Canada: BC ਦੇ ਮੰਤਰੀ ਜਗਰੂਪ ਬਰਾੜ ਦਾ ਪੰਜਾਬ ਵਿਧਾਨ ਸਭਾ ਪਹੁੰਚਣ 'ਤੇ ਮੁੱਖ ਮੰਤਰੀ ਸਮੇਤ ਮੰਤਰੀਆਂ ਅਤੇ ਵਿਰੋਧੀ ਧਿਰ ਦੇ MLAs ਨੇ ਵੀ ਕੀਤਾ ਨਿੱਘਾ ਸਵਾਗਤ
ਬਾਬੂਸ਼ਾਹੀ ਨੈਟਵਰਕ ਬਿਊਰੋ
ਚੰਡੀਗੜ੍ਹ, 1 ਜਨਵਰੀ 2026: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਬਨਿਟ ਮੰਤਰੀ ਅਤੇ ਸਰੀ-ਫਲੀਟਵੁੱਡ ਤੋਂ ਐਨ.ਡੀ.ਪੀ. ਵਿਧਾਇਕ ਜਗਰੂਪ ਸਿੰਘ ਬਰਾੜ ਦਾ ਬੀਤੇ ਦਿਨ ਪੰਜਾਬ ਵਿਧਾਨ ਸਭਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਨਿੱਜੀ ਦੌਰੇ ਤੇ ਆਏ ਜਗਰੂਪ ਬਰਾੜ ਨੂੰ ਜਿੱਥੇ ਮੁੱਖਮੰਤਰੀ ਭਗਵੰਤ ਮਾਨ ਨੂੰ ਜੀ ਆਇਆ ਕਿਹਾ, ਉੱਥੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਦਫ਼ਤਰ ਵਿੱਚ ਉਨ੍ਹਾਂ ਦਾ ਉਚੇਚਾ ਮਾਣ-ਸਨਮਾਨ ਕੀਤਾ।

ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਜਗਰੂਪ ਬਰਾੜ ਦਾ ਭਰਵਾਂ ਸਵਾਗਤ ਕਰਦਿਆਂ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ (B.C.) ਦੇ ਖੇਤੀਬਾੜੀ ਸਿਸਟਮ ਬਾਰੇ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ, ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਜਸਵੰਤ ਸਿੰਘ ਗੱਜਣ ਮਾਜਰਾ, ਸੀਨੀਅਰ ਕਾਂਗਰਸ MLA ਪ੍ਰਗਟ ਸਿੰਘ, ਸੀਨੀਅਰ ‘ਆਪ’ ਆਗੂ ਮਨਜੀਤ ਸਿੰਘ ਸਿੱਧੂ ਅਤੇ ਹੋਰ ਕਈ ਸਖ਼ਸ਼ੀਅਤਾਂ ਹਾਜ਼ਰ ਸਨ।

ਇਸਤੋਂ ਬਾਅਦ ਜਗਰੂਪ ਬਰਾੜ ਨੇ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਕਾਰਵਾਈ ਦੇਖੀ । ਸਪੀਕਰ ਵੱਲੋਂ ਉਨ੍ਹਾਂ ਦੀ ਸਦਨ ਵਿੱਚ ਮੌਜੂਦਗੀ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਸਾਰੇ ਮੈਂਬਰਾਂ ਨੇ ਮੇਜ਼ ਥਪ ਥਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਗਰੂਪ ਸਿੰਘ ਬਰਾੜ ਮੂਲ ਰੂਪ ਵਿੱਚ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਵਿਦੇਸ਼ੀ ਧਰਤੀ 'ਤੇ ਸਿਆਸਤ ਦੇ ਉੱਚੇ ਮੁਕਾਮ ਹਾਸਲ ਕਰਨ ਦੇ ਬਾਵਜੂਦ ਉਹ ਆਪਣੀ ਮਿੱਟੀ ਨਾਲ ਲਗਾਤਾਰ ਜੁੜੇ ਹੋਏ ਹਨ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਗਰੂਪ ਬਰਾੜ ਨੂੰ 'ਜੀ ਆਇਆਂ' ਆਖਿਆ। ਜਗਰੂਪ ਬਰਾੜ ਨੇ ਵੀ ਇਸ ਮਾਣ-ਸਤਿਕਾਰ ਲਈ ਮੁੱਖ ਮੰਤਰੀ, ਕੁਲਤਾਰ ਸਿੰਘ ਸੰਧਵਾਂ ਅਤੇ ਬਾਕੀ ਮੰਤਰੀਆਂ ਅਤੇ ਨੇਤਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।