ਪੱਤਰਕਾਰਾਂ ਖਿਲਾਫ ਕੇਸ ਲੋਕਤੰਤਰ ਦਾ ਘਾਣ : ਦਲਿਤ ਮਜ਼ਦੂਰ ਮੁਕਤੀ ਮੋਰਚਾ
ਅਸ਼ੋਕ ਵਰਮਾ
ਗੋਨਿਆਣਾ,4 ਜਨਵਰੀ 2025: ਦਲਿਤ ਮਜ਼ਦੂਰ ਮੁਕਤੀ ਮੋਰਚੇ ਨੇ ਮਨਜਿੰਦਰ ਸਿੰਘ ਸਿੱਧੂ, ਮਨਦੀਪ ਮੱਕੜ ਮਿੰਟੂ ਗੁਰੂਸਰੀਆ,ਮਾਨਿਕ ਗੋਇਲ ਸਮੇਤ 10 ਪੱਤਰਕਾਰਾਂ ਤੇ ਆਰਟੀਆਈ ਕਾਰਕੁਨਾਂ ਤੇ ਲੁਧਿਆਣਾ ਪੁਲਿਸ ਵੱਲੋਂ ਕੀਤੇ ਪਰਚੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।ਮੋਰਚੇ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਚੱਕੇ ਗਏ ਇਹ ਕਦਮ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ। ਉਹਨਾਂ ਕਿਹਾ ਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਲੋਕਾਂ ਤੇ ਕੀਤੇ ਜਾ ਰਹੇ ਆਰਥਿਕ ਹੱਲਿਆਂ ਦਾ ਟਾਕਰਾ ਕਰ ਰਹੇ ਲੋਕਾਂ ਦੇ ਰੋਹ ਦੀ ਪ੍ਰੈਸ ਰਾਹੀਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਜਿਸ ਨੂੰ ਭਗਵੰਤ ਮਾਨ ਸਰਕਾਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਹਨਾਂ ਕਿਹਾ ਕਿ ਇਹ ਸਰਕਾਰ ਦਾ ਭੁਲੇਖਾ ਹੀ ਹੈ, ਕਿ ਹੱਕ ਸੱਚ ਦੀ ਆਵਾਜ਼ ਕਦੇ ਵੀ ਬੰਦ ਨਹੀਂ ਕੀਤੀ ਜਾ ਸਕਦੀ। ਮੋਰਚੇ ਵਲੋਂ ਸੱਦਾ ਦਿੱਤਾ ਗਿਆ ਹੈ ਕਿ ਸਰਕਾਰ ਦੇ ਇਸ ਹਮਲੇ ਵਿਰੁੱਧ ਸਮੂਹ ਕਿਰਤੀ ਲੋਕ ਸੰਘਰਸ਼ ਦੇ ਮੈਦਾਨ ਚ ਆਉਣ। ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਵੱਲੋਂ ਜੋ ਵੀ ਇਸ ਖਿਲਾਫ ਪ੍ਰੋਗਰਾਮ ਉਲੀਕਿਆ ਜਾਵੇਗਾ ਜਥੇਬੰਦੀ ਵੱਲੋਂ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।ਉਹਨਾਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਨ ਤੇ ਪੰਜਾਬੀ ਨਜ਼ਰੀਆਂ ਦੇ ਪੱਤਰਕਾਰ ਮੋਹਨ ਔਲਖ ਨੂੰ ਨਸ਼ਿਆਂ ਸੰਬੰਧੀ ਬਣਾਈ ਵੀਡੀਓ ਡਲੀਟ ਲਈ ਪੁਲੀਸ ਵੱਲੋ ਪਾਏ ਜਾ ਰਹੇ ਦਬਾਅ ਦੀ ਨਿੰਦਾ ਕੀਤੀ ਹੈ । ਉਹਨਾਂ ਮੰਗ ਕੀਤੀ ਕਿ ਪੱਤਰਕਾਰਾਂ ਖਿਲਾਫ ਕੀਤਾ ਪੁਲਿਸ ਪਰਚਾ ਰੱਦ ਕੀਤਾ ਜਾਵੇ, ਮਜ਼ਦੂਰ ਆਗੂ ਮੁਕੇਸ਼ ਮਲੌਦ ਖਿਲਾਫ ਪਰਚਾ ਰੱਦ ਕਰਕੇ ਉਸ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ।