ਬਠਿੰਡਾ ਜ਼ਿਲ੍ਹੇ ਦੇ 20 ਸੈਂਟਰਾਂ 'ਚ ਪੰਜਾਬ ਰਾਜ ਨਿਪੁੰਨਤਾ ਖੋਜ ਤੇ ਐੱਨ.ਐੱਮ.ਐੱਮ.ਐੱਸ. ਪ੍ਰੀਖਿਆ ਸੰਪੰਨ
ਅਸ਼ੋਕ ਵਰਮਾ
ਬਠਿੰਡਾ , 4 ਜਨਵਰੀ 2025:ਰਾਜ ਵਿਦਿਅਕ ਖੋਜ ਤੇ ਸਿਖਲਾਈ ਪਰੀਸ਼ਦ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਨ ਲਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਤੇ ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਿੱਧੂ ਦੀ ਗਵਾਈ ਹੇਠ ਕਰਵਾਈ ਗਈ ਜਿਸ ਵਿੱਚ ਸੈਸ਼ਨ 2025-26 ਦੇ ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.), ਬਠਿੰਡਾ ਮਮਤਾ ਖੁਰਾਣਾ ਸੇਠੀ ਨੇ ਦੱਸਿਆ ਕਿ ਪ੍ਰੀਖਿਆ ਲਈ ਬਠਿੰਡਾ ਜ਼ਿਲ੍ਹੇ ਵਿੱਚ 20.ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ ਜਿਨ੍ਹਾਂ ਵਿੱਚ ਪ੍ਰੀਖਿਆ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਬਠਿੰਡਾ ਚਮਕੌਰ ਸਿੰਘ 'ਸਿੱਧੂ' ਨੇ ਦੱਸਿਆ ਕਿ ਦਸਵੀਂ ਜਮਾਤ ਦੇ ਪੀ.ਐਸ.ਟੀ.ਐਸ.ਈ. ਪ੍ਰੀਖਿਆ ਵਿੱਚ ਕੁੱਲ 3374 ਵਿੱਚੋਂ 2798 ਵਿਦਿਆਰਥੀਆਂ ਅਤੇ ਐਨ.ਐਮ.ਐਮ.ਐਸ. ਪ੍ਰੀਖਿਆ ਵਿੱਚ 3432 ਵਿੱਚੋਂ 3010 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ।
ਉਹਨਾਂ ਦੱਸਿਆ ਕਿ ਜਿੱਥੇ ਇਹਨਾਂ ਵਜ਼ੀਫਾ ਪ੍ਰੀਖਿਆਵਾਂ ਦਾ ਮਨੋਰਥ ਵਿਦਿਆਰਥੀਆਂ ਵਿੱਚ ਖੋਜ਼ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ ਉੱਥੇ ਨਾਲ਼ ਹੀ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਵਾਉਣਾ ਵੀ ਹੈ। ਉਹਨਾਂ ਕਿਹਾ ਕਿ ਅੱਠਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ ਐਨ.ਐਮ.ਐਮ.ਐਸ. ਤੇ ਪੀ.ਐਸ.ਟੀ.ਐਸ.ਈ. ਪ੍ਰੀਖਿਆ ਪਾਸ ਕਰਨ ਉਪਰੰਤ ਅਗਲੇ ਚਾਰ ਸਾਲਾਂ ਤੱਕ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਅਗਲੇ ਦੋ ਸਾਲ ਤੱਕ ਵਜ਼ੀਫੇ ਦੇ ਯੋਗ ਹੋ ਜਾਣਗੇ ਤੇ ਆਪਣੀ ਅਗਲੇਰੀ ਪੜ੍ਹਾਈ ਲਈ ਆਪਣੇ ਪੈਰਾਂ ‘ਤੇ ਆਪ ਖੜ੍ਹੇ ਹੋ ਜਾਣਗੇ । ਇਸ ਮੌਕੇ ਉਹਨਾਂ ਨੇ ਡਿਊਟੀ ਦੇਣ ਵਾਲੇ ਸੁਪਰਡੈਂਟ, ਡਿਪਟੀ ਸੁਪਰਡੈਂਟ, ਨਿਗਰਾਨ ਅਮਲੇ, ਕੇਂਦਰ ਕੰਟਰੋਲਰ ਸਕੂਲ ਪ੍ਰਿੰਸੀਪਲ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ 'ਤੇ ਲ਼ੈ ਕੇ ਆਉਣ ਵਾਲੇ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।