ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਪਿੰਡ ਸੇਖਾ ਦੇ ਗੁਰਦੁਆਰਾ ਸਾਹਿਬ 'ਚ ਪੁਸਤਕ ਪ੍ਰਦਰਸ਼ਨੀ ਲਾਈ
ਅਸ਼ੋਕ ਵਰਮਾ
ਬਰਨਾਲਾ, 7 ਜਨਵਰੀ 2026 :ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਪੁਸਤਕ ਸਭਿਆਚਾਰ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪਿੰਡ ਸੇਖਾ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਗੁਰੂ ਸਰ ਪਾਤਸ਼ਾਹੀ ਨੌਵੀਂ,ਸੇਖਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਗਰ ਵਿਖੇ ਪਵਿੱਤਰ ਆਮਦ ਨੂੰ ਸਮਰਪਿਤ ਮਨਾਏ ਗਏ ਸਾਲਾਨਾ ਜੋੜ ਮੇਲੇ ਦੇ ਦੂਜੇ ਅਤੇ ਤੀਜੇ ਦਿਨ 6 ਅਤੇ 7 ਜਨਵਰੀ ਨੂੰ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਉਹਨਾਂ ਦੱਸਿਆ ਕਿ ਪ੍ਰਦਰਸ਼ਨੀ 'ਚ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਸਿੱਖ ਧਰਮ ਨਾਲ ਸਬੰਧਿਤ ਪੁਸਤਕਾਂ ਸੰਥਯਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ,ਬਾਣੀ ਗੁਰੂ ਅਮਰਦਾਸ ਟੀਕਾ, ਹਿਮਜ ਆਫ਼ ਗੁਰੂ ਨਾਨਕ,ਗੋਸਪਾਲ ਆਫ਼ ਗੁਰੂ ਨਾਨਕ, ਮਹਿਮਾ ਪ੍ਰਕਾਸ਼,ਗੁਰਸਬਦਾਲੰਕਾਰ, ਗੁਰੂ ਨਾਨਕ ਅਤੇ ਨਿਰਗੁਣ ਧਾਰਾ, ਗੁਰੂ ਨਾਨਕ ਵਾਰਤਾ, ਪੰਥ ਪ੍ਰਕਾਸ਼, ਗੁਰੂ ਤੇਗ ਬਹਾਦਰ ਦਰਸ਼ਨ ਅਤੇ ਗੁਰੂ ਤੇਗ ਬਹਾਦਰ ਵਾਰਤਾ ਤੋਂ ਇਲਾਵਾ ਸਾਹਿਤ ਦੀਆਂ ਹੋਰ ਪੁਸਤਕਾਂ ਅਤੇ ਵਿਭਾਗ ਵੱਲੋਂ ਪ੍ਰਕਾਸ਼ਿਤ ਰਸਾਲੇ ਉਪਲਬਧ ਕਰਵਾਏ ਗਏ।
ਉਹਨਾਂ ਕਿਹਾ ਕਿ ਪੁਸਤਕ ਸਭਿਆਚਾਰ ਦੀ ਪ੍ਰਫੁੱਲਤਾ ਲਈ ਸਾਨੂੰ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਧਾਰਮਿਕ ਸਮਾਗਮਾਂ ਅਤੇ ਹੋਰ ਮੇਲਿਆਂ ਦੌਰਾਨ ਬਾਕੀ ਵਸਤਾਂ ਦੀ ਖ਼ਰੀਦਦਾਰੀ ਦੇ ਨਾਲ ਨਾਲ ਸਾਨੂੰ ਪੁਸਤਕਾਂ ਦੀ ਖ਼ਰੀਦ ਦੀ ਵੀ ਆਦਤ ਪਾਉਣੀ ਚਾਹੀਦੀ ਹੈ। ਪ੍ਰਦਰਸ਼ਨੀ ਦੇ ਇੰਚਾਰਜ ਸੰਦੀਪ ਕੌਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਆਈਆਂ ਸੰਗਤਾਂ ਲਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਪਾਠਕਾਂ ਵੱਲੋਂ ਵੱਡੀ ਗਿਣਤੀ 'ਚ ਪੁਸਤਕਾਂ ਦੀ ਖਰੀਦ ਕੀਤੀ ਗਈ। ਪ੍ਰਦਰਸ਼ਨੀ ਦੇ ਸੰਚਾਲਨ 'ਚ ਦਫ਼ਤਰ ਦੇ ਸਟਾਫ਼ ਗੋਬਿੰਦ ਸਿੰਘ ਅਤੇ ਗੁਰਪ੍ਰੀਤ ਕੌਰ ਦਾ ਭਰਪੂਰ ਯੋਗਦਾਨ ਰਿਹਾ।