਮੈਡੀਕਲ ਪੀਸੀਐਸਐਮਆਰਯੂ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ, ਪੰਜਾਬ ਗਵਰਨਮੈਂਟ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ, ਪੱਤਰਕਾਰ ਏਕਤਾ ਫਰੰਟ ਤੋਂ ਇਲਾਵਾ ਕਈ ਪ੍ਰੈਸ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।